ਪਟਿਆਲਾ, 5 ਨਵੰਬਰ (ਮਨਦੀਪ ਸਿੰਘ ਖਰੌੜ)-ਪਿਛਲੇ ਮਹੀਨੇ ਇੱਥੋਂ ਦੇ ਪਿੰਡ ਚੌਰਾ ਲਾਗੇ ਇਕ ਸੁੰਨਸਾਨ ਇਲਾਕੇ 'ਚੋਂ ਪਟਿਆਲਾ ਪੁਲਿਸ ਨੇ 117 ਪੇਟੀਆਂ ਨਕਲੀ ਸ਼ਰਾਬ ਦੀਆਂ ਫੜੀਆਂ ਸੀ | ਭਾਵੇਂ ਕਿ ਇਹ ਸ਼ਰਾਬ ਕਿਸ ਦੀ ਸੀ ਅਤੇ ਕਿੱਥੇ-ਕਿੱਥੇ ਵੇਚੀ ਜਾ ਰਹੀ ਸੀ, ਇਸ ਸੰਬੰਧੀ ਪੁਲਿਸ ਵਿਭਾਗ ਤੇ ਐਕਸਾਈਜ਼ ਕੁੱਝ ਨਹੀਂ ਦਸ ਰਿਹਾ, ਪਰ ਸੂਤਰਾਂ ਦਾ ਕਹਿਣਾ ਹੈ ਕਿ ਇਸ ਨਕਲੀ ਸ਼ਰਾਬ ਦੀਆਂ ਤਾਰਾਂ ਪੰਜਾਬ ਦੇ ਗੁਆਂਢੀ ਰਾਜਾਂ ਨਾਲ ਜੁੜੀਆਂ ਹੋਈਆਂ ਹਨ | ਇਹ ਵੀ ਪਤਾ ਲੱਗਾ ਹੈ ਕਿ ਇਹ ਸ਼ਰਾਬ ਪਟਿਆਲਾ 'ਚ ਇਕੱਠੀ ਕੀਤੀ ਜਾਂਦੀ ਸੀ ਤੇ ਅੱਗੇ ਛੋਟੇ-ਛੋਟੇ ਤਸਕਰਾਂ ਰਾਹੀਂ ਵੱਖ-ਵੱਖ ਇਲਾਕਿਆਂ 'ਚ ਭੇਜੀ ਜਾ ਰਹੀ ਸੀ ਜਿਹੜੇ ਕਿ ਜ਼ਿਆਦਾਤਰ ਦਾਣਾ ਤੇ ਸਬਜ਼ੀ ਮੰਡੀਆਂ ਦੇ ਨਾਲ ਹੋਰ ਜਿੱਥੇ ਜ਼ਿਆਦਾ ਕੰਮ ਵਾਲੇ ਇਲਾਕਿਆਂ 'ਚ ਵੇਚੀ ਜਾਂਦੀ ਸੀ | ਨਕਲੀ ਸ਼ਰਾਬ ਸਸਤੀ ਹੋਣ ਦੇ ਚੱਕਰ 'ਚ ਪੀਣ ਦੇ ਸ਼ੌਕੀਨ ਇਨ੍ਹਾਂ ਤਸਕਰਾਂ ਦੇ ਝਾਂਸੇ 'ਚ ਫਸ ਕੇ ਸ਼ਰਾਬ ਖ਼ਰੀਦ ਲੈਂਦੇ ਸੀ, ਪਰ ਉਨ੍ਹਾਂ ਨੂੰ ਇਹ ਨਹੀਂ ਪਤਾ ਸੀ ਕਿ ਇਹ ਸ਼ਰਾਬ ਉਨ੍ਹਾਂ ਦੀ ਜਾਨ ਵੀ ਲੈ ਸਕਦੀ ਹੈ | ਪਿਛਲੇ 5 ਸਾਲਾਂ ਦੌਰਾਨ ਪੰਜਾਬ ਦੇ 'ਚ ਅੰਮਿ੍ਤਸਰ ਇਲਾਕੇ 'ਚ ਮਜੀਠਾ, ਸੰਗਰੂਰ ਤੇ ਤਰਨ ਤਾਰਨ 'ਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਸੈਂਕੜੇ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ | ਇਹ ਇਕ ਬਹੁਤ ਹੀ ਸੰਵੇਦਨਸ਼ੀਲ ਮੁੱਦਾ ਹੈ ਜਿਸ 'ਤੇ ਜਲਦੀ ਕਾਰਵਾਈ ਨਾ ਕੀਤੀ ਗਈ ਤਾਂ ਕਿਸੇ ਵੇਲੇ ਵੀ ਨਕਲੀ ਸ਼ਰਾਬ ਪੀਣ ਹੋਣ ਕਾਰਨ ਕਿਸੇ ਵੇਲੇ ਵੀ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ | ਹਾਲੇ ਤੱਕ ਪੁਲਿਸ ਵਲੋਂ ਵੀ ਇਹ ਸਪਸ਼ਟ ਨਹੀਂ ਕੀਤਾ ਗਿਆ ਕਿ ਇਸ ਮਾਮਲੇ 'ਚ ਕੋਈ ਸ਼ਰਾਬ ਦੇ ਠੇਕੇਦਾਰ ਦੀ ਸ਼ਮੂਲੀਅਤ ਹੈ ਜਾਂ ਨਹੀਂ? ਐਨੀ ਵੱਡੀ ਗਿਣਤੀ 'ਚ ਸ਼ਰਾਬ ਦੀ ਤਸਕਰੀ ਛੋਟੇ-ਮੋਟੇ ਤਸਕਰ ਹੀ ਕਰ ਰਹੇ ਹਨ ਜਾਂ ਇਸ ਦੇ ਪਿੱਛੇ ਕੋਈ ਵੱਡੀ ਮਛਲੀ ਹੈ | ਸੂਤਰਾਂ ਦਾ ਕਹਿਣਾ ਹੈ ਕਿ ਇਹ ਸ਼ਰਾਬ ਕਿਸੇ ਗੁਆਂਢੀ ਰਾਜ 'ਚ ਬਣੀ ਹੈ ਅਤੇ ਪੁਲਿਸ ਨੂੰ ਸ਼ਰਾਬ ਦੀ ਨਕਲੀ ਫ਼ੈਕਟਰੀ ਹੋਣ ਦੇ ਸਬੂਤ ਵੀ ਮਿਲੇ ਹਨ, ਪਰ ਇਸ ਸੰਬੰਧੀ ਅਧਿਕਾਰਕ ਤੌਰ 'ਤੇ ਕਿਸੇ ਨੇ ਵੀ ਕੁੱਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ | ਦੱਸਣਯੋਗ ਹੈ ਕਿ ਨਕਲੀ ਸ਼ਰਾਬ ਦੀ ਕੋਈ ਡਿਗਰੀ ਨਹੀਂ ਹੁੰਦੀ ਇਸ ਦਾ ਸੇਵਨ ਕਰਨ ਵਾਲੇ ਵਿਅਕਤੀ ਨੂੰ ਇਹ ਕਿਸੇ ਵੀ ਤਰ੍ਹਾਂ ਦਾ ਸਰੀਰਕ ਨੁਕਸਾਨ ਪਹੁੰਚਾ ਸਕਦੀ ਹੈ | ਪੁਲਿਸ ਵਲੋਂ ਬਰਾਮਦ ਹੋਈ ਨਕਲੀ ਦੇਸੀ ਸ਼ਰਾਬ ਜਿਸ 'ਤੇ ਪੰਜਾਬ ਤੇ ਹਰਿਆਣਾ ਦੇ ਨਕਲੀ ਲੇਬਲ ਤੇ ਮਾਰਕਾ ਲੱਗੇ ਹੋਏ ਸੀ, ਤੋਂ ਸਾਫ਼ ਹੁੰਦਾ ਹੈ ਕਿ ਦੋਵੇਂ ਰਾਜਾਂ 'ਚ ਨਕਲੀ ਸ਼ਰਾਬ ਵਿਕ ਰਹੀ ਹੈ | ਇਸ ਕੇਸ ਦੀ ਪੜਤਾਲ ਕਰ ਰਹੇ ਸੀ. ਆਈ. ਏ. ਪਟਿਆਲਾ ਦੇ ਮੁਖੀ ਪ੍ਰਦੀਪ ਸਿੰਘ ਬਾਜਵਾ ਨੇ ਦਸਿਆ ਕਿ ਪੁਲਿਸ ਟੀਮਾਂ ਇਸ ਮਾਮਲੇ ਦੀ ਪੜਤਾਲ ਕਰਨ 'ਚ ਜੁੱਟੀਆਂ ਹੋਈਆਂ ਹਨ | ਇਸ ਕੇਸ 'ਚ ਕਈ ਅਹਿਮ ਤੱਥ ਅਤੇ ਵਿਅਕਤੀਆਂ ਦੇ ਨਾਂਅ ਸਾਹਮਣੇ ਆਏ ਹਨ ਪਰ ਜਾਂਚ ਪੂਰੀ ਹੋਣ ਤੱਕ ਉਹ ਇਸ ਕੇਸ ਬਾਰੇ ਹੋਰ ਕੁੱਝ ਨਹੀਂ ਦਸ ਸਕਦੇ | ਦੱਸਣਯੋਗ ਹੈ ਕਿ ਪਟਿਆਲਾ ਜ਼ਿਲ੍ਹੇ ਦੇ ਘਨੌਰ ਇਲਾਕੇ 'ਚ ਪਹਿਲਾਂ ਵੀ ਨਕਲੀ ਸ਼ਰਾਬ ਦੀ ਫ਼ੈਕਟਰੀ ਫੜੀ ਗਈ ਸੀ, ਪਟਿਆਲਾ ਦੇ ਇਕ ਠੇਕੇ ਨੇੜਿਉਂ ਸ਼ਰਾਬ ਦਾ ਇਕ ਟਰੱਕ ਗੁਜਰਾਤ ਨੂੰ ਭੇਜੇ ਜਾਣ ਸੰਬੰਧੀ ਵੀ ਪੁਲਿਸ ਵਲੋਂ ਕੇਸ ਦਰਜ ਕੀਤਾ ਗਿਆ ਸੀ | ਇਸ ਮਾਮਲੇ 'ਚ ਐਕਸਾਈਜ਼ ਵਿਭਾਗ ਦੇ ਕਈ ਅਫ਼ਸਰਾਂ ਦੀਆਂ ਬਦਲੀਆਂ ਵੀ ਹੋਈਆਂ ਸਨ |