ਪਟਿਆਲਾ, 5 ਨਵੰਬਰ (ਮਨਦੀਪ ਸਿੰਘ ਖਰੌੜ)-ਆਮ ਆਦਮੀ ਪਾਰਟੀ ਦੀ ਪਟਿਆਲਾ ਲੀਡਰਸ਼ਿਪ ਵਲੋਂ ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਕੇਂਦਰੀ ਮੰਤਰੀ ਬੂਟਾ ਸਿੰਘ ਬਾਰੇ ਕੀਤੀ ਟਿੱਪਣੀ ਖਿਲਾਫ਼ ਪੁਤਲਾ ਸਾੜ ਕੇ ਵਿਰੋਧ ਕੀਤਾ ਗਿਆ | ਇਸ ਮੌਕੇ ਐੱਸ. ਸੀ. ਵਿੰਗ ਦੇ ਸੂਬਾ ਸਕੱਤਰ ਤੇ ਇੰਚਾਰਜ ਮਾਲਵਾ ਜ਼ੋਨ ਈਸਟ ਅਮਰੀਕ ਸਿੰਘ ਬੰਗੜ ਨੇ ਹਾਜ਼ਰ ਵਿੰਗ ਦੇ ਅਹੁਦੇਦਾਰਾਂ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਰਾਜਾ ਵੜਿੰਗ ਨੇ ਗ਼ਲਤੀ ਦੀ ਬਜਾਏ ਜਾਤੀਵਾਦੀ ਹੰਕਾਰ ਤੋਂ ਪੈਦਾ ਹੋਇਆ ਜੁਰਮ ਕਰਾਰ ਦਿੱਤਾ | ਉਨ੍ਹਾਂ ਕਿਹਾ ਕਿ ਲੋਕਾਂ ਵਲੋਂ ਘੇਰੇ ਤੋਂ ਬਾਅਦ ਰਾਜ ਵੜਿੰਗ ਵਲੋਂ ਮੰਗੀ ਗਈ ਮੁਹਾਫੀ ਸਿਰਫ ਮੁੱਦਾ ਦਫ਼ਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ | ਆਲ ਇੰਡੀਆ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ, ਤਿੰਨ ਵਾਰ ਦੇ ਵਿਧਾਇਕ, ਕੈਬਨਿਟ ਮੰਤਰੀ ਤੇ ਮੌਜੂਦਾ ਸੰਸਦ ਮੈਂਬਰ ਹਨ | ਉਨ੍ਹਾਂ ਨੂੰ ਇਸ ਤਰ੍ਹਾਂ ਦੀਆਂ ਗੱਲਾਂ ਦੀ ਬਹੁਤ ਚੰਗੀ ਤਰ੍ਹਾਂ ਜਾਣਕਾਰੀ ਹੋਣੀ ਚਾਹੀਦੀ ਹੈ | ਇੰਨੇ ਡੂੰਘੇ ਤਜਰਬੇ ਵਾਲੇ ਵਿਅਕਤੀ ਵਲੋਂ ਕਿਸੇ ਪ੍ਰਮੁੱਖ ਸਿਆਸੀ ਸ਼ਖ਼ਸੀਅਤ ਨੂੰ ਉਸ ਦੀ ਜਾਤ ਦੇ ਆਧਾਰ 'ਤੇ ਨਿਸ਼ਾਨਾ ਬਣਾਉਣਾ ਕੋਈ ਗ਼ਲਤੀ ਨਹੀਂ ਸਗੋਂ ਇਹ ਜਾਤੀਵਾਦੀ ਹੰਕਾਰ ਤੋਂ ਪੈਦਾ ਹੋਇਆ ਅਜਿਹਾ ਅਪਰਾਧ ਹੈ, ਜਿਸ ਨੇ ਅਣਗਿਣਤ ਲੋਕਾਂ ਦੇ ਹਿਰਦਿਆਂ ਨੂੰ ਬੁਰੀ ਤਰ੍ਹਾਂ ਵਲੂੰਧਰਿਆ ਹੈ | ਉਨ੍ਹਾਂ ਅੱਗੇ ਕਿਹਾ ਕਿ ਬੂਟਾ ਸਿੰਘ ਕੋਈ ਆਮ ਵਿਅਕਤੀ ਨਹੀ ਸਗੋਂ ਉਹ ਬਹੁਤ ਪੜੇ੍ਹ ਲਿਖੇ (ਐਮ.ਏ., ਪੀ.ਐੱਚ.ਡੀ.) ਤੇ ਰਾਜਾ ਵੜਿੰਗ ਦੀ ਆਪਣੀ ਕਾਂਗਰਸ ਦਾ ਪ੍ਰਮੁੱਖ ਆਗੂ ਸਨ | ਅਜਿਹੀ ਮਹਾਨ ਸ਼ਖ਼ਸੀਅਤ ਦਾ ਉਨ੍ਹਾਂ ਦੀ ਆਪਣੀ ਪਾਰਟੀ ਦੇ ਇਕ ਜਾਤੀਵਾਦੀ ਹੰਕਾਰੀ ਆਗੂ ਵਲੋਂ ਜਾਤੀ ਆਧਾਰਿਤ ਅਪਮਾਨ ਕਰਨਾ ਬੇਹੱਦ ਮੰਦਭਾਗਾ ਹੈ | ਇਸ ਮੌਕੇ ਹਾਜ਼ਰ ਆਗੂਆਂ ਨੇ ਮੰਗ ਕੀਤੀ ਕਿ ਐਟਰੋਸਿਟੀ ਐਕਟ ਤਹਿਤ ਰਾਜਾ ਵੜਿੰਗ 'ਤੇ ਪਰਚਾ ਦਰਜ ਕੀਤਾ ਜਾਵੇ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਐੱਸ.ਸੀ.ਵਿੰਗ, ਹਲਕਾ ਕੁਆਰਡੀਨੇਟਰ ਅਵਤਾਰ ਸਿੰਘ, ਲਾਲ ਸਿੰਘ, ਜਸਪਾਲ ਸਿੰਘ ਜੱਸੀ ਮੁਖ਼ਤਿਆਰ ਸਿੰਘ ਗਿੱਲ, ਰਾਜਿੰਦਰ ਕੁਮਾਰ, ਅਮਨਦੀਪ ਜੌਲੀ, ਅਵਤਾਰ ਸਿੰਘ ਤਰਖੇੜੀ, ਤੁਰਪ ਚੰਦ ਤੇ ਹੋਰ ਵਰਕਰਾਂ ਨੇ ਸ਼ਮੂਲੀਅਤ ਕੀਤੀ |