18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

ਪਿੰਡ ਚੰਗੇਰਾ ਵਿਖੇ ਡਾਇਰੀਏ ਕਾਰਨ ਇਕ ਬਜ਼ੁਰਗ ਦੀ ਮੌਤ, ਦਰਜਨਾਂ ਬਿਮਾਰ

ਐਸ.ਡੀ.ਐਮ. ਤੇ ਸਿਹਤ ਵਿਭਾਗ ਦੇ ਅਧਿਕਾਰੀ ਪਿੰਡ ਚੰਗੇਰਾ ਵਿਖੇ ਲੀਕੇਜ਼ ਪਾਈਪਲਾਈਨ ਦਾ ਜਾਇਜ਼ਾ ਲੈਂਦੇ ਹੋਏ ਅਤੇ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਪੀੜਤ ਪਰਿਵਾਰ ਨਾਲ, (ਇਨਸੈਟ 'ਚ) ਮਿ੍ਤਕ ਸਰਬਣ ਸਿੰਘ ਦੀ ਪੁਰਾਣੀ ਤਸਵੀਰ | ਤਸਵੀਰਾਂ : ਭੁਪਿੰਦਰ ਸਿੰਘ <br/> 21-07-2025
ਬਨੂੜ, 20 ਜੁਲਾਈ (ਭੁਪਿੰਦਰ ਸਿੰਘ)-ਪਿੰਡ ਚੰਗੇਰਾ ਵਿਖੇ ਦਸਤ ਤੇ ਉਲਟੀਆਂ ਦੀ ਬਿਮਾਰੀ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਇਸੇ ਬਿਮਾਰੀ ਨਾਲ ਪੀੜਤ ਦਰਜਨ ਤੋਂ ਵੱਧ ਪਿੰਡ ਵਾਸੀ ਇਲਾਜ ਅਧੀਨ ਹਨ ਜਿਨ੍ਹਾਂ ਵਿਚੋਂ ਦੋ ਦੀ ਹਾਲਤ ਗੰਭੀਰ ਬਣੀ ਹੋਈ ਹੈ | ਮੌਤ ਦੀ ਖ਼ਬਰ ਦਾ ਪਤਾ ਲੱਗਦਿਆਂ ਪ੍ਰਸ਼ਾਸਨਿਕ ਤੇ ਸਿਹਤ ਵਿਭਾਗ ਵੀ ਹਰਕਤ ਵਿਚ ਆ ਗਿਆ ਹੈ | ਪਿੰਡ ਵਿਚ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਮਿ੍ਤਕ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਤੇ ਪੀੜਤਾਂ ਦਾ ਹਾਲ ਜਾਣਿਆ | ਉਨ੍ਹਾਂ ਵਿਧਾਇਕਾ ਦੀ ਕਾਰਗੁਜ਼ਾਰੀ 'ਤੇ ਵੀ ਸਵਾਲਿਆ ਚਿੰਨ੍ਹ ਲਾਇਆ | ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੇ ਵਾਅਦੇ ਨਾਲ ਸੱਤਾ ਹਾਸਿਲ ਕਰਨ ਵਾਲੀ 'ਆਪ' ਦੀ ਸਰਕਾਰ ਹਰ ਫ਼ਰੰਟ 'ਤੇ ਫ਼ੇਲ੍ਹ ਸਾਬਤ ਹੋ ਰਹੀ ਹੈ | ਪਿੰਡ ਦੇ ਵਸਨੀਕ ਨੰਬਰਦਾਰ ਅਵਤਾਰ ਸਿੰਘ, ਤਲਵਿੰਦਰ ਸਿੰਘ, ਨਾਹਰ ਸਿੰਘ, ਰਣਜੀਤ ਸਿੰਘ, ਸਨਦੀਪ ਸ਼ੈਲੀ, ਬਲਵਿੰਦਰ ਕੌਰ, ਸਲਿੰਦਰਜੀਤ ਕੌਰ, ਤੇਜਿੰਦਰ ਕੌਰ ਆਦਿ ਨੇ ਦੱਸਿਆ ਕਿ ਪਿਛਲੇ ਪੰਦਰਾਂ ਦਿਨਾਂ ਤੋਂ ਜਲ ਸਪਲਾਈ ਵਿਭਾਗ ਵਲੋਂ ਪਿੰਡ ਨੂੰ ਨਹਿਰੀ ਪਾਣੀ ਨਾਲ ਜੋੜਨ ਲਈ ਪਾਈਪਲਾਇਨ ਪਾਈ ਜਾ ਰਹੀ ਹੈ | ਬਰਸਾਤ ਦੇ ਦਿਨਾਂ ਵਿਚ ਸ਼ੁਰੂ ਕੀਤੀ ਪਾਈਪ ਲਾਇਨ ਜ਼ਿਆਦਾ ਬਾਰਸ਼ ਹੋਣ ਕਾਰਨ ਪੁਰਾਣੀ ਪਾਈਪ ਲਾਇਨ ਨਾਲ ਜੋੜ ਕੇ ਅੱਧ ਵਿਚਾਲੇ ਛੱਡ ਦਿੱਤੀ ਤੇ ਫਿਰ ਕੰਮ ਦੀ ਉਡੀਕ ਵਿਚ ਖੱਡੇ ਖੁੱਲੇ੍ਹ ਛੱਡੇ ਗਏ | ਜਿਸ ਕਾਰਨ ਪਿੰਡ ਵਿਚ ਉਦੋਂ ਤੋਂ ਗੰਦਾ ਪਾਣੀ ਸਪਲਾਈ ਹੋ ਰਿਹਾ ਹੈ | ਗੰਦੇ ਪਾਣੀ ਨਾਲ ਪਿੰਡ ਵਿਚ ਡਾਇਰੀਆ ਦੀ ਸ਼ਿਕਾਇਤ ਹੋਣ ਲੱਗੀ ਤੇ ਪੰਜ ਦਰਜਨ ਤੋਂ ਵੱਧ ਬੱਚੇ ਤੇ ਬਜ਼ੁਰਗ ਇਸ ਦੀ ਲਪੇਟ ਵਿਚ ਆ ਗਏ | ਜਿਨ੍ਹਾਂ ਨੂੰ ਵੱਖ-ਵੱਖ ਹਸਪਤਾਲਾਂ ਵਿਚ ਭਰਤੀ ਕਰਵਾਇਆ ਗਿਆ | ਪਿੰਡ ਵਾਸੀਆਂ ਨੇ ਦੱਸਿਆ ਕਿ ਭਾਵੇਂ ਗੰਦੇ ਪਾਣੀ ਦੀ ਸਪਲਾਈ ਸੰਬੰਧੀ ਜਨ ਸਿਹਤ ਵਿਭਾਗ ਦੇ ਸੰਬੰਧਿਤ ਐਸ.ਡੀ.ਓ. ਤੇ ਬੀ.ਡੀ.ਪੀ.ਓ. ਰਾਜਪੁਰਾ ਸਮੇਤ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਵੀ ਸ਼ਿਕਾਇਤ ਕੀਤੀ ਗਈ, ਪਰ ਕੋਈ ਕਾਰਵਾਈ ਨਹੀਂ ਹੋਈ | ਸਿੱਟੇ ਵਜੋਂ ਸਰਬਣ ਸਿੰਘ (65 ਸਾਲ) ਪੁੱਤਰ ਕਰਤਾਰ ਸਿੰਘ ਦੀ ਮੌਤ ਹੋ ਗਈ | ਦੋ ਜਣਿਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ ਜਦ ਕਿ ਅਨੇਕਾਂ ਹੋਰ ਦਸਤ ਤੇ ਉਲਟੀਆਂ ਤੋਂ ਪੀੜਤ ਹਨ ਜਿਨ੍ਹਾਂ ਦਾ ਵੱਖ-ਵੱਖ ਥਾਵਾਂ ਤੋਂ ਇਲਾਜ ਚੱਲ ਰਿਹਾ ਹੈ | ਸੂਚਨਾ ਮਿਲਦੇ ਹੀ ਸਿਹਤ ਵਿਭਾਗ ਤੇ ਪ੍ਰਸ਼ਾਸਨ ਵੀ ਹਰਕਤ ਵਿਚ ਆ ਗਿਆ | ਸਿਹਤ ਵਿਭਾਗ ਪਟਿਆਲਾ ਤੋਂ ਡਾ. ਸੁਮੀਤ ਸਿੰਘ, ਡਾ. ਦੀਵਜੋਤ ਸਿੰਘ ਤੇ ਐਸ.ਐਮ.ਓ. ਕਾਲੋਮਾਜਰਾ ਪਰਮਜੀਤ ਕੌਰ ਦੀ ਅਗਵਾਈ ਹੇਠ ਸਿਹਤ ਵਿਭਾਗ ਦੀਆਂ ਟੀਮਾਂ ਨੇ ਘਰਾਂ ਵਿਚ ਪਏ ਮਰੀਜ਼ਾਂ ਦੀ ਜਾਂਚ ਕੀਤੀ ਤੇ ਉਨ੍ਹਾਂ ਦੇ ਨਮੂਨੇ ਲਏ ਗਏ | ਇਕ ਮਰੀਜ਼ ਨੂੰ ਏ.ਪੀ. ਜੈਨ ਹਸਪਤਾਲ ਰਾਜਪੁਰਾ ਦਾਖਲ ਕਰਾਇਆ ਗਿਆ | ਘਰਾਂ ਵਿਚ ਕਲੋਰੀਨ, ਜ਼ਿੰਕ ਤੇ ਓ.ਆਰ.ਐਸ. ਆਦਿ ਦੀ ਦਵਾਈਆਂ ਵੰਡੀਆਂ ਗਈਆਂ |
ਪਿਛਲੀ ਖ਼ਬਰ ਰਾਜਿੰਦਰ ਸਿੰਘ ਚਾਨੀ ਬਣੇ ਹਿਊਮਨ ਰਾਈਟਸ ਸੇਫ਼ਟੀ ਟਰੱਸਟ ਇੰਡੀਆ ਦੇ ਸੂਬਾ ਸਲਾਹਕਾਰ ਅਗਲੀ ਖ਼ਬਰ ਸੂਬੇ 'ਚੋਂ ਨਸ਼ਾ ਖ਼ਤਮ ਕਰਨਾ ਸਾਡੀਆਂ ਨਸਲਾਂ ਦੇ ਭਵਿੱਖ ਲਈ ਜ਼ਰੂਰੀ-ਡਾ. ਬਲਬੀਰ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।