ਭਾਦਸੋਂ, 20 ਜੁਲਾਈ (ਗੁਰਬਖਸ਼ ਸਿੰਘ ਵੜੈਚ)-ਬੱਸ ਸਟੈਂਡ ਭਾਦਸੋਂ ਵਿਖੇ ਪਿੰਡ ਜਿੰਦਲਪੁਰ ਦੇ ਕੁਝ ਵਿਅਕਤੀਆਂ ਦੇ ਖ਼ਿਲਾਫ਼ ਇਕ ਵਿਅਕਤੀ ਦੁਆਰਾ ਜ਼ਹਿਰ ਖਾ ਕੇ ਆਤਮ ਹੱਤਿਆ ਮਾਮਲੇ 'ਚ ਪਿੰਡ ਵਾਸੀਆਂ ਵਲੋਂ ਰੋਸ ਧਰਨਾ ਲਗਾਇਆ ਗਿਆ | ਮਿਲੀ ਜਾਣਕਾਰੀ ਅਨੁਸਾਰ ਗੁਰਪਾਲ ਸਿੰਘ ਨੇ ਦੱਸਿਆ ਕਿ ਉਹ ਪਿੰਡ ਜਿੰਦਲਪੁਰ ਰਹਿਣ ਵਾਲਾ ਹੈ | ਉਸ ਦਾ ਵੱਡਾ ਅਪਾਹਜ ਲੜਕਾ ਗੁਰਵਿੰਦਰ ਸਿੰਘ ਕੁਆਰਾ ਸੀ ਜੋ ਕਿ ਪਿੰਡ ਬਾਬਾ ਲਾਲਾਂ ਵਾਲਾ ਪੀਰ ਦੀ ਜਗ੍ਹਾ 'ਤੇ ਪਿਛਲੇ ਕਰੀਬ 4-5 ਸਾਲ ਤੋਂ ਸੇਵਾ ਕਰਦਾ ਸੀ | ਪਿੰਡ ਦੇ ਮੋਹਤਵਰਾਂ ਅਤੇ ਹੋਰ ਲਾਲਾਂ ਵਾਲੇ ਪੀਰ ਦੇ ਨਾਲ ਲੱਗਦੀ ਜਗ੍ਹਾ ਵਿਚ ਪੁਰਾਣਾ ਢਾਹਿਆ ਹੋਇਆ ਕਮਰਾ ਦੁਬਾਰਾ ਬਣਾਉਣਾ ਚਾਹੁੰਦੇ ਸਨ ਪਰ ਗੁਰਵਿੰਦਰ ਸਿੰਘ ਉਸ ਜਗ੍ਹਾ ਪਰ ਕਮਰਾ ਬਣਾਉਣ ਦਾ ਪਿਛਲੇ ਕਾਫੀ ਦਿਨਾਂ ਦਾ ਵਿਰੋਧ ਕਰਦਾ ਸੀ ਕਿਉਂਕਿ ਪਿੰਡ ਦੀ ਪਹਿਲੀ ਪੰਚਾਇਤ ਨੇ ਬਾਬਾ ਲਾਲਾਂ ਵਾਲੇ ਪੀਰ ਲਈ ਇਹ ਜਗ੍ਹਾ ਛੱਡੀ ਹੋਈ ਸੀ | 13 ਨੂੰ ਕਰੀਬ 9 ਵਜੇ ਉਕਤ ਜਗ੍ਹਾ ਦੇ ਨਾਲ ਕਮਰਾ ਬਣਾਉਣ ਲਈ ਸਾਡੇ ਪਿੰਡ ਦੇ ਕੁਝ ਵਿਅਕਤੀਆਂ ਨੇ ਗੁਰਵਿੰਦਰ ਸਿੰਘ ਨਾਲ ਹੱਥੋਪਾਈ ਕੀਤੀ ਤੇ ਮੇਰੇ ਲੜਕੇ ਗੁਰਵਿੰਦਰ ਸਿੰਘ ਦੇ ਥੱਪੜ ਵੀ ਮਾਰੇ ਜਿਸ ਤੋਂ ਬੇਇੱਜ਼ਤੀ ਮਹਿਸੂਸ ਕਰਦੇ ਹੋਏ ਉਕਤਾਨ ਵਿਅਕਤੀਆਂ ਤੋਂ ਡਰਦੇ ਮਾਰੇ ਉਸ ਨੇ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ ਉਪਰੰਤ ਉਸ ਨੂੰ ਇਲਾਜ ਲਈ ਜੀਵਨ ਹਸਪਤਾਲ ਪਟਿਆਲਾ ਲਿਜਾਇਆ ਗਿਆ ਪਰ ਉਸ ਦੀ ਉੱਥੇ ਮੌਤ ਹੋ ਗਈ | ਇਸ ਸੰਬੰਧੀ ਅਸੀਂ ਥਾਣਾ ਭਾਦਸੋਂ ਵਿਖੇ ਦਰਖਾਸਤ ਦਿੱਤੀ ਪਰ ਪੁਲਿਸ ਵਲੋਂ ਕੋਈ ਕਰਵਾਈ ਨਹੀ ਕੀਤੀ ਜਿਸ ਕਰਕੇ ਰੋਸ ਧਰਨਾ ਲਗਾਇਆ ਗਿਆ | ਇਸ ਧਰਨੇ 'ਚ ਸਾਬਕਾ ਸਰਪੰਚ ਗੁਰਦੀਪ ਸਿੰਘ, ਸਰਪੰਚ ਦਰਸ਼ਨ ਸਿੰਘ ਮੈਣ, ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਮੱਖਣ ਸਿੰਘ ਲਾਲਕਾ, ਸ਼ਹਿਰੀ ਪ੍ਰਧਾਨ ਬਲਵਿੰਦਰ ਸਿੰਘ ਧਾਰਨੀ ਨੇ ਸੰਬੋਧਨ ਕਰਦੇ ਹੋਏ ਮੌਜੂਦਾ ਸਰਕਾਰ ਨੂੰ ਘੇਰਿਆ ਅਤੇ ਜੰਮ ਕੇ ਨਾਅਰੇਬਾਜ਼ੀ ਕੀਤੀ | ਉਨ੍ਹਾਂ ਮੁਕੱਦਮਾ ਦਰਜ ਕਰਨ ਦੀ ਮੰਗ ਕਰਦੇ ਹੋਏ ਧਰਨਾ ਜਾਰੀ ਰੱਖਿਆ | ਅਖੀਰ ਅੱਜ ਦੂਜੇ ਦਿਨ ਥਾਣਾ ਭਾਦਸੋਂ ਪੁਲਿਸ ਵਲੋਂ ਕਾਰਵਾਈ ਕਰਨ ਦਾ ਭਰੋਸਾ ਦੇਣ ਤੋਂ ਬਾਅਦ ਧਰਨਾ ਚੁੱਕਿਆ ਗਿਆ | ਥਾਣਾ ਭਾਦਸੋਂ ਦੇ ਮੁਖੀ ਇੰਸਪੈਕਟਰ ਗੁਰਪ੍ਰੀਤ ਸਿੰਘ ਹਾਂਡਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਮਿ੍ਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾ ਦੇ ਆਧਾਰ 'ਤੇ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |