ਪਟਿਆਲਾ, 18 ਜੁਲਾਈ (ਮਨਦੀਪ ਸਿੰਘ ਖਰੌੜ)-ਬੀਤੀ 9 ਜੁਲਾਈ ਨੂੰ ਭੇਦਭਰੇ ਹਾਲਾਤ 'ਚ ਲਾਪਤਾ ਹੋਏ ਏ.ਆਈ.ਜੀ. ਦੇ ਗੰਨਮੈਨ ਸਤਿੰਦਰ ਸਿੰਘ ਦੇ ਮਹਾਰਾਸ਼ਟਰ 'ਚ ਹੋਣ ਸੰਬੰਧੀ ਸੂਤਰਾਂ ਨੇ ਦੱਸਿਆ ਹੈ, ਫਿਲਹਾਲ ਇਸ ਸੰਬੰਧੀ ਕਿਸੇ ਵੀ ਪੁਲਿਸ ਅਧਿਕਾਰੀ ਨੇ ਪੁਸ਼ਟੀ ਨਹੀਂ ਕੀਤੀ | ਸੂਤਰਾਂ ਦਾ ਕਹਿਣਾ ਹੈ ਕਿ ਗੰਨਮੈਨ ਸਤਿੰਦਰ ਸਿੰਘ ਮਹਾਰਾਸ਼ਟਰ 'ਚ ਹੋਣ ਸੰਬੰਧੀ ਪੁਲਿਸ ਨੂੰ ਪਤਾ ਲੱਗਾ ਹੈ ਕਿ ਤੇ ਪੁਲਿਸ ਦੀਆਂ ਟੀਮਾਂ ਉਸ ਨੂੰ ਲੈਣ ਲਈ ਉੱਥੇ ਰਵਾਨਾ ਵੀ ਹੋ ਗਈਆਂ ਹਨ | ਇਸ ਸੰਬੰਧੀ ਜਦੋਂ ਸੀਨੀਅਰ ਅਧਿਕਾਰੀਆਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨਾਲ ਰਾਬਤਾ ਨਹੀਂ ਹੋ ਸਕਿਆ | ਹਾਲੇ ਤਕ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਸਤਿੰਦਰ ਸਿੰਘ, ਮਹਾਰਾਸ਼ਟਰ 'ਚ ਕਿਥੇ ਹੈ ਤੇ ਉਸ ਦੇ ਉੱਥੇ ਹੋਣ ਸੰਬੰਧੀ ਪੁਲਿਸ ਨੂੰ ਕਿਵੇਂ ਪਤਾ ਲੱਗਾ? ਦੱਸਣਯੋਗ ਹੈ ਕਿ 9 ਜੁਲਾਈ ਨੂੰ ਏ.ਆਈ.ਜੀ. ਇੰਟੈਲੀਜੈਂਸ ਸੰਦੀਪ ਗਰਗ ਦੇ ਗੰਨਮੈਨ ਸਤਿੰਦਰ ਸਿੰਘ ਦੀ ਸਮਾਣਾ ਸੜਕ 'ਤੇ ਪਿੰਡ ਭਾਨਰਾ ਲਾਗੇ ਕਾਰ ਮਿਲੀ ਸੀ ਤੇ ਬਾਅਦ 'ਚ ਥਾਣਾ ਪਸਿਆਣਾ ਦੀ ਪੁਲਿਸ ਨੇ ਇਸ ਮਾਮਲੇ 'ਚ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਅਗਵਾ ਦਾ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਸੀ |