ਪਟਿਆਲਾ, 18 ਜੁਲਾਈ (ਅਮਰਬੀਰ ਸਿੰਘ ਆਹਲੂਵਾਲੀਆ)-ਸਫ਼ਾਈ ਪੱਖੋਂ ਪਛੜਦਾ ਪਟਿਆਲਾ ਅੱਜ ਸਵੱਛ ਸਰਵੇਖਣ 2024-25 ਵਿਚ 82ਵੇਂ ਸਥਾਨ 'ਤੇ ਜਾ ਪਹੁੰਚਿਆ ਹੈ | ਕੁਝ ਕੁ ਸਾਲ ਪਹਿਲਾਂ ਇਹ ਸ਼ਹਿਰ ਪਹਿਲੇ 4 ਸਥਾਨਾਂ ਵਿਚ ਆਪਣਾ ਸਥਾਨ ਪੱਕਾ ਕਰ ਲੈਣ ਵਿਚ ਕਾਮਯਾਬ ਰਹਿੰਦਾ ਸੀ, ਹੁਣ ਇਸ ਦਾ ਖਿਸਕ ਕੇ ਕਾਫ਼ੀ ਹੇਠਾਂ ਆ ਜਾਣਾ ਜਿੱਥੇ ਸੰਬੰਧਿਤ ਵਿਭਾਗ ਲਈ ਨਮੋਸ਼ੀਜਨਕ ਹੈ ਉੱਥੇ ਹੀ ਸੜਿਆਂਧ ਮਾਰਦਾ ਵਾਤਾਵਰਨ ਨਾਗਰਿਕਾਂ ਦੀ ਸਿਹਤ ਲਈ ਵੀ ਕਿਸੇ ਪਾਸਿਉਂ ਠੀਕ ਨਹੀਂ ਕਿਹਾ ਜਾ ਸਕਦਾ | ਇੱਥੇ ਸਾਫ਼ ਪਾਣੀ ਲੋਕਾਂ ਦੇ ਘਰਾਂ ਤੱਕ ਪਹੁੰਚਾਉਣ ਦੇ ਮਾਮਲੇ ਵਿਚ ਜ਼ਰੂਰ ਤਸੱਲੀਬਖ਼ਸ਼ ਕੰਮ ਕੀਤਾ ਗਿਆ ਹੈ ਪਰ ਰਹਿੰਦ-ਖੂੰਹਦ ਨੂੰ ਪ੍ਰੋਸੈੱਸ ਕਰਨ ਦੇ ਮਾਮਲੇ ਵਿਚ ਸਭ ਤੋਂ ਫਾਡੀ ਰਿਹਾ | ਸਰਵੇਖਣ ਦਸਦੇ ਨੇ ਕਿ ਦੇਸ਼ ਭਰ ਵਿਚੋਂ 76ਵਾਂ ਸਥਾਨ ਹਾਸਲ ਕਰਨ ਵਾਲਾ ਪਟਿਆਲਾ ਨਗਰ ਨਿਗਮ ਨੂੰ ਘਰ-ਘਰ ਤੋਂ ਕੂੜਾ ਚੁੱਕਣ ਲਈ 40 ਫ਼ੀਸਦੀ, ਗਿੱਲਾ ਅਤੇ ਸੁੱਕਾ ਕੂੜਾ ਵੱਖ-ਵੱਖ ਕਰਨ ਦੇ ਲਈ 27 ਫ਼ੀਸਦੀ, ਰਹਿੰਦ-ਖੂੰਹਦ ਨੂੰ ਖਾਦ ਬਣਾਉਣ ਦੇ ਮਾਮਲੇ ਵਿਚ 17 ਫ਼ੀਸਦੀ, ਬਾਜ਼ਾਰਾਂ ਵਿਚੋਂ ਸਫ਼ਾਈ ਕਰਨ ਲਈ 92 ਫ਼ੀਸਦੀ, ਸਾਫ਼ ਪਾਣੀ ਲੋਕਾਂ ਦੇ ਘਰਾਂ ਤੱਕ ਪਹੁੰਚਾਉਣ ਲਈ 100 ਫ਼ੀਸਦੀ, ਅਤੇ ਜਨਤਕ ਪਖਾਨਿਆਂ ਦੀ ਸਫ਼ਾਈ ਲਈ 75 ਫ਼ੀਸਦੀ ਅੰਕ ਹਾਸਲ ਹੋਏ | ਇਸ ਤੋਂ ਇਲਾਵਾ ਸ਼ਹਿਰ ਵਿਚ ਸਫ਼ਾਈ ਦੇ ਮੰਦੇ ਹਾਲ ਭਾਵ ਬਣਾਏ ਗਏ ਡੰਪਾਂ ਤੇ ਜਿਉਂ ਦਾ ਤਿਉਂ ਪਏ ਕੂੜੇ ਦੇ ਢੇਰਾਂ ਨੇ ਸੂਬੇ ਅੰਦਰ ਇਸ ਨੂੰ 82ਵੇਂ ਸਥਾਨ 'ਤੇ ਲਿਜਾ ਡੇਗਿਆ | ਇਸ ਤੋਂ ਇਲਾਵਾ ਜ਼ਿਲ੍ਹੇ ਦੇ ਬਾਕੀ ਕਸਬਿਆਂ ਆਦਿ ਦੀ ਸਥਿੱਤੀ ਵੀ ਕੋਈ ਬਹੁਤੀ ਚੰਗੀ ਨਹੀਂ ਸਿਵਾਏ ਸਨੌਰ ਅਤੇ ਸਮਾਣਾ ਦੇ ਜਿਸ ਨੂੰ ਸੂਬੇ 'ਚੋਂ ਪੰਜਵਾਂ ਤੇ ਛੇਵਾਂ ਸਥਾਨ ਮਿਲਿਆ | ਬਨੂੜ 28ਵੇਂ, ਪਾਤੜਾਂ 84ਵੇਂ, ਰਾਜਪੁਰਾ 105ਵੇਂ, ਘੱਗਾ 120ਵੇਂ ਤੇ ਨਾਭਾ ਨੇ 138ਵਾਂ ਸਥਾਨ ਹਾਸਲ ਕੀਤਾ ਹੈ | ਇਸ ਸੰਬੰਧੀ ਮੇਅਰ ਕੁੰਦਨ ਗੋਗੀਆ ਨਾਲ ਗਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਅੰਕੜੇ ਉਨ੍ਹਾਂ ਦੇ ਆਉਣ ਤੋਂ ਪਹਿਲਾਂ ਦੇ ਹਨ, ਹੁਣ ਨਗਰ ਨਿਗਮ ਦੀ ਟੀਮ ਜਿਸ ਵਿਚ ਕਮਿਸ਼ਨਰ, ਕੌਂਸਲਰ ਅਤੇ ਕਰਮਚਾਰੀ ਸ਼ਾਮਿਲ ਹਨ, ਵਲੋਂ ਬੜੇ ਹੀ ਵਿਉਂਤਬੱਧ ਤਰੀਕੇ ਨਾਲ ਸਫ਼ਾਈ ਮੁਹਿੰਮ ਆਰੰਭੀ ਗਈ ਹੈ ਜਿਸ ਲਈ ਜਗ੍ਹਾ-ਜਗ੍ਹਾ ਤੋਂ ਕੂੜਾ ਚੁੱਕਣ ਲਈ ਹੋਰ ਮਸ਼ੀਨਰੀ ਵੀ ਖਰੀਦੀ ਜਾ ਰਹੀ ਹੈ | ਆਉਣ ਵਾਲੇ ਸਮੇਂ 'ਚ ਪਟਿਆਲਾ ਵਾਸੀਆਂ ਨੂੰ ਸਫ਼ਾਈ ਪੱਖੋਂ ਕਿਸੇ ਕਿਸਮ ਦੀ ਸ਼ਿਕਾਇਤ ਨਹੀਂ ਆਵੇਗੀ | ਉਨ੍ਹਾਂ ਦਾਅਵਾ ਕੀਤਾ ਕਿ ਅਗਲੇ ਇਕ ਸਾਲ ਦੌਰਾਨ ਸਫ਼ਾਈ ਮਾਮਲੇ 'ਚ ਪਟਿਆਲਾ ਨੂੰ ਪਹਿਲੇ 10 ਸਥਾਨਾਂ 'ਚ ਲਿਆਂਦਾ ਜਾਵੇਗਾ ਤੇ ਅਗਲੇ ਸਾਲਾਂ ਦੌਰਾਨ ਇਹ ਰੈਂਕ ਪਹਿਲੇ ਦੋ ਸਥਾਨਾਂ 'ਤੇ ਰਹਿਆ ਕਰੇਗਾ |