ਨਾਭਾ, 18 ਜੁਲਾਈ (ਜਗਨਾਰ ਸਿੰਘ ਦੁਲੱਦੀ)-ਅੱਜ ਤੜਕਸਾਰ ਨਾਭਾ ਵਿਖੇ ਬਣੇ ਰੇਲਵੇ ਓਵਰਬਿ੍ਜ ਉੱਪਰ ਵਾਪਰੇ ਭਿਆਨਕ ਸੜਕ ਹਾਦਸੇ ਦੌਰਾਨ ਇਕ ਨੌਜਵਾਨ ਦੀ ਮੌਤ ਅਤੇ ਤਿੰਨ ਵਿਅਕਤੀਆਂ ਦੇ ਗੰਭੀਰ ਜ਼ਖਮੀ ਹੋਣ ਦੀ ਜਾਣਕਾਰੀ ਮਿਲੀ ਹੈ | ਇਕੱਤਰ ਕੀਤੀ ਜਾਣਕਾਰੀ ਅਨੁਸਾਰ ਰੇਲਵੇ ਓਵਰਬਿ੍ਜ ਉੱਪਰ ਦੋ ਮੋਟਰਸਾਈਕਲਾਂ ਦੀ ਆਪਸ ਵਿਚ ਟੱਕਰ ਹੋ ਗਈ ਜਿਸ ਦੌਰਾਨ ਇਕ ਵਿਅਕਤੀ ਰੇਲਵੇ ਓਵਰਬਿ੍ਜ ਤੋਂ ਕਰੀਬ 70 ਫੁੱਟ ਹੇਠਾਂ ਧਰਤੀ 'ਤੇ ਆ ਡਿੱਗਿਆ ਜਿਸ ਨੂੰ ਰਾਹਗੀਰਾਂ ਵਲੋਂ ਤੁਰੰਤ ਸਥਾਨਕ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਡਾਕਟਰਾਂ ਵਲੋਂ ਉਸ ਨੂੰ ਮਿ੍ਤਕ ਐਲਾਨ ਦਿੱਤਾ ਗਿਆ ਜਦੋਂ ਕਿ ਇਸ ਸੜਕ ਹਾਦਸੇ ਦੌਰਾਨ ਜ਼ਖਮੀ ਹੋਏ ਤਿੰਨ ਵਿਅਕਤੀਆਂ ਜਿਨ੍ਹਾਂ ਵਿਚ ਇਕ ਔਰਤ ਵੀ ਸ਼ਾਮਿਲ ਹੈ, ਦੋ ਨੌਜਵਾਨਾਂ ਦੀ ਗੰਭੀਰ ਹਾਲਤ ਨੂੰ ਵੇਖਦੇ ਹੋਏ ਡਾਕਟਰਾਂ ਵਲੋਂ ਪਟਿਆਲਾ ਰੈਫ਼ਰ ਕਰ ਦਿੱਤਾ ਗਿਆ ਹੈ | ਪ੍ਰਤੱਖਦਰਸ਼ੀਆਂ ਨੇ ਦੱਸਿਆ ਕਿ ਇਕ ਮੋਟਰਸਾਈਕਲ 'ਤੇ ਸਵਾਰ ਮਾਂ ਪੁੱਤ ਜਾ ਰਹੇ ਸਨ ਤੇ ਇਕ ਮੋਟਰਸਾਈਕਲ 'ਤੇ ਦੋ ਨੌਜਵਾਨ ਜੋ ਕਿ ਫ਼ੈਕਟਰੀ ਵਿਚ ਕੰਮ ਕਰਦੇ ਹਨ ਉਹ ਆਪਣੀ ਰਾਤ ਦੀ ਡਿਊਟੀ ਪੂਰੀ ਕਰਕੇ ਘਰ ਨੂੰ ਵਾਪਸ ਜਾ ਰਹੇ ਸਨ ਤਾਂ ਰੇਲਵੇ ਓਵਰਬਿ੍ਜ 'ਤੇ ਹਾਦਸਾ ਵਾਪਰ ਗਿਆ | ਪਟਿਆਲਾ ਰੈਫ਼ਰ ਕੀਤੇ ਜ਼ਖਮੀ ਨੌਜਵਾਨ ਦੇ ਦੋਸਤ ਨੇ ਕਿਹਾ ਕਿ ਜਦੋਂ ਇਹ ਹਾਦਸਾ ਵਾਪਰਿਆ ਤਾਂ ਅਸੀਂ ਤੁਰੰਤ ਹੀ 108 ਐਂਬੂਲੈਂਸ ਨੂੰ ਫ਼ੋਨ ਕੀਤਾ ਪਰ ਕਿਸੇ ਨੇ ਸਾਡਾ ਫ਼ੋਨ ਨਹੀਂ ਚੁੱਕਿਆ | ਉਨ੍ਹਾਂ ਕਿਹਾ ਕਿ ਨਾਭਾ ਦੇ ਸਰਕਾਰੀ ਹਸਪਤਾਲ ਵਿਚ ਦੋ ਐਂਬੂਲੈਂਸਾਂ ਖੜ੍ਹੀਆਂ ਹਨ ਪਰ ਇਨ੍ਹਾਂ ਐਂਬੂਲੈਂਸਾਂ ਦਾ ਕੋਈ ਫ਼ਾਇਦਾ ਜਦੋਂ ਮੌਕੇ 'ਤੇ ਇਨ੍ਹਾਂ ਨੇ ਕਿਸੇ ਜ਼ਖਮੀ ਵਿਅਕਤੀ ਦੀ ਮਦਦ ਹੀ ਨਹੀਂ ਕਰਨੀ | ਗੰਭੀਰ ਜ਼ਖਮੀ ਨੌਜਵਾਨ ਮਨੀ ਨੇ ਕਿਹਾ ਕਿ ਮੈਂ ਆਪਣੀ ਮਾਤਾ ਨੂੰ ਫੋਕਲ ਪੁਆਇੰਟ ਵਿਖੇ ਕੰਮ 'ਤੇ ਛੱਡਣ ਲਈ ਜਾ ਰਿਹਾ ਸੀ ਤਾਂ ਰਸਤੇ ਵਿਚ ਮੇਰੀਆਂ ਅੱਖਾਂ ਦੇ ਸਾਹਮਣੇ ਹਨੇਰਾ ਆ ਗਿਆ ਮੈਨੂੰ ਨਹੀਂ ਪਤਾ ਲੱਗਿਆ ਕਿ ਇਹ ਹਾਦਸਾ ਕਿਵੇਂ ਵਾਪਰਿਆ ਹੈ | ਮੌਕੇ 'ਤੇ ਖੜ੍ਹੇ ਪ੍ਰਤੱਖਦਰਸੀ ਨੇ ਕਿਹਾ ਕਿ ਇਹ ਹਾਦਸਾ ਬਹੁਤ ਹੀ ਭਿਆਨਕ ਸੀ ਉਨ੍ਹਾਂ ਕਿਹਾ ਕਿ ਮੌਕੇ 'ਤੇ ਕੋਈ ਵੀ ਐਂਬੂਲੈਂਸ ਨਹੀਂ ਪਹੁੰਚੀ ਜਿਸ ਕਰਕੇ ਅਸੀਂ ਤਾਂ ਪ੍ਰਸ਼ਾਸਨ ਤੋਂ ਇਹੋ ਮੰਗ ਕਰਦੇ ਆ ਕਿ ਰੇਲਵੇ ਓਵਰਬਿ੍ਜ ਦੇ ਆਲੇ ਦੁਆਲੇ ਦੋਵੇਂ ਪਾਸੇ ਲੋਹੇ ਦੀਆਂ ਜਾਲੀਆਂ ਲਗਾਈਆਂ ਜਾਣ ਤਾਂ ਜੋ ਅੱਗੇ ਤੋਂ ਇਸ ਤਰ੍ਹਾਂ ਦਾ ਹਾਦਸਾ ਮੁੜ ਕੇ ਨਾ ਵਾਪਰੇ | ਮੌਕੇ 'ਤੇ ਪਹੁੰਚੇ ਕੋਤਵਾਲੀ ਪੁਲਿਸ ਦੇ ਸਹਾਇਕ ਥਾਣੇਦਾਰ ਚਮਕੌਰ ਸਿੰਘ ਨੇ ਕਿਹਾ ਕਿ ਇਸ ਹਾਦਸੇ ਦੇ ਵਿਚ ਇਕ ਨੌਜਵਾਨ ਦੀ ਮੌਤ ਹੋ ਗਈ ਹੈ ਅਤੇ ਤਿੰਨ ਵਿਅਕਤੀ ਜ਼ਖਮੀ ਹੋਏ ਹਨ, ਜਿਨ੍ਹਾਂ ਵਿਚੋਂ 2 ਜ਼ਖਮੀ ਵਿਅਕਤੀਆਂ ਨੂੰ ਡਾਕਟਰਾਂ ਵਲੋਂ ਪਟਿਆਲਾ ਰੈਫ਼ਰ ਕਰ ਦਿੱਤਾ ਗਿਆ ਹੈ ਅਤੇ ਇਕ ਔਰਤ ਸਥਾਨਕ ਸਰਕਾਰੀ ਹਸਪਤਾਲ ਦੇ ਵਿਚ ਇਲਾਜ ਅਧੀਨ ਹੈ | ਉਨ੍ਹਾਂ ਕਿਹਾ ਕਿ ਪੁਲਿਸ ਵਲੋਂ ਇਸ ਹਾਦਸੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ |