ਸਮਾਣਾ, 17 ਜੁਲਾਈ (ਪ੍ਰੀਤਮ ਸਿੰਘ ਨਾਗੀ)-ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਕਲਰਕ ਸਤੀਸ਼ ਕੁਮਾਰ ਸੈਣੀ ਦੇ ਖ਼ੁਦਕੁਸ਼ੀ ਮਾਮਲੇ ਵਿਚ ਨਾਮਜ਼ਦ ਕਥਿਤ ਦੋਸ਼ੀਆਂ ਦੀ ਗਿ੍ਫ਼ਤਾਰੀ ਦੀ ਮੰਗ ਨੂੰ ਲੈ ਕੇ ਸੈਣੀ ਦੇ ਪਰਿਵਾਰਕ ਮੈਂਬਰਾਂ ਨੇ ਸਮਾਣਾ-ਪਟਿਆਲਾ ਸੜਕ 'ਤੇ ਧਰਨਾ ਲਗਾਇਆ ਅਤੇ ਸੜਕ ਜਾਮ ਕੀਤੀ | ਇਸ ਧਰਨੇ ਵਿਚ ਪੰਥਕ ਅਕਾਲੀ ਲਹਿਰ ਦੇ ਆਗੂ ਭਾਈ ਰਜਿੰਦਰ ਸਿੰਘ ਫਤਹਿਗੜ੍ਹ ਛੰਨਾਂ, ਭਾਈ ਸਰੂਪ ਸਿੰਘ ਸੰਧਾ, ਅਕਾਲੀ ਸੁਧਾਰ ਲਹਿਰ ਦੇ ਆਗੂ ਮਨਜਿੰਦਰ ਸਿੰਘ ਰਾਣਾ ਸੇਖੋਂ, ਅਮਰਜੀਤ ਸਿੰਘ ਗੁਰਾਇਆ ਅਤੇ ਸ਼ਿਵ ਸੈਨਾ ਦੇ ਆਗੂ ਪ੍ਰਵੀਨ ਸ਼ਰਮਾ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਵੱਖ-ਵੱਖ ਬੁਲਾਰਿਆਂ ਨੇ ਆਖਿਆ ਕਿ ਲੰਮਾ ਸਮਾਂ ਬੀਤ ਜਾਣ ਦੇ ਬਾਵਜੂਦ ਕੇਸ ਵਿਚ ਨਾਮਜ਼ਦ ਕਥਿਤ ਦੋਸ਼ੀਆਂ ਨੂੰ ਗਿ੍ਫ਼ਤਾਰ ਨਹੀਂ ਕੀਤਾ ਗਿਆ | ਖ਼ੁਦਕੁਸ਼ੀ ਨੋਟ ਸਣੇ ਸਾਰੇ ਸਬੂਤ ਪੁਲਿਸ ਕੋਲ ਮੌਜੂਦ ਹਨ ਪਰ ਪੁਲਿਸ ਕਥਿਤ ਦੋਸ਼ੀਆਂ ਤੱਕ ਪਹੁੰਚ ਕਰਨ 'ਚ ਅਸਫਲ ਸਿੱਧ ਹੋ ਰਹੀ ਹੈ | ਧਰਨੇ ਨੂੰ ਸੜਕ ਤੋਂ ਹਟਾਉਣ ਲਈ ਤਹਿਸੀਦਾਰ ਸਮਾਣਾ ਸਰਵੇਸ਼ ਰਾਜਨ ਨੇ ਕੋਸ਼ਿਸ਼ ਕੀਤੀ ਪਰ ਉਹ ਸਫਲ ਨਹੀਂ ਹੋਏ | ਪੁਲਿਸ ਉਪ-ਕਪਤਾਨ ਸਮਾਣਾ ਫਤਿਹ ਸਿੰਘ ਬਰਾੜ ਅਤੇ ਥਾਣਾ ਸ਼ਹਿਰੀ ਸਮਾਣਾ ਦੇ ਮੁਖੀ ਇੰਸਪੈਕਟਰ ਜਸਪ੍ਰੀਤ ਸਿੰਘ ਨੇ ਧਰਨਾਕਾਰੀਆਂ ਨਾਲ ਲੰਮਾ ਸਮਾਂ ਗੱਲਬਾਤ ਕੀਤੀ ਅਤੇ ਮਾਮਲੇ ਦੇ ਕਥਿਤ ਦੋਸ਼ੀਆਂ ਨੂੰ ਜਲਦੀ ਗਿ੍ਫ਼ਤਾਰ ਕਰਨ ਦਾ ਭਰੋਸਾ ਦਿੱਤਾ ਪਰ ਧਰਨਾਕਾਰੀ ਸਮਾਂ ਨਿਸ਼ਚਿਤ ਕਰਨ ਦੀ ਮੰਗ 'ਤੇ ਅੜੇ ਰਹੇ | ਧਰਨਾ ਬਾਅਦ ਦੁਪਹਿਰ 2 ਵਜੇ ਲਗਾਇਆ ਗਿਆ ਜੋ ਖ਼ਬਰ ਲਿਖੇ ਜਾਣ ਤੱਕ ਰਾਤ 8.45 ਤੱਕ ਜਾਰੀ ਸੀ | ਪੁਲਿਸ ਉਪ ਕਪਤਾਨ ਸ. ਬਰਾੜ ਅਤੇ ਇੰਸਪੈਕਟਰ ਜਸਪ੍ਰੀਤ ਸਿੰਘ ਦੀ ਮਿ੍ਤਕ ਦੇ ਪਰਿਵਾਰਕ ਮੈਂਬਰਾਂ ਅਤੇ ਵੱਖ-ਵੱਖ ਆਗੂਆਂ ਨਾਲ ਗੱਲਬਾਤ ਜਾਰੀ ਸੀ | ਸਮਾਣਾ-ਪਟਿਆਲਾ ਸੜਕ 'ਤੇ ਜਾਮ ਲੱਗਣ ਨਾਲ ਦੋਨਾਂ ਪਾਸਿਆਂ 'ਤੇ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ |