ਪਾਤੜਾਂ, 17 ਜੁਲਾਈ (ਗੁਰਇਕਬਾਲ ਸਿੰਘ ਖ਼ਾਲਸਾ)-ਪਾਤੜਾਂ ਵਿਖੇ ਕਰੰਟ ਨਾਲ ਇਕੋ ਪਰਿਵਾਰ ਦੀਆਂ ਤਿੰਨ ਨਾਬਾਲਗ ਲੜਕੀਆਂ ਦੇ ਹੋਏ ਦਿਹਾਂਤ ਤੋਂ ਬਾਅਦ ਅੱਜ ਉਨ੍ਹਾਂ ਨੂੰ ਸਪੁਰਦ-ਏ-ਖਾਕ ਕਰ ਦਿੱਤਾ ਗਿਆ | ਉਕਤ ਨਾਬਾਲਗ ਲੜਕੀਆਂ ਨੂੰ ਦਫ਼ਨਾਉਣ ਮੌਕੇ ਮਾਹੌਲ ਕਾਫੀ ਭਾਵਕ ਹੋ ਗਿਆ | ਇਸ ਮੌਕੇ ਇੱਥੇ ਹਲਕਾ ਸ਼ੁਤਰਾਣਾ ਦੇ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਦੇ ਲੜਕੇ ਗੁਰਮੀਤ ਸਿੰਘ ਵਿੱਕੀ, ਐੱਸ.ਡੀ.ਐਮ. ਪਾਤੜਾਂ ਅਸ਼ੋਕ ਕੁਮਾਰ, ਯੂਥ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰ ਦਵਿੰਦਰ ਸਿੰਘ ਸਿੱਧੂ, ਸਾਬਕਾ ਸ਼ਹਿਰੀ ਪ੍ਰਧਾਨ ਗੋਬਿੰਦ ਸਿੰਘ ਵਿਰਦੀ, ਭਗਤ ਸਿੰਘ ਧਾਮੀ, ਸੁਖਦੇਵ ਸਿੰਘ ਬੈਲਜੀਅਮ, ਦਿਲਬਰ ਖਾਨ ਬਾਦਸ਼ਾਹਪੁਰ ਪ੍ਰਧਾਨ ਜ਼ਿਲ੍ਹਾ ਪਟਿਆਲਾ, ਸ਼ਹਿਰੀ ਪ੍ਰਧਾਨ ਮਿੱਠੂ ਖਾਨ ਪਾਤੜਾਂ, ਇਮਾਮ ਕਾਰੀ ਫੁਰਕਾਨ ਸਾਹਿਬ, ਜਗਦੇਵ ਸਿੰਘ ਸਰਪੰਚ ਸਮੇਤ ਇਲਾਕੇ ਵਿਚੋਂ ਵੱਡੀ ਗਿਣਤੀ ਵਿਚ ਲੋਕਾਂ ਨੇ ਪਹੁੰਚ ਕੇ ਕਰੰਟ ਨਾਲ ਮਰੀਆਂ ਤਿੰਨੋ ਨਾਬਾਲਗ ਲੜਕੀਆਂ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ | ਇਸ ਮੌਕੇ ਸਮਾਜ ਸੇਵੀ ਸੁਖਦੇਵ ਸਿੰਘ ਬੈਲਜੀਅਮ ਅਤੇ ਯੂਥ ਆਗੂ ਦਵਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਇਸ ਦਰਦਨਾਕ ਘਟਨਾ ਨਾਲ ਸਮੁੱਚਾ ਇਲਾਕਾ ਸੋਗ ਵਿਚ ਹੈ | ਉਨ੍ਹਾਂ ਕਿਹਾ ਕਿ ਉਹ ਅਤੇ ਸਮੁੱਚੇ ਇਲਾਕੇ ਦੇ ਲੋਕ ਇਸ ਦੁੱਖ ਦੀ ਘੜੀ ਵਿਚ ਪਰਿਵਾਰ ਦੇ ਨਾਲ ਖੜ੍ਹੇ ਹਨ ਅਤੇ ਹਰ ਸਹਿਯੋਗ ਦੇਣ ਲਈ ਤਿਆਰ ਹਨ |