ਸਨੌਰ, 17 ਜੁਲਾਈ (ਮੋਹਣ ਸਿੰਘ ਭੱਟੀ)-ਜਿੱਥੇ ਇੱਕ ਪਾਸੇ ਸਨੌਰ ਇਲਾਕੇ 'ਚ ਨਸ਼ੇ ਦੇ ਵਿਰੁੱਧ ਯੁੱਧ ਪੱਧਰੀ ਮੁਹਿੰਮ ਚਲਾਈ ਜਾ ਰਹੀ ਹੈ, ਉੱਥੇ ਦੂਜੇ ਪਾਸੇ ਨਸ਼ੇ ਦੀ ਲਤ ਇਕ ਪਰਿਵਾਰ ਲਈ ਨਰਕ ਸਾਬਤ ਹੋ ਰਹੀ ਹੈ | ਹਲਕਾ ਸਨੌਰ ਦੇ ਪਿੰਡ ਨਗਰ ਵਿਚ ਇਕ ਨਸ਼ੇੜੀ ਵਿਅਕਤੀ ਬਲਵੀਰ ਸਿੰਘ ਸੋਢੀ ਵਲੋਂ ਆਪਣੀ ਹੀ ਰਿਹਾਇਸ਼ ਨੂੰ ਅੱਗ ਲਗਾ ਦੇਣ ਦਾ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ | ਸੂਚਨਾ ਅਨੁਸਾਰ ਬੀਤੀ ਰਾਤ ਲਗਭਗ 2 ਵਜੇ ਬਲਵੀਰ ਸਿੰਘ ਨੇ ਪਹਿਲਾਂ ਆਪਣੀ ਪਤਨੀ ਸੁਨੀਤਾ ਦੇਵੀ ਅਤੇ 3 ਬੱਚਿਆਂ (ਦੋ ਕੁੜੀਆਂ ਤੇ ਇੱਕ ਮੁੰਡਾ) ਨੂੰ ਕੁੱਟ ਕੇ ਘਰੋਂ ਕੱਢ ਦਿੱਤਾ ਅਤੇ ਉਸ ਤੋਂ ਬਾਅਦ ਆਪਣੇ ਹੀ ਘਰ ਨੂੰ ਅੱਗ ਲਾ ਦਿੱਤੀ | ਮੌਕੇ 'ਤੇ ਪਹੁੰਚੀ ਫਾਇਰ ਬਿ੍ਗੇਡ ਨੇ ਵੱਡੀ ਮਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ ਪਰ ਉਦੋਂ ਤੱਕ ਤਕਰੀਬਨ ਸਾਰਾ ਘਰੇਲੂ ਸਮਾਨ ਪੂਰੀ ਤਰ੍ਹਾਂ ਨਾਲ ਸੜ ਕੇ ਸੁਆਹ ਹੋ ਗਿਆ ਸੀ | ਸੁਨੀਤਾ ਦੇਵੀ ਨੇ ਦੱਸਿਆ ਕਿ ਉਹ ਇਕ ਗਰੀਬ ਪਰਿਵਾਰ ਨਾਲ ਸੰਬੰਧਿਤ ਹੈ ਅਤੇ ਉਸ ਦਾ ਪਤੀ ਲੰਮੇ ਸਮੇਂ ਤੋਂ ਨਸ਼ੇ ਦਾ ਆਦੀ ਹੈ | ਇਸ ਤੋਂ ਪਹਿਲਾਂ ਵੀ ਉਹ ਦੋ ਵਾਰੀ ਘਰ ਨੂੰ ਅੱਗ ਲਾ ਚੁੱਕਾ ਹੈ, ਪਰ ਕੋਈ ਸਖ਼ਤ ਕਾਨੂੰਨੀ ਕਾਰਵਾਈ ਨਾ ਹੋਣ ਕਾਰਨ ਉਸ ਦੇ ਹੌਸਲੇ ਹੋਰ ਵਧ ਗਏ ਹਨ | ਇਸ ਵਾਰ ਦੀ ਘਟਨਾ 'ਚ ਘਰ ਦੇ ਕਣਕ, ਰਾਸ਼ਨ, ਕਪੜੇ, ਅਧਾਰ ਕਾਰਡ, ਬੱਚਿਆਂ ਦੇ ਸਰਟੀਫਿਕੇਟ, ਬੈਂਕ ਦੀ ਕਾਪੀ, ਕੁਝ ਨਕਦ ਰਕਮ ਅਤੇ ਘਰ ਦੀ ਪੇਟੀ ਸਭ ਕੁਝ ਪੂਰੀ ਤਰ੍ਹਾਂ ਨਾਲ ਸੜ ਗਿਆ | ਸੁਨੀਤਾ ਨੇ ਪ੍ਰਸ਼ਾਸਨ ਤੋਂ ਮਦਦ ਦੀ ਅਪੀਲ ਕਰਦਿਆਂ ਕਿਹਾ ਕਿ ਉਸ ਦੇ ਪਤੀ ਤੋਂ ਉਸ ਦੀ ਅਤੇ ਉਸ ਦੇ ਬੱਚਿਆਂ ਦੀ ਜਾਨ ਨੂੰ ਖ਼ਤਰਾ ਹੈ ਅਤੇ ਬਲਵੀਰ ਸਿੰਘ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ ਅਤੇ ਉਸ ਦੀ ਮਾਲੀ ਸਹਾਇਤਾ ਕੀਤੀ ਜਾਵੇ | ਪਿੰਡ ਦੇ ਸਰਪੰਚ ਜਰਨੈਲ ਸਿੰਘ ਨੇ ਵੀ ਪੁਸ਼ਟੀ ਕੀਤੀ ਕਿ ਬਲਵੀਰ ਸਿੰਘ ਇਸ ਤੋਂ ਪਹਿਲਾਂ ਵੀ ਅਜਿਹੀ ਘਟਨਾ ਕਰ ਚੁੱਕਾ ਹੈ, ਜਿਸ ਦੌਰਾਨ ਪਿੰਡ ਵਾਸੀਆਂ ਅਤੇ ਰਿਸ਼ਤੇਦਾਰਾਂ ਨੇ ਪਰਿਵਾਰ ਦੀ ਮਦਦ ਕੀਤੀ ਸੀ | ਉਨ੍ਹਾਂ ਨੇ ਕਿਹਾ ਕਿ ਘਰ ਦੇ ਨੇੜਲੇ ਇਲਾਕੇ 'ਚ ਗੈਸ ਸਿਲੰਡਰ ਵੀ ਮੌਜੂਦ ਸਨ, ਜੇਕਰ ਅੱਗ ਫੈਲ ਜਾਂਦੀ ਤਾਂ ਇਹ ਹਾਦਸਾ ਵੱਡਾ ਰੂਪ ਧਾਰ ਸਕਦਾ ਸੀ | ਖ਼ਬਰ ਲਿਖੇ ਜਾਣ ਤੱਕ ਦੋਸ਼ੀ ਬਲਵੀਰ ਸਿੰਘ ਸੋਢੀ ਮੌਕੇ ਤੋਂ ਫ਼ਰਾਰ ਸੀ | ਇਸ ਸੰਬੰਧੀ ਜਦੋਂ ਥਾਣਾ ਮੁਖੀ ਇੰਸਪੈਕਟਰ ਕੁਲਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਹੈ ਪਰ ਅਜੇ ਸ਼ਾਮ ਤੱਕ ਕੋਈ ਵੀ ਵਿਅਕਤੀ ਸ਼ਿਕਾਇਤ ਲਿਖਵਾਉਣ ਨਹੀਂ ਆਇਆ | ਬਲਬੀਰ ਸਿੰਘ ਦੇ ਨਸ਼ੇੜੀ ਵਿਅਕਤੀ ਹੋਣ ਸੰਬੰਧੀ ਉਨ੍ਹਾਂ ਕਿਹਾ ਕਿ ਅਜਿਹਾ ਤਾਂ ਉਹ ਡੋਪ ਟੈੱਸਟ ਕਰਵਾਉਣ ਉਪਰੰਤ ਹੀ ਆਖ ਸਕਦੇ ਹਨ |