ਨਾਭਾ, 16 ਜੁਲਾਈ (ਜਗਨਾਰ ਸਿੰਘ ਦੁਲੱਦੀ)-ਥਾਣਾ ਕੋਤਵਾਲੀ ਪੁਲਿਸ ਨਾਭਾ ਵਲੋਂ ਜਿੰਦਾ ਕਾਰਤੂਸ ਮਿਲਣ ਤੇ ਅਣਪਛਾਤੇ ਵਿਅਕਤੀਆਂ ਦੇ ਖ਼ਿਲਾਫ਼ ਕੇਸ ਦਰਜ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਥਾਣਾ ਕੋਤਵਾਲੀ ਮੁਖੀ ਇੰਸਪੈਕਟਰ ਸਰਬਜੀਤ ਸਿੰਘ ਚੀਮਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਹਾਇਕ ਥਾਣੇਦਾਰ ਬਲਵਿੰਦਰ ਸਿੰਘ ਵਲੋਂ ਸਮੇਤ ਪੁਲਿਸ ਪਾਰਟੀ ਸਥਾਨਕ ਜੇਲ੍ਹ ਰੋਡ ਵਿਖੇ ਨਾਕਾ ਲਗਾਇਆ ਹੋਇਆ ਸੀ ਤਾਂ ਮੁਖ਼ਬਰ ਖ਼ਾਸ ਦੀ ਇਤਲਾਹ ਮਿਲੀ ਕਿ ਬੀੜ ਜੰਗਲੀ ਜੀਵ ਸੈਂਚਰੀ ਦੇ ਨਜ਼ਦੀਕ 5 ਦੇ ਕਰੀਬ ਜਿੰਦਾ ਕਾਰਤੂਸ ਪਏ ਹਨ ਤਾਂ ਪੁਲਿਸ ਪਾਰਟੀ ਨੇ ਮੌਕੇ 'ਤੇ ਪਹੁੰਚ ਕੇ ਜ਼ਮੀਨ ਪੁੱਟ ਕੇ ਦੇਖਿਆ ਤਾਂ ਕੁਲ 478 ਜਿੰਦਾ ਕਾਰਤੂਸ ਪਲਾਸਟਿਕ ਦੇ ਥੈਲੇ ਵਿਚ ਮਿੱਟੀ ਹੇਠ ਦੱਬੇ ਹੋਏ ਸਨ | ਥਾਣਾ ਮੁਖੀ ਚੀਮਾ ਨੇ ਦੱਸਿਆ ਕਿ ਅਸੀਂ ਇਨ੍ਹਾਂ ਬਰਾਮਦ ਹੋਏ ਕਾਰਤੂਸਾਂ ਨੂੰ ਲੈਬ ਵਿਚ ਭੇਜ ਕੇ ਇਸ ਮਸਲੇ ਦੀ ਡੁੰਘਾਈ ਜਾਂਚ ਕਰਾਂਗੇ ਕਿ ਇਹ ਜਿੰਦਾ ਕਾਰਤੂਸ ਕਿਸ ਮਸ਼ੀਨ ਗੰਨ ਜਾਂ ਫਿਰ ਕਿਸ ਅਸਾਲਟ ਦੇ ਹਨ | ਉਨ੍ਹਾਂ ਕਿਹਾ ਕਿ ਜਿੰਦਾ ਕਾਰਤੂਸ ਇਸ ਤਰ੍ਹਾਂ ਲੱਗਦੇ ਹਨ ਜਿਵੇਂ ਲੰਮੇ ਸਮੇਂ ਤੋਂ ਮਿੱਟੀ ਦੇ ਵਿਚ ਦਬਾਏ ਪਏ ਹੋਣ | ਕੋਤਵਾਲੀ ਮੁਖੀ ਨੇ ਕਿਹਾ ਕਿ ਕੋਤਵਾਲੀ ਪੁਲਿਸ ਵਲੋਂ ਇਸ ਮਾਮਲੇ ਸੰਬੰਧੀ ਆਰਮਸ ਐਕਟ ਦੇ ਤਹਿਤ ਅਣਪਛਾਤੇ ਵਿਅਕਤੀਆਂ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਆਰੰਭ ਦਿੱਤੀ ਗਈ ਹੈ |