ਬਨੂੜ, 15 ਜੁਲਾਈ (ਭੁਪਿੰਦਰ ਸਿੰਘ)-ਪਿੰਡ ਚੰਗੇਰਾ ਦੇ ਸਮਾਜ ਸੇਵੀ ਸੁਖਦੇਵ ਸਿੰਘ ਚੰਗੇਰਾ ਦਾ ਪੋਤਰਾ, ਰਵਿੰਦਰ ਸਿੰਘ ਅਤੇ ਗੁਰਪ੍ਰੀਤ ਕੌਰ ਦਾ ਸਪੁੱਤਰ ਹਰਕੁੰਵਰ ਸਿੰਘ 19 ਸਾਲ ਪੰਜਾਬ ਦਾ ਅਜਿਹਾ ਪਹਿਲਾ ਖਿਡਾਰੀ ਬਣ ਗਿਆ ਹੈ ਜਿਹੜਾ ਕਿ ਜਰਮਨੀ ਦੇ ਰਾਈਨ-ਰੁਹਨ ਸ਼ਹਿਰ ਵਿਚ ਹੋ ਰਹੀਆਂ ਵਿਸ਼ਵ ਯੂਨੀਵਰਸਿਟੀ ਖੇਡਾਂ ਵਿਚ ਟੇਬਲ ਟੈਨਿਸ ਖੇਡ ਵਿਚ ਭਾਗ ਲਵੇਗਾ | ਇਹ ਖੇਡਾਂ 16 ਤੋਂ 27 ਜੁਲਾਈ ਤੱਕ ਹੋ ਰਹੀਆਂ ਹਨ ਅਤੇ ਹਰਕੁੰਵਰ ਸਿੰਘ ਸਮੇਤ ਭਾਰਤੀ ਲੜਕਿਆਂ ਦੀ ਚਾਰ ਮੈਂਬਰੀ ਟੀਮ ਜਰਮਨੀ ਲਈ ਰਵਾਨਾ ਹੋ ਗਈ ਹੈ | ਇਸ ਤੋਂ ਪਹਿਲਾਂ ਪੰਜਾਬ ਦਾ ਕੋਈ ਵੀ ਖਿਡਾਰੀ ਹਾਲੇ ਤੱਕ ਟੇਬਲ ਟੈਨਿਸ ਵਿਚ ਵਿਸ਼ਵ ਯੂਨੀਵਰਸਿਟੀ ਖੇਡਾਂ ਵਿਚ ਸ਼ਮੂਲੀਅਤ ਨਹੀਂ ਕਰ ਸਕਿਆ ਹੈ | ਉਹ ਲੁਧਿਆਣਾ ਦੀ ਸੀਟੀ ਯੂਨੀਵਰਸਿਟੀ ਦੀ ਬੀ. ਏ. ਭਾਗ ਪਹਿਲਾ ਦਾ ਵਿਦਿਆਰਥੀ ਹੈ | ਸੰਬੰਧਿਤ ਖੇਡਾਂ ਵਿਚ ਹਿੱਸਾ ਲੈਣ ਗਈ ਭਾਰਤ ਦੀ ਟੀਮ ਦੀ ਚੋਣ ਉੜੀਸਾ ਵਿਖੇ ਹੋਏ ਕੌਮੀ ਪੱਧਰ ਦੇ ਟਰਾਇਲਾਂ ਦੇ ਆਧਾਰ 'ਤੇ ਕੀਤੀ ਗਈ ਹੈ | ਹਰਕੁੰਵਰ ਸਿੰਘ ਦੇ ਪਰਿਵਾਰਕ ਮੈਂਬਰਾਂ ਨੂੰ ਉਮੀਦ ਹੈ ਕਿ ਉਹ ਬਿਹਤਰ ਪ੍ਰਦਰਸ਼ਨ ਕਰਕੇ ਸ਼ਾਨਦਾਰ ਨਤੀਜਾ ਲੈ ਕੇ ਆਵੇਗਾ ਅਤੇ ਪੰਜਾਬ ਤੇ ਭਾਰਤ ਦਾ ਨਾਂਅ ਰੌਸ਼ਨ ਕਰੇਗਾ | ਪਿਛਲੇ ਦੋ ਸਾਲਾਂ ਤੋਂ ਟੇਬਲ ਟੈਨਿਸ ਦੇ ਭਾਰਤੀ ਟੀਮ ਦੇ ਕੋਚ ਆਰ. ਰਜੇਸ਼ ਕੋਲ ਚੇਨਈ ਵਿਚ ਕੋਚਿੰਗ ਲੈ ਰਿਹਾ ਹਰਕੁੰਵਰ ਸਿੰਘ ਇਸ ਤੋਂ ਪਹਿਲਾਂ ਟੇਬਲ ਟੈਨਿਸ ਵਿਚ ਅੰਡਰ-17 ਅਤੇ ਅੰਡਰ-19 ਖੇਡਾਂ ਵਿਚ ਪੰਜਾਬ ਚੈਂਪੀਅਨ ਹੈ, ਪੁਰਸ਼ਾਂ ਦੇ ਮੁਕਾਬਲੇ ਵਿਚ ਵੀ ਉਹ ਅੱਵਲ ਰਿਹਾ ਹੈ | ਤਾਸ਼ਕੰਦ ਰੂਸ ਵਿਖੇ ਹੋਏ ਵਿਸ਼ਵ ਪੱਧਰੀ ਮੁਕਾਬਲਿਆਂ ਵਿਚ ਉਹ ਵਿਸ਼ਵ ਪੱਧਰ ਦੇ ਪਹਿਲੇ 16 ਸਥਾਨਾਂ ਵਿਚ ਸ਼ੁਮਾਰ ਹੈ | ਉਹ ਭਾਰਤ ਦੇ 20 ਚੋਟੀ ਦੇ ਖਿਡਾਰੀਆਂ ਦੀ ਸੂਚੀ ਵਿਚ ਵੀ ਸ਼ਾਮਿਲ ਹੈ |