ਪਟਿਆਲਾ, 15 ਜੁਲਾਈ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਦੇ ਮਾਈ ਭਾਗੋ ਹੋਸਟਲ ਵਿਚ ਰੋਟਰੀ ਕਲੱਬ ਪਟਿਆਲਾ ਵਲੋਂ 'ਵਾਟਰ ਕੂਲਰ ਕਮ ਫ਼ਿਲਟਰ' ਮੁਹੱਈਆ ਕਰਵਾਇਆ ਗਿਆ ਹੈ | ਯੂਨੀਵਰਸਿਟੀ ਦੇ ਐੱਨ.ਐੱਸ. ਐੱਸ. ਵਿਭਾਗ ਦੇ ਪ੍ਰੋਗਰਾਮ ਕੋਆਰਡੀਨੇਟਰ ਡਾ. ਅਨਹਦ ਸਿੰਘ ਗਿੱਲ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰੋਟਰੀ ਕਲੱਬ ਵਲੋਂ ਐੱਨ.ਐੱਸ.ਐੱਸ. ਵਿਭਾਗ ਰਾਹੀਂ ਇਹ ਵਾਟਰ ਕੂਲਰ ਹੋਸਟਲ ਨੂੰ ਦਿੱਤਾ ਗਿਆ | ਉਨ੍ਹਾਂ ਦੱਸਿਆ ਕਿ ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਹੋਸਟਲ ਵਿਚ ਇਸ ਵਾਟਰ ਕੂਲਰ ਦਾ ਉਦਘਾਟਨ ਕੀਤਾ ਤੇ ਕਿਹਾ ਕਿ ਇਹ ਇਕ ਚੰਗਾ ਉਪਰਾਲਾ ਹੈ | ਉਨ੍ਹਾਂ ਕਿਹਾ ਕਿ ਇਸ ਉਪਰਾਲੇ ਦੀ ਬਦੌਲਤ ਹੋਸਟਲ ਦੀਆਂ ਕੁੜੀਆਂ ਨੂੰ ਸਾਫ਼ ਅਤੇ ਠੰਢਾ ਪਾਣੀ ਪੀਣ ਨੂੰ ਮਿਲੇਗਾ | ਉਨ੍ਹਾਂ ਕਿਹਾ ਕਿ ਤੰਦਰੁਸਤੀ ਦੇ ਲਿਹਾਜ਼ ਨਾਲ ਸਾਫ਼ ਪਾਣੀ ਦੀ ਬਹੁਤ ਜ਼ਿਆਦਾ ਅਹਿਮੀਅਤ ਹੁੰਦੀ ਹੈ | ਰੋਟਰੀ ਕਲੱਬ ਪਟਿਆਲਾ ਦੇ ਪ੍ਰਧਾਨ ਡਾ. ਬੀ.ਐੱਲ. ਭਾਰਦਵਾਜ ਨੇ ਕਲੱਬ ਦੀਆਂ ਉਪਲਬਧੀਆਂ ਬਾਰੇ ਜਾਣਕਾਰੀ ਦਿੱਤੀ | ਇਸ ਮੌਕੇ ਡੀਨ ਵਿਦਿਆਰਥੀ ਭਲਾਈ ਡਾ. ਮੋਨਿਕਾ ਚਾਵਲਾ, ਪ੍ਰੋਵੋਸਟ ਡਾ. ਇੰਦਰਜੀਤ ਸਿੰਘ ਚਹਿਲ, ਰੋਟਰੀ ਕਲੱਬ ਤੋਂ ਡਾ. ਗੁਰਚਰਨ ਸਿੰਘ ਅਤੇ ਹੋਰ ਮੈਂਬਰ ਵੀ ਸ਼ਾਮਿਲ ਹੋਏ | ਐੱਨ.ਐੱਸ.ਐੱਸ. ਪ੍ਰੋਗਰਾਮ ਅਫ਼ਸਰ ਡਾ. ਸੰਦੀਪ ਸਿੰਘ, ਡਾ. ਸਿਮਰਨਜੀਤ ਸਿੰਘ ਅਤੇ ਡਾ. ਅਭਿਨਵ ਭੰਡਾਰੀ ਮੌਜੂਦ ਸਨ |