ਡੀ. ਸੀ. ਵਲੋਂ ਸੇਵਾ ਕੇਂਦਰਾਂ 'ਚ ਪ੍ਰਦਾਨ ਕੀਤੀਆਂ ਜਾ ਰਹੀਆਂ ਟਰਾਂਸਪੋਰਟ ਵਿਭਾਗ ਦੀਆਂ ਸੇਵਾਵਾਂ ਦਾ ਜਾਇਜ਼ਾ
ਅਜੀਤ ਡੈਸਕ
16-07-2025
ਡਿਪਟੀ ਕਮਿਸ਼ਨਰ ਨੇ ਸੂਬੇ ਦੇ ਮੁੱਖ ਸਕੱਤਰ ਕੇ.ਏ.ਪੀ. ਸਿਨਹਾ ਵਲੋਂ ਇਨ੍ਹਾਂ ਸੇਵਾਵਾਂ ਤੇ ਸੇਵਾ ਕੇਂਦਰਾਂ 'ਚ ਪ੍ਰਦਾਨ ਕੀਤੀ ਜਾ ਰਹੀਆਂ ਸੇਵਾਵਾਂ ਬਾਬਤ ਕੀਤੀ ਵੀਡੀਓ ਕਾਨਫਰੰਸਿੰਗ ਰਾਹੀਂ ਪ੍ਰਾਪਤ ਹਦਾਇਤਾਂ ਤੋਂ ਸਬੰਧਤ ਅਧਿਕਾਰੀਆਂ ਨੂੰ ਜਾਣੂ ਕਰਵਾਉਂਦਿਆਂ ਨਿਰਦੇਸ਼ ਦਿੱਤੇ ਕਿ ਲੋਕਾਂ ਨੂੰ ਸਰਕਾਰੀ ਦਫ਼ਤਰਾਂ ਵਿਚ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਨਹੀਂ ਆਉਣੀ ਚਾਹੀਦੀ | ਉਨ੍ਹਾਂ ਦੱਸਿਆ ਕਿ ਇਸੇ ਮਕਸਦ ਲਈ ਪੰਜਾਬ ਸਰਕਾਰ ਨੇ ਟਰਾਂਸਪੋਰਟ ਵਿਭਾਗ ਦੀਆਂ 30 ਸੇਵਾਵਾਂ ਹੁਣ ਸਿੱਧੇ ਤੌਰ 'ਤੇ ਘਰ ਬੈਠੇ 1076 ਨੰਬਰ ਰਾਹੀਂ ਜਾਂ ਫੇਰ ਸੇਵਾ ਕੇਂਦਰਾਂ ਰਾਹੀਂ ਉਪਲੱਬਧ ਕਰਵਾ ਦਿੱਤੀਆਂ ਹਨ ਅਤੇ ਈ-ਗਵਰਨੈਂਸ ਵਿਚ ਲਗਾਤਾਰ ਤੇਜ਼ੀ ਨਾਲ ਕੰਮ ਕਰਦੇ ਹੋਏ ਸੇਵਾ ਕੇਂਦਰਾਂ ਵਲੋਂ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਵਿਚ ਵਾਧਾ ਕੀਤਾ ਜਾ ਰਿਹਾ ਹੈ, ਜਿਸ ਨਾਲ ਲੋਕਾਂ ਦਾ ਕੀਮਤੀ ਸਮਾਂ ਬਚੇਗਾ ਅਤੇ ਕੰਮ ਵੀ ਪੂਰੀ ਪਾਰਦਰਸ਼ਤਾ ਨਾਲ ਹੋਣਗੇ¢ ਇਸ ਮੌਕੇ ਮੌਜੂਦ ਆਰ.ਟੀ.ਓ. ਬਬਨਦੀਪ ਸਿੰਘ ਵਾਲੀਆ ਨੇ ਦੱਸਿਆ ਕਿ ਅੱਜ ਤਿੰਨ ਹੋਰ ਸੇਵਾਵਾਂ ਲਾਈਵ ਕੀਤੀਆਂ ਗਈਆਂ ਹਨ, ਜਿਸ ਨਾਲ ਹੁਣ ਇਹ ਸੇਵਾਵਾਂ 30 ਹੋ ਗਈਆਂ ਹਨ ਜਿਸ 'ਚ ਵਾਹਨ ਪੋਰਟਲ ਰਾਹੀਂ ਵਹੀਕਲ ਆਰਸੀ ਵਿਚ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਵਿਚ ਤਬਦੀਲੀ ਅਤੇ ਹਾਇਰ-ਪ੍ਰਚੇਜ ਐਗਰੀਮੈਂਟ ਦੀ ਟਰਮੀਨੇਸ਼ਨ ਸਮੇਤ ਸਾਰਥੀ ਪੋਰਟਲ ਰਾਹੀਂ ਇੰਟਰਨੈਸ਼ਨਲ ਡਰਾਇਵਿੰਗ ਪਰਮਿਟ ਲੈਣ ਲਈ ਵੀ ਹੁਣ ਸੇਵਾ ਕੇਂਦਰਾਂ ਵਿਚ ਪਹੁੰਚ ਕੀਤੀ ਜਾ ਸਕਦੀ ਹੈ | ਉਨ੍ਹਾਂ ਦੱਸਿਆ ਕਿ ਲੋਕਾਂ ਨੂੰ ਅਪੀਲ ਹੈ ਕਿ ਉਹ ਕਿਸੇ ਵੀ ਤੀਜੀ ਧਿਰ ਦੀ ਲੁੱਟ ਖਸੁੱਟ ਤੋਂ ਬਚਣ ਲਈ ਸਿੱਧਾ ਸੇਵਾ ਕੇਂਦਰਾਂ ਨਾਲ ਹੀ ਸੰਪਰਕ ਕਰਨ | ਆਰ. ਟੀ. ਓ. ਵਾਲੀਆ ਨੇ ਇਹ ਵੀ ਸਪੱਸ਼ਟ ਕੀਤਾ ਕਿ ਤਕਨੀਕੀ ਕਾਰਨਾਂ ਕਰਕੇ ਆਰ.ਸੀ. ਤੇ ਲਾਇਸੈਂਸ ਦੀ ਕਾਪੀ ਡਲਿਵਰ ਨਹੀਂ ਹੋ ਰਹੀ ਜਿਸ ਕਰਕੇ ਲੋਕ ਡਿਜੀਲਾਕਰ ਦੀ ਵਰਤੋਂ ਕਰਕੇ ਆਪਣੇ ਲਾਇਸੈਂਸ ਤੇ ਆਰ.ਸੀ. ਡਾਉਨਲੋਡ ਕਰ ਸਕਦੇ ਹਨ ਤੇ ਇਹ ਪੂਰੀ ਤਰ੍ਹਾਂ ਵੈਲਿਡ ਡਾਕੂਮੈਂਟ ਹੈ | ਉਨ੍ਹਾਂ ਦੱਸਿਆ ਕਿ ਲੋਕ ਡਰਾਈਵਿੰਗ ਲਾਇਸੰਸ ਨਾਲ ਸੰਬੰਧਿਤ ਸੇਵਾਵਾਂ ਲਰਨਰ ਲਾਇਸੰਸ ਲਈ ਅਰਜ਼ੀ, ਪਤਾ ਬਦਲਣਾ, ਨਾਂ ਬਦਲਣਾ, ਨਕਲ ਜਾਰੀ, ਡਰਾਈਵਿੰਗ ਲਾਇਸੰਸ ਨਵਿਆਉਣਾ (ਟੈਸਟ ਦੀ ਲੋੜ ਨਹੀਂ), ਡਰਾਈਵਿੰਗ ਲਾਇਸੰਸ ਦੀ ਬਦਲੀ, ਪਤਾ ਬਦਲਣਾ, ਨਾਂ ਬਦਲਣਾ, ਜਨਮ ਮਿਤੀ ਬਦਲਣਾ, ਡਿਟੇਲ ਪ੍ਰਾਪਤੀ, ਵਾਹਨ ਸ਼੍ਰੇਣੀ ਛੱਡਣੀ, ਡਰਾਈਵਰ ਲਈ ਪਬਲਿਕ ਸਰਵਿਸ ਵਾਹਨ ਬੈਜ, ਕੰਡਕਟਰ ਲਾਇਸੰਸ ਨਵਿਆਉਣਾ, ਲਰਨਰ ਲਾਇਸੰਸ ਦੀ ਮਿਆਦ ਵਧਾਉਣਾ ਦੀਆਂ ਸੇਵਾਵਾਂ ਸੇਵਾ ਕੇਂਦਰਾਂ ਤੋਂ ਲੈ ਸਕਦੇ ਹਨ | ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਆਰ.ਸੀ ਨਾਲ ਸਬੰਧਿਤ ਸੇਵਾਵਾਂ ਜਿਸ ਵਿੱਚ ਰਜਿਸਟ੍ਰੇਸ਼ਨ ਸਰਟੀਫਿਕੇਟ ਦੀ ਨਕਲ ਲਈ ਅਰਜ਼ੀ, ਆਰ.ਸੀ ਲਈ ਐਨ.ਓ.ਸੀ. ਦੀ ਅਰਜ਼ੀ, ਆਰ.ਸੀ. ਵਿੱਚ ਪਤਾ ਬਦਲਣਾ, ਫ਼ੀਸ ਦੇ ਕੇ ਆਰ.ਸੀ. ਡੀਟੇਲ ਵੇਖਣਾ, ਵਾਹਨ ਦੀ ਟਰਾਂਸਫ਼ਰ ਆਫ਼ ਆਨਰਸ਼ਿਪ (ਨਾਨ ਟਰਾਂਸਪੋਰਟ), ਮਾਲਕੀ ਤਬਦੀਲੀ ਮਾਮਲੇ ਵਿੱਚ ਲਾਈਫ਼ ਟਾਈਮ ਟੈਕਸ ਦੀ ਅਦਾਇਗੀ, ਹਾਇਰ ਪਰਚੇਜ ਐਗਰੀਮੈਂਟ ਦੀ ਐਂਡੋਰਸਮੈਂਟ, ਮੋਬਾਈਲ ਨੰਬਰ ਅੱਪਡੇਟ ਕਰਵਾਉਣਾ, ਫਿਟਨੈੱਸ ਸਰਟੀਫਿਕੇਟ ਦੀ ਨਕਲ, ਕਮਰਸ਼ੀਅਲ ਵਾਹਨਾਂ ਲਈ ਫਿਟਨੈੱਸ ਸਰਟੀਫਿਕੇਟ ਆਦਿ ਸੇਵਾਵਾਂ ਉਪਲੱਬਧ ਹਨ¢