ਅਜਨਾਲਾ, 20 ਨਵੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਨਿਊ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਤਹਿਸੀਲ ਅਜਨਾਲਾ ਦੀ ਅਹਿਮ ਮੀਟਿੰਗ ਬਲਾਕ ਪ੍ਰਧਾਨ ਇਕਬਾਲ ਸਿੰਘ ਬੱਬਾ ਚੇਤਨਪੁਰਾ ਅਤੇ ਜਨਰਲ ਸਕੱਤਰ ਜੋਗਿੰਦਰ ਮਸੀਹ ਦੀ ਅਗਵਾਈ ਹੇਠ ਹੋਈ, ਜਿਸ ਵਿਚ ਐਸੋਸੀਏਸ਼ਨ ਦੇ ਸੂਬਾ ਐਕਟਿੰਗ ਪ੍ਰਧਾਨ ਡਾ: ਮਹਿੰਦਰ ਸਿੰਘ ਸੋਹਲ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਇਸ ਦੌਰਾਨ ਇਕੱਤਰ ਆਰ. ਐੱਮ. ਪੀ. ਡਾਕਟਰਾਂ ਨੇ ਸ਼ਿਰਕਤ ਕਰਦਿਆਂ ਆਪਣੀਆਂ ਮੰਗਾਂ ਅਤੇ ਮੁਸ਼ਕਿਲਾਂ ਸੰਬੰਧੀ ਖੁੱਲ੍ਹ ਕੇ ਵਿਚਾਰ ਵਟਾਂਦਰਾ ਕੀਤਾ ਗਿਆ | ਇਸ ਮੌਕੇ ਪ੍ਰਧਾਨ ਡਾ: ਮਹਿੰਦਰ ਸਿੰਘ ਸੋਹਲ ਨੇ ਦੱਸਿਆ ਕਿ ਆਪਣੀ ਹੱਕੀ ਤੇ ਜਾਇਜ਼ ਮੰਗਾਂ ਦੇ ਹੱਲ ਲਈ ਆਰ. ਐੱਮ. ਪੀ. ਡਾਕਟਰ ਦਰ ਦਰ ਦੀਆਂ ਠੋਕਰਾਂ ਖਾ ਰਹੇ ਹਨ ਪਰ ਪਿਛਲੀਆਂ ਸਰਕਾਰਾਂ ਵਾਂਗ ਸੂਬੇ ਦੀ ਮੌਜੂਦਾ ਸਰਕਾਰ ਵਲੋਂ ਵੀ ਉਨ੍ਹਾਂ ਦੀਆਂ ਮੰਗਾਂ ਮੰਨ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ | ਉਨ੍ਹਾਂ ਸਰਕਾਰ ਕੋਲੋਂ ਮੰਗ ਕੀਤੀ ਕਿ 1963 ਤੋਂ ਬੰਦ ਪਈ ਰਜਿਸਟ੍ਰੇਸ਼ਨ ਤੁਰੰਤ ਚਾਲੂ ਕੀਤੀ ਜਾਵੇ ਅਤੇ ਕੈਬਨਿਟ ਵਿਚ ਮਤਾ ਪਾਸ ਕਰਕੇ ਆਰ. ਐੱਮ. ਪੀ. ਡਾਕਟਰਾਂ ਨੂੰ ਪ੍ਰੈਕਟਿਸ ਕਰਨ ਦਾ ਅਧਿਕਾਰ ਦਿੱਤਾ ਜਾਵੇ | ਉਨ੍ਹਾਂ ਇਹ ਵੀ ਮੰਗ ਕੀਤੀ ਕਿ ਈ. ਟੀ. ਟੀ. ਵਾਂਗ ਬਾਹਰਲੇ ਸੂਬਿਆਂ ਤੋਂ ਰਜਿਸਟਰਡ ਆਰ. ਐੱਮ. ਪੀ. ਡਾਕਟਰਾਂ ਨੂੰ ਪੰਜਾਬ ਵਿਚ ਪ੍ਰੈਕਟਿਸ ਕਰਨ ਦਾ ਅਧਿਕਾਰ ਦਿੱਤਾ ਜਾਵੇ | ਇਸ ਮੌਕੇ ਗੁਰਵਿੰਦਰ ਸਿੰਘ ਖਤਰਾਏ ਕਲਾਂ, ਨਿਖਿਲ ਮਸੀਹ ਗੁਪਾਲ ਨਗਰ, ਗੁਰਭੇਜ ਸਿੰਘ, ਸਮਪ੍ਰੀਤ ਭੱਟੀ, ਗੁਰਜੰਟ ਸਿੰਘ ਬੱਚੀਵਿੰਡ, ਬਲਰਾਜ ਸਿੰਘ ਹਰੜ, ਗੁਰਪ੍ਰੀਤ ਸਿੰਘ ਮੰਜਿਆਵਾਲੀ, ਪ੍ਰੀਤ ਸਿੰਘ ਸ਼ਹਿਜ਼ਾਦਾ, ਬਲਵੰਤ ਸਿੰਘ ਬਲੜ੍ਹਵਾਲ, ਹੀਰਾ ਮਸੀਹ ਰਾਜਾਸਾਂਸੀ, ਮਨਜੀਤ ਸਿੰਘ ਅਤੇ ਅੰਸਪ੍ਰੀਤ ਸਿੰਘ ਤੇੜੀ ਆਦਿ ਹਾਜ਼ਰ ਸਨ |