ਬਾਬਾ ਬਕਾਲਾ ਸਾਹਿਬ, 5 ਨਵੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ 'ਸਾਚਾ ਗੁਰੂ ਲਾਧੋ ਰੇ' ਦੇ ਸੰਬੰਧ 'ਚ ਇਕ ਮਹਾਨ ਨਗਰ ਕੀਰਤਨ ਕਪੂਰਥਲਾ ਦੀ ਸੰਗਤ ਵਲੋਂ ਇਤਿਹਾਸਕ ਨਗਰ ਬਾਬਾ ਬਕਾਲਾ ਸਾਹਿਬ ਵਿਖੇ ਮਿਤੀ 9 ਨਵੰਬਰ ਦਿਨ ਐਤਵਾਰ ਨੂੰ ਪਹੁੰਚੇਗਾ | ਇਸ ਸੰਬੰਧੀ ਅੱਜ ਕਪੂਰਥਲਾ ਤੋਂ ਬਾਬਾ ਬਕਾਲਾ ਸਾਹਿਬ ਵਿਖੇ ਗੁ: ਬਾਵਿਆਂ ਕਪੂਰਥਲਾ ਤੋਂ ਪਹੁੰਚੇ ਪ੍ਰਬੰਧਕਾਂ ਨੇ ਭਾਈ ਹਰਪ੍ਰੀਤ ਸਿੰਘ ਐੱਮ. ਏ. ਮੁਖੀ ਸਿੱਖ ਜੀਵਨ ਜਾਚ ਬਾਬਾ ਬਕਾਲਾ ਸਾਹਿਬ ਅਤੇ ਕੌਂਸਲਰ ਕੁਲਵੰਤ ਸਿੰਘ ਰੰਧਾਵਾ ਵਾਰਡ ਨੰ: 4 ਨੂੰ ਵਿਸ਼ੇਸ਼ ਤੌਰ 'ਤੇ ਸੱਦਾ ਪੱਤਰ ਦਿੱਤਾ ਅਤੇ ਨਗਰ ਕੀਰਤਨ ਦੀ ਰੂਪ ਰੇਖਾ ਦਾ ਐਲਾਨ ਕੀਤਾ | ਇਸ ਮੌਕੇ ਭਾਈ ਹਰਪ੍ਰੀਤ ਸਿੰਘ ਐੱਮ.ਏ. ਨੇ ਦੱਸਿਆ ਕਿ ਹਰ ਸਾਲ ਹੀ ਇਹ ਪਾਵਨ ਨਗਰ ਕੀਰਤਨ ਇੱਥੇ ਪਹੁੰਚਦਾ ਹੈ, ਜਿਸ ਦਾ ਇੱਥੋਂ ਦੀਆਂ ਸੰਗਤਾਂ ਅਤੇ ਸ਼੍ਰੋਮਣੀ ਕਮੇਟੀ ਬਾਬਾ ਬਕਾਲਾ ਸਾਹਿਬ ਵਲੋਂ ਭਰਵਾਂ ਸਵਾਗਤ ਕੀਤਾ ਜਾਂਦਾ ਹੈ | ਇਸ ਵਾਰ ਵੀ ਕਪੂਰਥਲਾ ਦੀ ਸੰਗਤ ਵਲੋਂ ਗੁ: ਪਾਤਸ਼ਾਹੀ ਨੌਵੀਂ ਦੇ ਮੈਨੇਜਰ ਸਾਹਿਬਾਨ ਅਤੇ ਨਾਲ ਹੀ ਡੀ.ਐੱਸ.ਪੀ. ਬਾਬਾ ਬਕਾਲਾ ਸਾਹਿਬ ਨੂੰ ਵੀ ਪ੍ਰੰਬੰਧਾਂ ਲਈ ਸੱਦਾ ਪੱਤਰ ਦਿੱਤਾ ਗਿਆ ਹੈ | ਇਸ ਮੌਕੇ ਕੌਂਸਲਰ ਕੁਲਵੰਤ ਸਿੰਘ ਰੰਧਾਵਾ ਨੇ ਕਿਹਾ ਕਿ 9 ਨਵੰਬਰ ਨੂੰ ਰੰਧਾਵਾ ਰੈਸਟੋਰੈਂਟ ਸਾਹਮਣੇ ਨਗਰ ਕੀਰਤਨ 'ਚ ਸ਼ਾਮਿਲ ਸੰਗਤਾਂ ਨੂੰ ਜੀ ਆਇਆਂ ਆਖਣ ਲਈ ਚਾਹ, ਕੌਫੀ ਅਤੇ ਹੋਰ ਪਦਾਰਥਾਂ ਦੇ ਲੰਗਰ ਲਗਾਏ ਜਾਣਗੇ | ਇਸ ਮੌਕੇ ਕੌਂਸਲਰ ਕਰਮ ਸਿੰਘ, ਕੌਂਸਲਰ ਸੁਖਚੈਨ ਸਿੰਘ ਗਿੱਲ, ਕੌਂਸਲਰ ਕੁਲਦੀਪ ਸਿੰਘ ਧਾਮੀ, ਮੇਜਰ ਸਿੰਘ, ਗਿੰਨੀ ਬਾਵਾ ਕਪੂਰਥਲਾ, ਅਵਤਾਰ ਸਿੰਘ, ਮਨਪ੍ਰੀਤ ਸਿੰਘ ਭੁੱਲਰ, ਡਾ: ਹਰਪਾਲ ਸਿੰਘ, ਮਨਜੀਤ ਸਿੰਘ ਠੁਕਰਾਲ, ਅਜੀਤ ਸਿੰਘ ਮੈਂਬਰ, ਬਲਜੀਤ ਸਿੰਘ ਟੈਂਟ ਵਾਲੇ ਅਤੇ ਹੋਰ ਹਾਜ਼ਰ ਸਨ |