ਤਰਸਿਕਾ, 17 ਜੁਲਾਈ (ਗੁਰਪ੍ਰੀਤ ਸਿੰਘ ਮੱਤੇਵਾਲ)-ਪੰਜਾਬ ਸਰਕਾਰ ਵਲੋਂ ਪੰਚਾਇਤਾਂ ਦੀਆਂ ਜ਼ਿਮਨੀ ਚੋਣਾਂ ਦੇ ਐਲਾਨ ਪਿਛੋਂ ਨਾਮਜ਼ਦਗੀ ਦਾਖਲ ਕਰਨ ਦੀ ਆਖ਼ਰੀ ਮਿਤੀ 17 ਜੁਲਾਈ ਤੱਕ ਨਿਰਧਾਰਿਤ ਕੀਤੀ ਗਈ ਸੀ | ਜਿਸ ਦੇ ਚਲਦਿਆਂ ਬੀਤੀ ਸ਼ਾਮ ਬਲਾਕ ਵਿਕਾਸ ਤੇ ਪੰਚਾਇਤ ਦਫਤਰ ਦਾ ਮਹੌਲ ਉਸ ਵੇਲੇ ਗਰਮਾ ਗਿਆ, ਜਦੋਂ ਦਫਤਰ ਵਲੋਂ ਉਪਰੋਕਤ ਪਿੰਡ ਕਲੇਰ ਬਾਲਾ ਦੇ ਉਮੀਦਵਾਰਾਂ ਨੂੰ ਸਾਰਾ ਦਿਨ ਇੰਤਜ਼ਾਰ ਕਰਵਾਉਣ ਪਿੱਛੋਂ ਨਾਮਜਦਗੀ ਫਾਈਲ ਵਿਚ ਲੋੜੀਂਦੇ ਚੁੱਲਾ ਟੈਕਸ ਰਸੀਦ ਅਤੇ ਐਨ.ਓ.ਸੀ. ਨਾ ਦਿਤੇ ਤਾਂ ਪਿੰਡ ਵਾਸੀਆਂ ਵਲੋਂ ਰੋਸ ਵਜੋਂ ਬਲਾਕ ਦਫਤਰ ਵਿਚ ਧਰਨਾ ਲਗਾ ਦਿਤਾ ਅਤੇ ਧਰਨਾਕਾਰੀ ਪੂਰੀ ਰਾਤ ਦਫਤਰ ਮੂਹਰੇ ਬੈਠੇ ਰਹੇ | ਧਰਨੇ ਦੀ ਅਗਵਾਈ ਕਰ ਰਹੇ ਅਕਾਲੀ ਨੇਤਾ ਤੇ ਸਾਬਕਾ ਚੇਅਰਮੈਨ ਮੇਜਰ ਸਿੰਘ ਕਲੇਰ ਵਲੋਂ ਦੋਸ਼ ਲਗਾਇਆ ਕਿ ਬਲਾਕ ਦਫਤਰ ਦੇ ਅਧਿਕਾਰੀਆਂ ਵਲੋਂ ਉਨ੍ਹਾਂ ਨੂੰ ਧੱਕੇ ਨਾਲ ਆਪ ਦੇ ਹਲਕਾ ਇੰਚਾਰਜ ਕੋਲ ਜਾਣ ਲਈ ਮਜਬੂਰ ਕੀਤਾ ਜਾ ਰਿਹਾ ਹੈ | ਇਸ ਦੌਰਾਨ ਧਰਨਾਕਾਰੀਆਂ ਵਲੋਂ ਪੰਜਾਬ ਸਰਕਾਰ ਤੇ ਹਲਕਾ ਇੰਚਾਰਜ ਤਲਬੀਰ ਸਿੰਘ ਗਿੱਲ ਖਿਲਾਫ ਜੰਮ ਕੇ ਨਾਅਰੇਬਾਜ਼ੀ ਕਰਦੇ ਹੋਏ ਉਨ੍ਹਾਂ ਦਾ ਪੁਤਲਾ ਫੂਕਿਆ | ਅਖ਼ੀਰ ਅੱਜ ਸਵੇਰ ਦਫਤਰ ਪਹੁੰਚ ਕੇ ਬੀ. ਡੀ. ਪੀ. ਓ. ਤਰਸਿਕਾ ਵਲੋਂ ਕਾਗਜ਼ਾਤ ਮੁਹਈਆ ਕਰਵਾਉਣ ਦਾ ਭਰੋਸਾ ਦੇਣ ਪਿੱਛੋਂ ਇਹ ਧਰਨਾ ਚੁੱਕਿਆ ਗਿਆ | ਧਰਨਾਕਾਰੀਆਂ ਵਿਚ ਹੋਰਨਾਂ ਤੋਂ ਇਲਵਾ ਲਵਪ੍ਰੀਤ ਸਿੰਘ, ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਗੁਰਮੀਤ ਕੌਰ, ਹਰਬੰਸ ਸਿੰਘ, ਮੰਗਲ ਸਿੰਘ, ਲਵਪ੍ਰੀਤ ਸਿੰਘ, ਬਲਕਾਰ ਸਿੰਘ, ਤਰਲੋਕ ਸਿੰਘ, ਲੰਬੜਦਾਰ ਸਰਬਜੀਤ ਸਿੰਘ, ਪ੍ਰਗਟ ਸਿੰਘ ਆਦਿ ਮੁਹਤਬਰ ਹਾਜ਼ਰ ਸਨ |
ਕਲੇਰ ਪਿੰਡ ਦੇ ਉਮੀਦਵਾਰਾਂ ਨੂੰ ਦਸਤਾਵੇਜ਼ ਨਾ ਦੇਣ 'ਤੇ ਪਿੰਡ ਵਾਸੀਆਂ ਨੇ ਸਾਰੀ ਰਾਤ ਬਲਾਕ ਦਫਤਰ ਤਰਸਿੱਕਾ 'ਚ ਲਗਾਇਆ ਧਰਨਾ <br/>
ਅਜੀਤ ਡੈਸਕ
18-07-2025