ਮਜੀਠਾ, 15 ਜੁਲਾਈ (ਮਨਿੰਦਰ ਸਿੰਘ ਸੋਖੀ)-ਸੇਕਰਡ ਹਾਰਟ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਮਜੀਠਾ ਵਿਖੇ ਪਿ੍ੰਸੀਪਲ ਸਿਸਟਰ ਡਾ. ਵਿਲਫੀ ਦੀ ਨਿਗਰਾਨੀ ਹੇਠ ਐੱਨ. ਸੀ. ਸੀ. (ਏਅਰ ਫੋਰਸ ਵਿੰਗ ਦਾ ਉਦਘਾਟਨੀ ਸਮਾਰੋਹ ਕਰਵਾਇਆ ਗਿਆ | ਜਿਸ 'ਚ ਕਮਾਂਡਰ ਅਫਸਰ ਮਨੋਜ ਕੁਮਾਰ ਬਤੌਰ ਮੁੱਖ ਮਹਿਮਾਨ ਤੇ ਰਾਜੇਸ਼ ਕੁਮਾਰ ਸ਼ਰਮਾ ਗੈਸਟ ਆਫ ਆਨਰ ਵਜੋਂ ਸ਼ਾਮਿਲ ਹੋਏ | ਪਿ੍ੰਸੀਪਲ ਸਿਸਟਰ ਡਾ. ਵਿਲਫੀ, ਮਦਰ ਆਸ਼ਿਸ਼, ਸਿਸਟਰ ਰੌਨੀ, ਅਰਮਿੰਦਰ ਸਿੰਘ, ਸਤੀਸ਼ ਤੇ ਆਏ ਮਹਿਮਾਨਾਂ ਵਲੋਂ ਸ਼ਮਾ ਰੌਸ਼ਨ ਕਰਕੇ ਸਮਾਰੋਹ ਦੀ ਸ਼ੁਰੂਆਤ ਕੀਤੀ | ਪਿ੍ੰਸੀਪਲ ਸਿਸਟਰ ਡਾ. ਵਿਲਫੀ ਨੇ ਕਿਹਾ ਕਿ ਇਹ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਉਨ੍ਹਾਂ ਦੇ ਸਕੂਲ ਦੇ 50 ਬੱਚੇ ਐੱਨ. ਸੀ. ਸੀ. (ਏਅਰ ਫੋਰਸ) ਵਾਸਤੇ ਚੁਣੇ ਗਏ ਹਨ, ਜਿਨ੍ਹਾਂ ਨੂੰ ਸਕੂਲ ਵਿਚ ਇਨ੍ਹਾਂ ਕਮਾਂਡਰਾਂ ਵਲੋਂ ਸਿਖਲਾਈ ਦਿੱਤੀ ਜਾਵੇਗੀ | ਸਮੇਂ ਸਮੇਂ 'ਤੇ ਇਨ੍ਹਾਂ ਦੇ ਕੈਂਪ ਵੀ ਲਗਾਏ ਜਾਣਗੇ | ਸਮਾਰੋਹ 'ਚ ਬੱਚਿਆਂ ਦੇ ਮਾਪਿਆਂ ਨੂੰ ਵੀ ਸ਼ਾਮਿਲ ਕੀਤਾ ਗਿਆ | ਐੱਨ. ਸੀ. ਸੀ. ਦੀ ਮਹਾਨਤਾ ਨੂੰ ਹੋਰ ਉਜਾਗਰ ਕਰਨ ਲਈ ਗੁਬਾਰੇ ਉਡਾ ਕੇ ਇਸ ਦੇ ਸੰਦੇਸ਼ ਨੂੰ ਦੂਰ ਦੂਰ ਤੱਕ ਪਹੁੰਚਾਇਆ ਗਿਆ | ਸਕੂਲੀ ਵਿਦਿਆਰਥੀਆਂ ਨੇ ਦੇਸ਼ ਭਗਤੀ ਦੇ ਗੀਤ ਗਾਏ ਤੇ ਕੋਰੀਓਗਰਾਫੀ ਕੀਤੀ | ਕਮਾਂਡਰ ਮਨੋਜ ਕੁਮਾਰ ਨੇ ਸਕੂਲ ਪ੍ਰਬੰਧਨ ਦੀ ਬਹੁਤ ਸ਼ਾਲਾਘਾ ਕੀਤੀ ਤੇ ਇਨ੍ਹਾਂ ਬੱਚਿਆਂ ਨੂੰ ਭਵਿੱਖ 'ਚ ਅੱਗੇ ਵਧਣ ਲਈ ਸ਼ੁੱਭਇੱਛਾਵਾਂ ਦਿੱਤੀਆਂ | ਉਨ੍ਹਾਂ ਨੇ ਸਕੂਲ ਪਿ੍ੰਸੀਪਲ ਸਿਸਟਰ ਡਾ. ਵਿਲਫੀ, ਸਕੂਲ ਮੈਨੇਜਮੈਂਟ, ਅਧਿਆਪਕਾਂ ਤੇ ਮਾਪਿਆਂ ਦਾ ਧੰਨਵਾਦ ਕੀਤਾ ਤੇ ਬੱਚਿਆਂ ਨੂੰ ਐੱਨ. ਸੀ. ਸੀ. ਦੀਆਂ ਵਿਸ਼ੇਸ਼ਤਾਵਾਂ ਬਾਰੇ ਵੀ ਦੱਸਿਆ | ਪਿ੍ੰਸੀਪਲ, ਮੈਨੇਜਮੈਂਟ ਤੇ ਅਧਿਆਪਕਾਂ ਵਲੋਂ ਆਏ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸਕੂਲ ਦੇ ਸਮੂਹ ਅਧਿਆਪਕ, ਬੱਚੇ ਤੇ ਇਨ੍ਹਾਂ ਦੇ ਮਾਪੇ ਵੀ ਹਾਜ਼ਰ ਸਨ |