ਜੈਂਤੀਪੁਰ/ ਜੇਠੂਵਾਲ, 15 ਜੁਲਾਈ (ਭੁਪਿੰਦਰ ਸਿੰਘ ਗਿੱਲ, ਮਿੱਤਰਪਾਲ ਸਿੰਘ ਰੰਧਾਵਾ)-ਦਸਮੇਸ਼ ਤਰਨਾ ਦਲ ਵਲੋਂ ਦੋਵ੍ਹਾਂ ਤਖ਼ਤਾਂ ਦੇ ਹੋਏ ਆਪਸੀ ਫ਼ੈਸਲੇ ਸਿੱਖ ਕੌਮ ਲਈ ਸ਼ਲਾਘਾਯੋਗ ਕਦਮ | ਕਿਉਂਕਿ ਤਖ਼ਤ ਸ੍ਰੀ ਪਟਨਾ ਸਾਹਿਬ ਵਲੋਂ ਸੁਖਬੀਰ ਸਿੰਘ ਬਾਦਲ ਸਮੇਤ ਕੁਝ ਆਗੂਆਂ ਨੂੰ ਤਨਖ਼ਾਹੀਆ ਕਰਾਰ ਦਿੱਤਾ ਗਿਆ ਸੀ, ਉਸ ਨੂੰ ਲੈ ਕੇ ਤਖ਼ਤ ਸ੍ਰੀ ਪਟਨਾ ਸਾਹਿਬ, ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਅੰਮਿ੍ਤਸਰ ਦੇ ਜਥੇਦਾਰਾਂ ਦਾ ਆਪਸੀ ਟਕਰਾਅ ਚਲ ਰਿਹਾ ਸੀ, ਜਿਸ ਨਾਲ ਸਿੱਖ ਕੌਮ ਵਿਚ ਦੁਚਿਤੀ ਬਣੀ ਹੋਈ ਸੀ ਪਰ ਦੋਵਾਂ ਤਖ਼ਤਾਂ ਦੇ ਜਥੇਦਾਰਾਂ ਦੀ ਆਪਸੀ ਸਹਿਮਤੀ ਹੋਣ ਨਾਲ ਕੀਤਾ ਫ਼ੈਸਲਾ ਸਿੱਖ ਕੌਮ ਲਈ ਸ਼ਲਾਘਾਯੋਗ ਕਦਮ ਹੈ | ਉਕਤ ਸ਼ਬਦਾਂ ਦਾ ਪ੍ਰਗਟਾਵਾ ਦਸ਼ਮੇਸ਼ ਤਰਨਾ ਦਲ ਦੇ ਮੁੱਖੀ ਬਾਬਾ ਮੇਜਰ ਸਿੰਘ ਸੋਢੀ ਨੇ ਕੀਤਾ | ਬਾਬਾ ਸੋਢੀ ਨੇ ਅੱਗੇ ਕਿਹਾ ਕਿ ਸ਼੍ਰੋਮਣੀ ਕਮੇਟੀ ਵਲੋਂ ਜੋ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਤੇ ਹੋਰ ਗੁਰੂ ਸਾਹਿਬਾਨਾ ਦੀਆਂ ਸ਼ਤਾਬਦੀਆਂ ਮਨਾਉਣ ਦਾ ਜੋ ਫ਼ੈਸਲਾ ਕੀਤਾ ਗਿਆ ਹੈ ਉਸ ਲਈ ਦਸ਼ਮੇਸ਼ ਤਰਨਾ ਦਲ ਦੀਆਂ ਲਾਡਲੀਆਂ ਫੌਜਾ ਇਨ੍ਹਾਂ ਸ਼ਤਾਬਦੀਆਂ ਨੂੰ ਸਮਰਪਿਤ ਹੋਣ ਵਾਲੇ ਸਮਾਗਮਾ ਵਿਚ ਵਧ ਚੜ੍ਹ ਕੇ ਯੋਗਦਾਨ ਪਾਉਣਗੀਆਂ ਅਤੇ ਸ਼੍ਰੋਮਣੀ ਕਮੇਟੀ ਨੂੰ ਪੂਰਾ ਸਹਿਯੋਗ ਦਿੱਤਾ ਜਾਵੇਗਾ | ਇਸ ਮੌਕੇ ਬਾਬਾ ਹਰਜਿੰਦਰ ਸਿੰਘ, ਬਾਬਾ ਧਰਮ ਸਿੰਘ, ਬਾਬਾ ਬਲਦੇਵ ਸਿੰਘ, ਡਾ. ਅਰੂੜ ਸਿੰਘ, ਬਾਬਾ ਬਲਵਿੰਦਰ ਸਿੰਘ, ਬਾਬਾ ਸਾਹਿਬ ਸਿੰਘ, ਸਰਪੰਚ ਕੁਲਵੰਤ ਸਿੰਘ, ਰਣਜੀਤ ਸਿੰਘ, ਮਨਜੀਤ ਸਿੰਘ ਸਮਾਜਸੇਵੀ, ਹਰਵਿੰਦਰ ਸਿੰਘ ਫੌਜੀ ਸਮੇਤ ਹੋਰ ਸੰਗਤਾਂ ਹਾਜ਼ਰ ਸਨ |