ਚੋਗਾਵਾਂ, 15 ਜੁਲਾਈ (ਗੁਰਵਿੰਦਰ ਸਿੰਘ ਕਲਸੀ)-ਭਾਰਤੀ ਫੌਜ ਵਲੋਂ ਜੂਨ 84 ਦੌਰਾਨ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਕੀਤੇ ਹਮਲੇ ਦੇ ਮਹਾਨ ਯੋਧੇ ਸ਼ਹੀਦ ਜਨਰਲ ਸੁਬੇਗ ਸਿੰਘ ਦੀ ਯਾਦ ਨੂੰ ਸਮਰਪਿਤ ਉਨ੍ਹਾਂ ਦੇ ਜੱਦੀ ਪਿੰਡ ਖਿਆਲਾ ਕਲਾਂ ਵਿਖੇ ਗੁਰਦੁਆਰਾ ਬਾਬਾ ਦਿੱਤ ਮੱਲ ਜੀ ਸ਼ਹੀਦ ਵਿਖੇ ਸ਼ਹੀਦ ਜਨਰਲ ਸੁਬੇਗ ਸਿੰਘ ਮੈਮੋਰੀਅਲ ਚੈਰੀਟੇਬਲ ਟ੍ਰਸਟ ਦਾ ਉਦਘਾਟਨ ਸ੍ਰੀ ਗੁਰੂ ਗ੍ਰੰਥ ਸਾਹਿਬ ਸਨਮੁੱਖ ਅਰਦਾਸ ਕਰਕੇ ਕੀਤਾ ਗਿਆ | ਉਪਰੰਤ ਸਿੰਘ ਸਾਹਿਬ ਗਿਆਨੀ ਗੁਰਮੁੱਖ ਸਿੰਘ ਹੈੱਡ ਗ੍ਰੰਥੀ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸਿੰਘ ਸਾਹਿਬ ਗਿਆਨੀ ਰਾਜਦੀਪ ਸਿੰਘ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਨੇ ਸ਼ਹੀਦਾਂ ਦੇ ਇਤਿਹਾਸ 'ਤੇ ਚਾਨਣਾ ਪਾਇਆ | ਸਮਾਗਮ ਵਿਚ ਪ੍ਰੋ: ਬਲਜਿੰਦਰ ਸਿੰਘ ਜਥੇਦਾਰ ਹਵਾਰਾ ਕਮੇਟੀ, ਭਾਈ ਲਖਵਿੰਦਰ ਸਿੰਘ ਨਾਰੰਗਵਾਲ ਬੰਦੀ ਸਿੰਘ, ਮਹਾਬੀਰ ਸਿੰਘ ਸੁਲਤਾਨਵਿੰਡ ਅਤੇ ਸਤਜੋਤ ਸਿੰਘ ਮੁਧਲ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ | ਇਸ ਮੌਕੇ ਜਨਰਲ ਸੁੁਬੇਗ ਸਿੰਘ ਦੇ ਭਰਾਤਾ ਬੇਅੰਤ ਸਿੰਘ ਨੇ ਕਿਹਾ ਕਿ ਜਨਰਲ ਸੁਬੇਗ ਸਿੰਘ ਪਰਿਵਾਰਕ ਮਕਾਨ ਨੂੰ ਸਿੱਖ ਕੌਮ ਦੇ ਵਿਰਾਸਤੀ ਮਕਾਨ ਵਲੋਂ ਟਰੱਸਟ ਦੇ ਕੰਮਾਂ ਲਈ ਵਰਤਿਆ ਜਾਵੇਗਾ | ਸ਼ੁਰੂਆਤ ਵਿਚ ਇਲਾਕੇ ਦੇ ਇਕ ਦਰਜਨ ਪਿੰਡਾਂ ਦੇ ਸਰਪੰਚਾਂ ਦੀ ਸਿਫਾਰਸ਼ 'ਤੇ ਅਤਿ ਲੋੜਵੰਦ ਪਰਿਵਾਰਾਂ ਨੂੰ ਸੰਧੂ ਹਸਪਤਾਲ, ਆਈ. ਵੀ. ਵਾਈ., ਤੁੰਗ ਡੈਂਟਲ ਕਲੀਨਿਕ ਇਮਪਲਾਂਟ ਸੈਂਟਰ ਅਤੇ ਚਿਤਕਾਰਾ ਹਸਪਤਾਲਾਂ ਤੋਂ ਰਿਆਇਤ ਖਰਚੇ ਤੇ ਸਰਜਰੀ, ਜਨਾਨਾ ਬਿਮਾਰੀਆਂ ਅੱਖਾਂ ਤੇ ਦੰਦਾਂ ਦਾ ਇਲਾਜ ਕਰਵਾਇਆ ਜਾਵੇਗਾ | ਤੁੰਗ ਟਰਾਂਸਪੋਰਟ ਵਲੋਂ ਮਰੀਜ਼ਾਂ ਨੂੰ ਇਲਾਜ ਲਈ ਲੈ ਕੇ ਜਾਣ ਦੀ ਫ੍ਰੀ ਸੇਵਾ ਕੀਤੀ ਜਾਵੇਗੀ | ਇਸ ਮੌਕੇ ਸੇਵਾ ਨਿਭਾਉਣ ਵਾਲੇ ਡਾਕਟਰਾਂ ਨੂੰ ਸਨਮਾਨਿਤ ਕੀਤਾ ਗਿਆ, ਜਿਨ੍ਹਾਂ ਵਿਚ ਡਾ. ਭੁਪਿੰਦਰ ਸੰਧੂ, ਡਾ. ਨਵਜੋਤ ਬਰਾੜ, ਡਾ. ਕਿਰਨ ਸੰਧੂ, ਡਾ. ਤਨਪ੍ਰੀਤ ਕੌਰ, ਡਾ. ਸਵੀਨ ਤੁੰਗ ਸ਼ਾਮਿਲ ਹਨ | ਇਸ ਮੌਕੇ ਬੇਅੰਤ ਸਿੰਘ ਵਲੋਂ ਬਾਬਾ ਰਘੁਬੀਰ ਸਿੰਘ ਖਿਆਲੇ ਵਾਲੇ, ਸਰਪੰਚ ਹਰਵਿੰਦਰ ਸਿੰਘ, ਸਰਪੰਚ ਮੁਖਵਿੰਦਰ ਸਿੰਘ, ਗ੍ਰੰਥੀ ਸਿੰਘਾਂ ਅਤੇ ਪੰਚਾਇਤ ਮੈਂਬਰਾਂ ਨੂੰ ਵੀ ਸਨਮਾਨਿਤ ਕੀਤਾ ਗਿਆ |