14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਰੂਪਨਗਰ 'ਚ ਸਰਕਾਰੀ ਜਾਇਦਾਦਾਂ 'ਤੇ ਚੋਰਾਂ ਦੀ ਨਜ਼ਰ

ਨਵੇਂ ਬਣੇ ਬਹੁ-ਕਰੋੜੀ ਅਰਧ ਗੋਲਾ ਆਕਾਰ ਪੁਲ ਦਾ ਦਿ੍ਸ਼ ਤੇ ਪੁਲ ਦੇ ਹੇਠਾਂ ਚੋਰਾਂ ਵਲੋਂ ਛੱਡੇ ਗਏ ਰੈਂਚ ਅਤੇ ਚੋਰੀ ਕਰਨ ਦੀ ਕੋਸ਼ਿਸ਼ ਵਜੋਂ ਖਿਲਰੇ ਹੋਏ ਨਟ |
ਜਾਣਕਾਰੀ ਦੇ ਰਿਹਾ ਠੇਕੇਦਾਰ ਅਤੇ ਇੰਸਪੈਕਟਰ ਪਵਨ ਕੁਮਾਰ |
28-12-2025
ਰੂਪਨਗਰ, 27 ਦਸੰਬਰ (ਸਤਨਾਮ ਸਿੰਘ ਸੱਤੀ)-ਰੂਪਨਗਰ ਵਿਚ ਸਰਕਾਰੀ ਜਾਇਦਾਦਾਂ ਤੋਂ ਲਗਾਤਾਰ ਹੋ ਰਹੀਆਂ ਚੋਰੀਆਂ ਨੇ ਪ੍ਰਸ਼ਾਸਨ ਤੇ ਪੁਲਿਸ ਦੀ ਕਾਰਗੁਜ਼ਾਰੀ 'ਤੇ ਗੰਭੀਰ ਸਵਾਲ ਖੜੇ੍ਹ ਕਰ ਦਿੱਤੇ ਹਨ | ਤਾਜ਼ਾ ਮਾਮਲੇ ਵਿਚ ਚੋਰਾਂ ਨੇ ਹਾਲ ਹੀ ਵਿਚ ਲੋਕ ਅਰਪਣ ਕੀਤੇ ਗਏ 52 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਸਰਹਿੰਦ ਨਹਿਰ ਦੇ (ਰੂਪਨਗਰ-ਜਲੰਧਰ ਮਾਰਗ 'ਤੇ ਸਥਿਤ)ਅਰਧ ਗੋਲਾ ਆਕਾਰ ਲੋਹੇ ਵਾਲੇ ਪੁਲ ਨੂੰ ਨਿਸ਼ਾਨਾ ਬਣਾਇਆ ਹੈ | ਇਹ ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਪੁਲ ਦੇ ਹੇਠਾਂ ਲਾਈਟਾਂ ਲਗਾਉਣ ਵਾਲੇ ਠੇਕੇਦਾਰ ਕੰਮ ਕਰਨ ਲਈ ਪੁੱਜੇ | ਉਨ੍ਹਾਂ ਨੇ ਦੋ ਨੌਜਵਾਨਾਂ ਨੂੰ ਸ਼ੱਕੀ ਹਾਲਤ ਵਿਚ ਦੇਖਿਆ ਜੋ ਉਨ੍ਹਾਂ ਨੂੰ ਦੇਖਦੇ ਹੀ ਮੌਕੇ ਤੋਂ ਫਰਾਰ ਹੋ ਗਏ | ਸ਼ੱਕ ਹੋਣ 'ਤੇ ਜਦੋਂ ਠੇਕੇਦਾਰਾਂ ਨੇ ਨੇੜੇ ਜਾ ਕੇ ਜਾਂਚ ਕੀਤੀ ਤਾਂ ਉਥੇ ਦੋ ਰੈਂਚ, ਦਰਜਨਾਂ ਦੀ ਗਿਣਤੀ 'ਚ ਵੱਡੇ ਨਟ-ਬੋਲਟ ਖਿਲਰੇ ਪਏ ਸਨ, ਜਦਕਿ ਪੁਲ ਦੀਆਂ ਕਈ ਲੋਹੇ ਦੀਆਂ ਪਲੇਟਾਂ ਗਾਇਬ ਮਿਲੀਆਂ | ਜੇ ਸਮੇਂ ਸਿਰ ਇਹ ਮਾਮਲਾ ਸਾਹਮਣੇ ਨਾ ਆਉਂਦਾ ਤਾਂ ਕਿਸੇ ਵੱਡੇ ਹਾਦਸੇ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਸੀ | ਇਸ ਸੰਬੰਧੀ ਥਾਣਾ ਸਿਟੀ ਰੂਪਨਗਰ ਦੇ ਮੁਖੀ ਇੰਸਪੈਕਟਰ ਪਵਨ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ਿਕਾਇਤ ਮਿਲੀ ਹੈ ਕਿ ਕੁਝ ਵਿਅਕਤੀ ਪੁਲ ਦੇ ਹੇਠਾਂ ਸ਼ੱਕੀ ਹਾਲਤ ਵਿਚ ਮੌਜੂਦ ਸਨ ਜੋ ਮੌਕੇ ਤੋਂ ਭੱਜ ਗਏ | ਪੁਲ ਦੇ ਸਾਮਾਨ ਦੀ ਚੋਰੀ ਸੰਬੰਧੀ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ | ਉਨ੍ਹਾਂ ਦਾਅਵਾ ਕੀਤਾ ਕਿ ਦੋਸ਼ੀਆਂ ਨੂੰ ਜਲਦੀ ਕਾਬੂ ਕਰ ਲਿਆ ਜਾਵੇਗਾ | ਜ਼ਿਕਰਯੋਗ ਹੈ ਕਿ ਰੂਪਨਗਰ ਵਿਚ ਪਿਛਲੇ ਕਈ ਸਾਲਾਂ ਤੋਂ ਸਰਕਾਰੀ ਜਾਇਦਾਦਾਂ 'ਤੇ ਚੋਰਾਂ ਦੀ ਨਜ਼ਰ ਬਣੀ ਹੋਈ ਹੈ | ਪ੍ਰਸ਼ਾਸਕੀ ਕੰਪਲੈਕਸ ਦੇ ਬਿਲਕੁਲ ਨੇੜੇ ਸਥਿਤ ਮਹਾਰਾਜਾ ਰਣਜੀਤ ਸਿੰਘ ਬਾਗ ਤੇ ਮਹਾਰਾਜਾ ਰਣਜੀਤ ਸਿੰਘ-ਲਾਰਡ ਵਿਲੀਅਮ ਬੈਂਟਿਕ ਸੰਧੀ ਸਥਾਨ ਦੇ ਆਲੇ-ਦੁਆਲੇ ਲੱਗੀਆਂ ਲੋਹੇ ਦੀਆਂ ਦਰਜਨਾਂ ਗਰਿਲਾਂ ਤੇ ਫੁੱਟਪਾਥ ਦੀ ਰੇਲਿੰਗ ਲੰਬੇ ਸਮੇਂ ਤੋਂ ਚੋਰੀ ਕੀਤੀ ਜਾ ਰਹੀ ਹੈ | ਇੱਥੋਂ ਤੱਕ ਕਿ ਇਲਾਕੇ ਵਿਚ ਲੱਗੀਆਂ ਲਾਈਟਾਂ, ਸੂਰਵੀਰਾਂ ਦੇ ਬੁਤਾਂ ਦਾ ਸਾਮਾਨ ਵੀ ਚੋਰਾਂ ਨੇ ਨਹੀਂ ਛੱਡਿਆ | ਇਸ ਤੋਂ ਇਲਾਵਾ ਰੂਪਨਗਰ-ਜਲੰਧਰ ਮਾਰਗ ਤੋਂ ਕਟਲੀ ਰੋਡ ਤੱਕ ਨਵੀਂ ਬਣੀ ਸੜਕ ਦੇ ਦੋਹਾਂ ਪਾਸਿਆਂ ਲੋਕ ਨਿਰਮਾਣ ਵਿਭਾਗ ਵਲੋਂ ਲਗਾਈ ਗਈ ਰੇਲਿੰਗ ਦੇ ਅੰਦਰ ਲੋਹੇ ਦੀਆਂ ਸਪੋਟਾਂ ਵੀ ਇਕ-ਇਕ ਕਰਕੇ ਚੋਰੀ ਹੋ ਚੁੱਕੀਆਂ ਹਨ | ਕਈ ਵਾਰ ਮਾਮਲਾ ਉਜਾਗਰ ਹੋਣ ਤੇ ਖ਼ਬਰਾਂ ਛਪਣ ਦੇ ਬਾਵਜੂਦ ਨਾ ਤਾਂ ਚੋਰ ਕਾਬੂ ਆਏ ਅਤੇ ਨਾ ਹੀ ਕੋਈ ਢੁਕਵੀਂ ਕਾਰਵਾਈ ਹੋ ਸਕੀ ਜਦੋਂ ਕਿ ਇੱਥੇ ਸੀ. ਆਈ. ਏ. ਸਟਾਫ ਵੀ ਮੌਜੂਦ ਹੈ | ਹੁਣ ਸਰਹਿੰਦ ਨਹਿਰ ਪੁਲ ਤੋਂ ਸਾਮਾਨ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪ੍ਰਸ਼ਾਸਨ ਹਰਕਤ ਵਿਚ ਤਾਂ ਆਇਆ ਹੈ, ਪਰ ਕੀ ਇਸ ਗੰਭੀਰ ਮਸਲੇ 'ਤੇ ਕੋਈ ਠੋਸ ਨਤੀਜਾ ਨਿਕਲੇਗਾ ਜਾਂ ਨਹੀਂ-ਇਹ ਆਉਣ ਵਾਲਾ ਸਮਾਂ ਹੀ ਦੱਸੇਗਾ | ਫਿਲਹਾਲ ਰੂਪਨਗਰ ਵਿਚ ਸਰਕਾਰੀ ਜਾਇਦਾਦਾਂ ਦੀ ਸੁਰੱਖਿਆ ਇਕ ਵੱਡਾ ਸਵਾਲ ਬਣੀ ਹੋਈ ਹੈ |

ਪਿਛਲੀ ਖ਼ਬਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਨਾਲ ਮਨਾਇਆ
ਅਗਲੀ ਖ਼ਬਰ ਮਾਈਨਿੰਗ ਮਾਫੀਆ ਖ਼ਿਲਾਫ਼ ਵਿਧਾਇਕ ਚੱਢਾ ਦਾ ਵੱਡਾ ਐਕਸ਼ਨ, ਢਾਹ ਦਿੱਤਾ ਮਾਫ਼ੀਆ ਦਾ ਕਿਲ੍ਹਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।