ਰੂਪਨਗਰ, 2 ਦਸੰਬਰ (ਸਤਨਾਮ ਸਿੰਘ ਸੱਤੀ)-ਕੇਂਦਰ ਸਰਕਾਰ ਵਲੋਂ ਕਾਰਪੋਰੇਟ ਹਿੱਤਾਂ ਦੀ ਪੂਰਤੀ ਕਰਦੇ ਹੋਏ ਦੇਸ਼ ਦੇ ਖੇਤੀ ਸੈਕਟਰ ਤੇ ਮਿਹਨਤਕਸ਼ ਲੋਕਾਂ ਵਿਰੁੱਧ ਕੀਤੇ ਜਾ ਰਹੇ ਨਿੱਤ ਨਵੇਂ ਹਮਲਿਆਂ ਦੀ ਲੜੀ 'ਚ ਬਿਜਲੀ ਸੋਧ ਬਿੱਲ 2025 ਨੂੰ ਸਰਦ ਰੁੱਤ ਸੈਸ਼ਨ ਦੌਰਾਨ ਸੰਸਦ 'ਚ ਪੇਸ਼ ਕਰਨ ਲਈ ਹੋ ਰਹੀ ਤਿਆਰੀ ਦੇ ਵਿਰੋਧ ਵਿਚ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ (ਪੰਜਾਬ ਚੈਪਟਰ) ਵਲੋਂ ਪੰਜਾਬ ਭਰ ਦੀਆਂ ਬਿਜਲੀ ਸਬ ਡਿਵੀਜ਼ਨ ਦਫ਼ਤਰਾਂ ਦੇ ਸਾਹਮਣੇ ਮੁੱਖ ਮੰਤਰੀ ਭਗਵੰਤ ਮਾਨ ਦੇ ਪੁਤਲੇ ਫੂਕੇ ਗਏ | ਮੋਰਚੇ ਨੇ ਆਖਿਆ ਕਿ ਕੇਂਦਰ ਸਰਕਾਰ ਨੇ 8 ਨਵੰਬਰ ਤੱਕ ਸਾਰੇ ਸੂਬਿਆਂ ਤੋਂ ਸੁਝਾਅ ਮੰਗੇ ਸਨ ਪਰ ਪੰਜਾਬ ਸਰਕਾਰ ਪੂਰੀ ਤਰ੍ਹਾਂ ਚੁੱਪ ਰਹੀ | ਜਦੋਂ ਕੇਂਦਰ ਨੇ 30 ਨਵੰਬਰ ਸਮਾਂ-ਸੀਮਾ ਰੱਖੀ ਤਾਂ ਸੰਯੁਕਤ ਕਿਸਾਨ ਮੋਰਚਾ ਨੂੰ ਉਮੀਦ ਸੀ ਕਿ ਸ੍ਰੀ ਆਨੰਦਪੁਰ ਸਾਹਿਬ ਵਿਸ਼ੇਸ਼ ਸੈਸ਼ਨ ਦੌਰਾਨ ਪੰਜਾਬ ਸਰਕਾਰ ਬਿਜਲੀ ਸੋਧ ਬਿੱਲ 2025 ਨੂੰ ਰੱਦ ਕਰਨ ਲਈ ਮਤਾ ਲਿਆਵੇਗੀ, ਪਰ ਉਲਟ ਇਸ ਦੇ ਪੰਜਾਬ ਸਰਕਾਰ ਨੇ ਫਿਰ ਵੀ ਚੁੱਪੀ ਧਾਰ ਲਈ | ਮੋਰਚੇ ਦੇ ਨੁਮਾਇੰਦਿਆਂ ਦੇ ਅਨੁਸਾਰ, ਇਹ ਸਾਰਾ ਮਾਮਲਾ ਦੱਸਦਾ ਹੈ ਕਿ ਪੰਜਾਬ ਸਰਕਾਰ ਸਿੱਧੇ-ਸਿੱਧੇ ਕੇਂਦਰ ਦੇ ਇਸ਼ਾਰਿਆਂ 'ਤੇ ਕੰਮ ਕਰ ਰਹੀ ਹੈ, ਜਦ ਕਿ ਬਾਹਰੋਂ ਸਿਰਫ ਬਿਆਨਬਾਜ਼ੀ ਦੀ ਰਾਜਨੀਤੀ ਹੋ ਰਹੀ ਹੈ | ਇਸ ਦੇ ਨਾਲ ਹੀ ਦੋਸ਼ ਲਗਾਇਆ ਗਿਆ ਕਿ ਪੰਜਾਬ ਸਰਕਾਰ ਬਿਜਲੀ ਵਿਭਾਗ ਦੀਆਂ ਜਮੀਨਾਂ ਵੇਚ ਕੇ ਆਪਣੇ ਹਿੱਤਾਂ ਅਨੁਸਾਰ ਵਰਤੋਂ ਕਰ ਰਹੀ ਹੈ ਤਾਂ ਜੋ ਰਾਜਨੀਤਿਕ ਲਾਭ ਲਿਆ ਜਾ ਸਕੇ | ਮੋਰਚੇ ਨੇ ਪੇਡ ਬਿਜਲੀ ਮੀਟਰ ਬੰਦ ਕਰਨ ਦੀ ਮੰਗ ਦੁਹਰਾਈ ਤੇ ਕਿਹਾ ਕਿ ਬਿਜਲੀ ਸੋਧ ਬਿੱਲ 2025 ਦਾ ਸਖ਼ਤ ਵਿਰੋਧ ਜਾਰੀ ਰਹੇਗਾ | ਇਸ ਮੌਕੇ ਮੌਜੂਦ ਨੇਤਾਵਾਂ 'ਚ ਸੂਬਾ ਮੀਤ ਪ੍ਰਧਾਨ ਕੁਲਵਿੰਦਰ ਸਿੰਘ ਪੰਜੋਲਾ, ਪ੍ਰਧਾਨ ਰਵਿੰਦਰ ਸਿੰਘ ਚੈੜੀਆਂ, ਸ਼ਹਿਰੀ ਪ੍ਰਧਾਨ ਦਲਜੀਤ ਸਿੰਘ ਗਿੱਲ, ਜਗਜੀਤ ਸਿੰਘ ਗਿੱਲ, ਸਰਬਜੀਤ ਸਿੰਘ ਰੋਪੜ, ਅਮਨਦੀਪ ਸਿੰਘ ਖੇੜੀ, ਬਲਜੀਤ ਸਿੰਘ ਕਾਕਾ, ਹਰਮਨ ਖਾਨਪੁਰ, ਮਨਪ੍ਰੀਤ ਸਿੰਘ ਖਾਨਪੁਰ ਤੇ ਜਗਤਾਰ ਸਿੰਘ ਹਰੀਪੁਰ ਸ਼ਾਮਿਲ ਸਨ |