ਨੰਗਲ, 6 ਨਵੰਬਰ (ਗੁਰਪ੍ਰੀਤ ਸਿੰਘ ਗਰੇਵਾਲ)-'ਭਾਖੜਾ ਬਿਆਸ ਪ੍ਰਬੰਧ ਬੋਰਡ ਦੇ ਚੇਅਰਮੈਨ ਮਨੋਜ ਤਿ੍ਪਾਠੀ 10 ਨਵੰਬਰ ਨੂੰ ਸਵੇਰੇ 9.30 ਵਜੇ ਇਨਡੋਰ ਸਟੇਡੀਅਮ 'ਚ 29ਵੇਂ ਸੀ. ਪੀ. ਐਸ. ਯੂ. ਵਾਲੀਬਾਲ ਮੁਕਾਬਲੇ ਦਾ ਉਦਘਾਟਨ ਕਰਨਗੇ | ਇਹ ਵਿਚਾਰ ਭਾਖੜਾ ਡੈਮ ਦੇ ਚੀਫ਼ ਇੰਜੀਨੀਅਰ ਸੀ. ਪੀ. ਸਿੰਘ ਨੇ ਇਕ ਪੱਤਰਕਾਰ ਸੰਮੇਲਨ ਦੌਰਾਨ ਪ੍ਰਗਟ ਕੀਤੇ | ਉਨ੍ਹਾਂ ਦੱਸਿਆ ਕਿ ਭਾਖੜਾ ਬਿਆਸ ਪ੍ਰਬੰਧ ਬੋਰਡ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਨਿਰੰਤਰ ਯਤਨਸ਼ੀਲ ਹੈ | ਉਨ੍ਹਾਂ ਕਿਹਾ ਕੀ ਇਸ ਵਾਰੀ ਪਏ ਮੋਹਲੇਧਾਰ ਮੀਂਹ ਕਾਰਨ 31 ਅਗਸਤ ਤੋਂ ਬੰਦ ਪਏ ਨੰਗਲ-ਭਾਖੜਾ ਮਾਰਗ ਨੂੰ ਆਵਾਜਾਈ ਲਈ ਛੇਤੀ ਖੋਲ੍ਹ ਦਿੱਤਾ ਜਾਵੇਗਾ | ਭਾਖੜਾ ਡੈਮ ਦੇਖਣ ਲਈ ਹਰ ਵਰ੍ਹੇ 5 ਲੱਖ ਟੂਰਿਸਟ ਆਉਂਦੇ ਹਨ ਤੇ ਸਾਡੀ ਕੋਸ਼ਿਸ਼ ਰਹੇਗੀ ਕਿ ਲੋਕ ਸੰਪਰਕ ਦਫ਼ਤਰ ਲਾਗੇ ਏ. ਈ. ਐਮ. ਸਥਾਪਿਤ ਕੀਤਾ ਜਾਵੇ | ਬੀ. ਬੀ. ਐਮ. ਬੀ. ਹਸਪਤਾਲ 'ਚ ਛੇਤੀ ਹੀ ਸਹੂਲਤਾਂ 'ਚ ਵਾਧਾ ਹੋਵੇਗਾ ਅਤੇ ਬੱਚਿਆਂ/ਇਸਤਰੀ ਰੋਗਾਂ ਦੇ ਡਾਕਟਰ ਲਿਆਂਦੇ ਜਾਣਗੇ | ਨੰਗਲ ਟਾਊਨਸ਼ਿਪ ਸਾਰੇ ਰੁੱਖਾਂ ਦੀ ਗਿਣਤੀ ਕਰਵਾਈ ਜਾ ਰਹੀ ਹੈ ਤਾਂ ਜੋ ਨਾਜਾਇਜ਼ ਕਟਾਨ ਰੋਕੀ ਜਾ ਸਕੇ | ਇਸ ਮੌਕੇ ਨਿਗਰਾਨ ਇੰਜੀਨੀਅਰ ਸੁਰੇਸ਼ ਮਾਨ, ਨਿਗਾਰਨ ਇੰਜੀਨੀਅਰ ਹਰਜੋਤ ਸਿੰਘ ਵਾਲੀਆ, ਕਾਰਜਕਾਰੀ ਇੰਜੀਨੀਅਰ ਮਨੀਸ਼ ਕੁਮਾਰ, ਕਾਰਜਕਾਰੀ ਇੰਜੀਨੀਅਰ ਸੁਰਿੰਦਰ ਧੀਮਾਨ, ਲੋਕ ਸੰਪਰਕ ਅਫ਼ਸਰ ਸਤਨਾਮ ਸਿੰਘ ਲਾਦੀ, ਸਹਾਇਕ ਲੋਕ ਸੰਪਰਕ ਅਫ਼ਸਰ ਸੰਜੀਵ ਕੁਮਾਰ, ਇੰਜੀ. ਅਭਿਸ਼ੇਕ ਬੰਗਾ ਆਦਿ ਹਾਜ਼ਰ ਸਨ |