06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2025

ਜ਼ਿਲ੍ਹੇ 'ਚ ਸ਼ਰਧਾ ਨਾਲ ਮਨਾਇਆ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ

ਅਜੀਤ ਡੈਸਕ 06-11-2025

ਰੂਪਨਗਰ, 5 ਨਵੰਬਰ (ਸਤਨਾਮ ਸਿੰਘ ਸੱਤੀ)-ਸ੍ਰੀ ਗੁਰੂ ਨਾਨਕ ਦੇਵ ਜੀ ਦਾ 556ਵਾਂ ਪ੍ਰਕਾਸ਼ ਪੁਰਬ ਰੂਪਨਗਰ ਜ਼ਿਲ੍ਹੇ ਵਿਚ ਬੇਅੰਤ ਸ਼ਰਧਾ, ਭਾਵਨਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ | ਜ਼ਿਲ੍ਹੇ ਦੇ ਵੱਖ-ਵੱਖ ਗੁਰੂ ਘਰਾਂ ਵਿਚ ਸਵੇਰੇ ਤੋਂ ਹੀ ਸ਼ਰਧਾਲੂਆਂ ਦਾ ਤਾਂਤਾ ਲੱਗਾ ਰਿਹਾ | ਹਰ ਥਾਂ 'ਤੇ ਗੁਰਬਾਣੀ ਦੀ ਧੁਨ ਗੂੰਜਦੀ ਰਹੀ ਅਤੇ ਸ਼ਾਂਤੀ, ਪ੍ਰੇਮ ਤੇ ਸੇਵਾ ਦਾ ਪੈਗ਼ਾਮ ਦਿੱਤਾ ਗਿਆ | ਗੁਰਦੁਆਰਿਆਂ ਵਿਚ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਉਪਰੰਤ ਰਾਗੀ, ਢਾਡੀ ਜਥਿਆਂ ਅਤੇ ਕਥਾਵਾਚਕਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਦਾ ਵਿਖਿਆਨ ਅਤੇ ਗੁਰਬਾਣੀ ਗਾਇਨ ਕੀਤਾ | ਗੁਰਦੁਆਰਾ ਸ੍ਰੀ ਭੱਠਾ ਸਾਹਿਬ, ਗੁਰਦੁਆਰਾ ਸਿੰਘ ਸਭਾ ਰੂਪਨਗਰ, ਗੁਰਦੁਆਰਾ ਧੰਨ ਧੰਨ ਬਾਬਾ ਦੀਪ ਸਿੰਘ ਸ਼ਹੀਦ ਸੋਲਖੀਆਂ, ਗੁਰਦੁਆਰਾ ਟਿੱਬੀ ਸਾਹਿਬ ਹੈੱਡ ਦਰਬਾਰ ਕੋਟ ਪੁਰਾਣ, ਗੁਰਦੁਆਰਾ ਕਲਗ਼ੀਧਰ ਟਿੱਬੀ ਸਾਹਿਬ ਅਤੇ ਹੋਰ ਕਈ ਪਿੰਡਾਂ ਦੇ ਗੁਰੂ ਘਰਾਂ ਵਿਚ ਧਾਰਮਿਕ ਸਮਾਗਮ ਕਰਵਾਏ ਗਏ | ਹਰ ਗੁਰਦੁਆਰੇ ਨੂੰ ਸਜਾਇਆ ਗਿਆ ਸੀ, ਦੀਵਾਨ ਹਾਲ ਮਹਿਕ ਰਹੇ ਸਨ ਅਤੇ ਹਰ ਥਾਂ ''ਧੰਨ ਗੁਰੂ ਨਾਨਕUਦੇ ਜੈਕਾਰਿਆਂ ਦੀ ਗੂੰਜ ਸੀ | ਸਵੇਰੇ ਹਜ਼ਾਰਾਂ ਸੰਗਤਾਂ ਨੇ ਗੁਰੂ ਘਰਾਂ ਵਿਚ ਮੱਥਾ ਟੇਕਿਆ, ਅਰਦਾਸਾਂ ਕੀਤੀਆਂ ਅਤੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਦਾ ਪਾਠ ਸੁਣਿਆ | ਇਸ ਮੌਕੇ ਵੱਖ-ਵੱਖ ਧਾਰਮਿਕ ਤੇ ਸਮਾਜਿਕ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ ਅਤੇ ਗੁਰੂ ਨਾਨਕ ਦੇਵ ਜੀ ਦੇ ਸਿਧਾਂਤਾਂ ਤੇ ਚੱਲਣ ਦੀ ਅਪੀਲ ਕੀਤੀ | ਵਿਦਵਾਨਾਂ ਨੇ ਕਿਹਾ ਕਿ ਅੱਜ ਗੁਰੂ ਨਾਨਕ ਦੇਵ ਜੀ ਨੂੰ ਮੰਨਣ ਵਾਲੇ ਤਾਂ ਬਹੁਤ ਨੇ ਪਰ ਗੁਰੂ ਨਾਨਕ ਦੇਵ ਜੀ ਦੀ ਮੰਨਣ ਵਾਲਿਆਂ ਦੀ ਘਾਟ ਹੋ ਗਈ ਹੈ ਜੋ ਬਾਬਾ ਨਾਨਕ ਨੂੰ ਤਾਂ ਯਾਦ ਕਰਦੇ ਹਨ ਪਰ ਬਾਬੇ ਨਾਨਕ ਵਲੋਂ ਦਰਸਾਏ ਰਾਹ ਤੋਂ ਭਟਕ ਜਾਂਦੇ ਹਨ,ਗੁਰੂ ਨਾਨਕ ਸਾਹਿਬ ਨੇ ''ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋUਦਾ ਜੋ ਜੀਵਨ ਮੰਤਰ ਦਿੱਤਾ ਸੀ, ਉਹ ਅੱਜ ਵੀ ਮਨੁੱਖਤਾ ਲਈ ਸਭ ਤੋਂ ਵੱਡਾ ਸਬਕ ਹੈ | ਪਰ ਨਾਨਕ ਦੇਵ ਜੀ ਨੇ ਸਮਾਜ ਨੂੰ ਵਹਿਮਾਂ-ਭਰਮਾਂ, ਜਾਤ-ਪਾਤ, ਊਚ-ਨੀਚ ਤੇ ਅੰਧਵਿਸ਼ਵਾਸਾਂ ਤੋਂ ਉੱਪਰ ਉੱਠ ਕੇ ਇਕੱਤਰ ਤੇ ਸਹਿਜਤਾ ਦੀ ਰਾਹ 'ਤੇ ਤੁਰਨ ਦਾ ਜੋ ਪੈਗ਼ਾਮ ਦਿੱਤਾ ਸੀ, ਉਹ ਅੱਜ ਵੀ ਅਧੂਰਾ ਜਾਪਦਾ ਹੈ | ਕਈ ਵਿਦਵਾਨਾਂ ਨੇ ਹੈਰਾਨੀ ਜਤਾਈ ਕਿ ਅੱਜ ਦੇ ਦੌਰ ਵਿਚ ਜਦੋਂ ਲੋਕ ਗੁਰੂ ਘਰਾਂ ਵਿਚ ਸ਼ਰਧਾ ਨਾਲ ਮੱਥਾ ਟੇਕਣ ਆਉਂਦੇ ਹਨ, ਤਦ ਵੀ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਤੇ ਪੂਰੀ ਤਰ੍ਹਾਂ ਅਮਲ ਕਰਨ ਵਿਚ ਕਮੀ ਰਹਿ ਜਾਂਦੀ ਹੈ | ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੀ ਬਾਣੀ ਸਿਰਫ਼ ਸੁਣਨ ਲਈ ਨਹੀਂ, ਸਗੋਂ ਜੀਵਨ ਵਿਚ ਉਤਾਰਨ ਲਈ ਹੈ | ਜੇ ਅਸੀਂ ਸੱਚਮੁੱਚ ਗੁਰੂ ਸਾਹਿਬ ਦੇ ਉਪਦੇਸ਼ਾਂ ਸਚਾਈ, ਸਮਾਨਤਾ, ਸੇਵਾ ਤੇ ਨਿਰਮਾਤਾ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਈਏ, ਤਾਂ ਸਮਾਜ ਵਿਚੋਂ ਜਾਤ-ਪਾਤ, ਵੈਰ-ਵਿਰੋਧ ਤੇ ਭੇਦਭਾਵ ਦੀਆਂ ਦੀਵਾਰਾਂ ਖ਼ਤਮ ਹੋ ਸਕਦੀਆਂ ਹਨ | ਰੂਪਨਗਰ ਸ਼ਹਿਰ ਦੇ ਮੁੱਖ ਗੁਰਦੁਆਰਿਆਂ ਤੋਂ ਇਲਾਵਾ ਪਿੰਡ ਪੱਧਰ 'ਤੇ ਵੀ ਪ੍ਰਭਾਤ ਫੇਰੀਆਂ, ਨਗਰ ਕੀਰਤਨ ਤੇ ਜਥੇਬੰਦੀਆਂ ਵਲੋਂ ਸੇਵਾ ਦੇ ਵਿਸ਼ੇਸ਼ ਪ੍ਰੋਗਰਾਮ ਕੀਤੇ ਗਏ | ਲੰਗਰ ਸੇਵਾ ਦਾ ਪ੍ਰਬੰਧ ਕੀਤਾ ਗਿਆ ਜੋ ਵਿਚ ਸੰਗਤਾਂ ਨੇ ਪੰਗਤ 'ਚ ਬੈਠ ਕੇ ਛਕਿਆ |
ਖ਼ਾਲਸਾ ਸਕੂਲ ਜੰਡ ਸਾਹਿਬ 'ਚ
ਬੇਲਾ ਤੋਂ ਮਨਜੀਤ ਸਿੰਘ ਸੈਣੀ ਅਨੁਸਾਰ-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਸਾਹਿਬ ਦੇ ਪ੍ਰਬੰਧ ਅਧੀਨ ਚੱਲ ਰਹੇ ਖ਼ਾਲਸਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਜੰਡ ਸਾਹਿਬ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਬਹੁਤ ਹੀ ਉਤਸ਼ਾਹ ਅਤੇ ਸ਼ਰਧਾ ਪੂਰਵਕ ਮਨਾਇਆ ਗਿਆ | ਸੰਸਥਾ ਦੇ ਅਬਜ਼ਰਵਰ ਸ੍ਰੀਮਤੀ ਰਜਿੰਦਰ ਕੌਰ ਪਿ੍ੰਸੀਪਲ ਖ਼ਾਲਸਾ ਕਾਲਜ ਫ਼ਾਰ ਵੋਮੈਨ ਸ੍ਰੀ ਝਾੜ ਸਾਹਿਬ ਜੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦਿਆਂ ਸਭ ਤੋਂ ਪਹਿਲਾਂ ਸੰਸਥਾ ਦੇ ਸਮੂਹ ਸਟਾਫ਼ ਮੈਂਬਰਾਂ ਅਤੇ ਵਿਦਿਆਰਥੀਆਂ ਵਲੋਂ 'ਸ੍ਰੀ ਜਪੁ ਜੀ' ਸਾਹਿਬ ਸ੍ਰੀ ਚੌਪਈ ਸਾਹਿਬ' ਅਤੇ 'ਸ੍ਰੀ ਅਨੰਦ ਸਾਹਿਬ' ਜੀ ਦੀ ਬਾਣੀ ਦੇ ਜਾਪ ਸੰਗਤੀ ਰੂਪ ਵਿਚ ਕੀਤੇ ਗਏ ਤੇ ਅਰਦਾਸ ਬੇਨਤੀ ਕੀਤੀ ਗਈ | ਅਰਦਾਸ ਤੋਂ ਉਪਰੰਤ ਪ੍ਰੋਗਰਾਮ ਦੀ ਸ਼ੁਰੂਆਤ ਪ੍ਰਭ ਸਿਮਰਨ ਕੌਰ ਤੇ ਸਾਥਣਾਂ ਦੁਆਰਾ ਬਹੁਤ ਹੀ ਮਿੱਠੀ ਤੇ ਸੁਰੀਲੀ ਆਵਾਜ਼ ਵਿਚ ਗਾਏ ਗਏ ਗੁਰਬਾਣੀ ਦੇ ਸ਼ਬਦ ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣ ਹੋਆ ਅਤੇ ਨਵਨੀਤ ਕੌਰ ਅਤੇ ਸਾਥਣਾਂ ਦੁਆਰਾ ਗਾਏ ਸ਼ਬਦ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਦੁਆਰਾ ਹੋਈ | ਇਸ ਮੌਕੇ ਵਿਦਿਆਰਥੀਆਂ ਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਸੰਬੰਧਿਤ ਸਾਖੀਆਂ ਪੜ੍ਹੀਆਂ ਗਈਆਂ | ਰਵਨੀਤ ਕੌਰ ,ਗੁਰਨੂਰ ਕੌਰ, ਜਸਮੀਤ ਕੌਰ ,ਜਪਨੀਤ ਕੌਰ ਅਤੇ ਜੈਨੀਤਾ ਵਲੋਂ ਕਵਿਤਾਵਾਂ ਪੇਸ਼ ਕੀਤੀਆਂ ਗਈਆਂ | ਪਰਮਿੰਦਰ ਸਿੰਘ ਤੇ ਸੰਦੀਪ ਸਿੰਘ ਵਲੋਂ ਕਵੀਸ਼ਰੀ ਦੀ ਸ਼ਾਨਦਾਰ ਪੇਸ਼ਕਾਰੀ ਕੀਤੀ ਗਈ | ਤਮਨਪ੍ਰੀਤ ਕੌਰ ਤੇ ਨਵਨੀਤ ਕੌਰ ਵੱਲੋਂ ਵੀ ਬਹੁਤ ਹੀ ਸੁਰੀਲੀ ਅਵਾਜ਼ ਤੇ ਜੋਸ਼ੀਲੇ ਅੰਦਾਜ਼ ਵਿਚ ਕਵੀਸ਼ਰੀ ਗਾਈ ਗਈ | ਵੱਖ-ਵੱਖ ਹਾਊਸਾਂ ਵਿਚਕਾਰ ਗੁਰੂ ਜੀ ਦੇ ਜੀਵਨ ਨਾਲ ਸੰਬੰਧਿਤ ਚਾਰਟ ਬਣਾਉਣ ਦੇ ਮੁਕਾਬਲੇ ਕਰਵਾਏ ਗਏ | ਸਟੇਜ ਸੈਕਟਰੀ ਦੀ ਭੂਮਿਕਾ ਜਸਵੰਤ ਸਿੰਘ ਡੀ.ਪੀ.ਈ. ਵਲੋਂ ਨਿਭਾਈ ਗਈ | ਉਨ੍ਹਾਂ ਵਿਦਿਆਰਥੀਆਂ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਦੀ ਵਿਸਥਾਰ ਪੂਰਵਕ ਜਾਣਕਾਰੀ ਵੀ ਦਿੱਤੀ | ਪਿ੍ੰਸੀਪਲ ਰਜਿੰਦਰ ਕੌਰ ਜੀ ਨੇ ਵਿਦਿਆਰਥੀਆਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਅਜਿਹੇ ਸਮਾਗਮਾਂ ਵਿਚ ਹਿੱਸਾ ਲੈਣਾ ਚਾਹੀਦਾ ਹੈ ਤੇ ਸਾਨੂੰ ਗੁਰੂ ਜੀ ਦੀਆਂ ਸਿੱਖਿਆਵਾਂ ਤੇ ਚੱਲਣਾ ਚਾਹੀਦਾ ਹੈ | ਵਹਿਮਾਂ ਭਰਮਾਂ ਤੋਂ ਦੂਰ ਰਹਿ ਕੇ ਸੱਚ ਦੇ ਮਾਰਗ ਤੇ ਚੱਲਦਿਆਂ ਜੀਵਨ ਬਤੀਤ ਕਰਨਾ ਚਾਹੀਦਾ ਹੈ | ਉਨ੍ਹਾਂ ਸਮੂਹ ਸਟਾਫ਼, ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਗੁਰਪੁਰਬ ਦੀਆਂ ਵਧਾਈਆਂ ਦਿੱਤੀਆਂ |
ਸ੍ਰੀ ਚਮਕੌਰ ਸਾਹਿਬ ਵਿਖੇ
ਸ੍ਰੀ ਚਮਕੌਰ ਸਾਹਿਬ ਤੋਂ ਜਗਮੋਹਣ ਸਿੰਘ ਨਾਰੰਗ ਅਨੁਸਾਰ-ਸ੍ਰੀ ਗੁਰੂ ਨਾਨਕ ਦੇਵ ਜੀ ਦਾ ਆਗਮਨ ਪੂਰਬ ਸ੍ਰੀ ਚਮਕੌਰ ਸਾਹਿਬ ਇਲਾਕੇ ਭਰ 'ਚ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ | ਇਸ ਮੌਕੇ ਇੱਥੋਂ ਦੇ ਸਮੂਹ ਗੁਰੂ ਘਰਾਂ 'ਚ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਉਪਰੰਤ ਕੀਰਤਨੀ ਅਤੇ ਢਾਡੀ ਜਥਿਆਂ ਵਲੋਂ ਸੰਗਤਾਂ ਨੂੰ ਬਾਣੀ ਨਾਲ ਜੋੜਿਆ ਗਿਆ | ਇੱਥੋਂ ਦੇ ਇਤਿਹਾਸਕ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਵਿਖੇ ਹੋਏ ਮੁੱਖ ਸਮਾਗਮ ਵਿਚ ਭਾਈ ਗੁਰਪ੍ਰੀਤ ਸਿੰਘ ਹਜ਼ੂਰੀ ਰਾਗੀ, ਭਾਈ ਨਰਿੰਦਰ ਸਿੰਘ ਹਜ਼ੂਰੀ ਰਾਗੀ, ਭਾਈ ਕਿਰਨਜੋਤ ਸਿੰਘ ਹਜ਼ੂਰੀ ਰਾਗੀ ਜਥਿਆਂ ਅਤੇ ਕਥਾ ਵਾਚਕ ਗਿਆਨੀ ਗੁਰਬਾਜ ਸਿੰਘ ਵਲੋਂ ਸੰਗਤਾਂ ਨੂੰ ਕੀਰਤਨ ਅਤੇ ਗੁਰਮਤਿ ਵਿਚਾਰਾਂ ਨਾਲ ਨਿਹਾਲ ਕੀਤਾ ਗਿਆ | ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਪਰਮਜੀਤ ਸਿੰਘ ਲੱਖੇਵਾਲ, ਮੈਨੇਜਰ ਭਾਈ ਗੁਰਮੁੱਖ ਸਿੰਘ ਢੋਲੇਵਾਲ, ਜਥੇਦਾਰ ਹਰਬੰਸ ਸਿੰਘ ਕੰਧੋਲਾ, ਅਮਨਦੀਪ ਸਿੰਘ ਮਾਂਗਟ, ਜਥੇਦਾਰ ਪ੍ਰੀਤਮ ਸਿੰਘ ਸੱਲ੍ਹੋਮਾਜਰਾ, ਜਥੇਦਾਰ ਗੁਰਮੀਤ ਸਿੰਘ ਮਕੜੋਨਾ, ਨਗਰ ਕੌਸ਼ਲ ਸ੍ਰੀ ਚਮਕੌਰ ਸਾਹਿਬ ਦੇ ਪ੍ਰਧਾਨ ਸਮਸ਼ੇਰ ਸਿੰਘ ਭੰਗੂ, ਜਸਵੀਰ ਸਿੰਘ ਸੈਦਪੁਰ, ਸੰਤ ਸਿੰਘ ਦਿਓਲ ਆਦਿ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਨਤਮਸਤਕ ਹੋਈਆਂ | ਇਸੇ ਤਰਾਂ ਗੁਰਦੁਆਰਾ ਸ੍ਰੀ ਦਸ਼ਮੇਸ਼ਗੜ੍ਹ ਸਾਹਿਬ ਭੈਰੋਮਾਜਰਾ, ਸੈਦਪੁਰ, ਕੰਧੋਲਾ, ਕੀੜੀ ਆਂਗਾਨਾ,ਖੇੜੀ ਸਲਾਬਤਪੁਰ, ਭੋਜੇਮਾਜਰਾ, ਤਾਲਾਪੁਰ, ਡਹਿਰ, ਮੁੰਡੀਆਂ ਸੱਲ੍ਹੋਮਾਜਰਾ, ਭੱਕੂਮਾਜਰਾ, ਬਸੀ ਗੁੱਜਰਾਂ, ਕਤਲੌਰ, ਸੰਧੂਆਂ, ਮਕੜੋਨਾ, ਰੁੜਕੀ ਹੀਰਾਂ, ਬਰਸਾਲਪੁਰ ਪਿੰਡਾਂ ਵਿਚ ਵੀ ਪ੍ਰਕਾਸ਼ ਦਿਹਾੜਾ ਬੜੀ ਸ਼ਰਧਾਂ ਭਾਵਨਾ ਨਾਲ ਮਨਾਇਆ ਗਿਆ |
ਪਿਪਸ ਸ੍ਰੀ ਚਮਕੌਰ ਸਾਹਿਬ ਵਿਖੇ ਸ਼ਬਦ ਗਾਇਨ ਦੇ ਕਰਵਾਏ ਮੁਕਾਬਲੇ
ਸ੍ਰੀ ਚਮਕੌਰ ਸਾਹਿਬ ਤੋਂ ਜਗਮੋਹਣ ਸਿੰਘ ਨਾਰੰਗ ਅਨੁਸਾਰ-ਪੰਜਾਬ ਇੰਟਰਨੈਸ਼ਨਲ ਪਬਲਿਕ ਸਕੂਲ ਸ੍ਰੀ ਚਮਕੌਰ ਸਾਹਿਬ ਵਿਖੇ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ | ਜਾਣਕਾਰੀ ਦਿੰਦਿਆਂ ਪਿ੍ੰਸੀਪਲ ਸੁਰਜੀਤ ਸਿੰਘ ਨੇ ਦੱਸਿਆ ਕਿ ਕਰਵਾਏ ਵਿਸ਼ੇਸ਼ ਸਮਾਗਮ ਦੌਰਾਨ ਸਕੂਲ ਦੇ ਚਾਰੇ ਹਾਊਸਾਂ ਦੇ ਵਿਦਿਆਰਥੀਆਂ ਦਾ ਸ਼ਬਦ ਗਾਇਨ ਮੁਕਾਬਲਾ ਕਰਵਾਇਆ ਗਿਆ | ਚਾਰੇ ਹਾਊਸਾਂ ਦੇ ਵਿਦਿਆਰਥੀਆਂ ਨੇ ਸੁੰਦਰ ਆਵਾਜ਼ ਵਿਚ ਸ਼ਬਦ ਗਾਇਨ ਕੀਤੇ | ਜਿਨ੍ਹਾਂ ਵਿਚ ਸਾਹਿਬਜ਼ਾਦਾ ਫ਼ਤਿਹ ਸਿੰਘ ਜੀ ਹਾਊਸ ਨੇ ਪਹਿਲਾ , ਸਾਹਿਬਜ਼ਾਦਾ ਜ਼ੋਰਾਵਰ ਸਿੰਘ ਜੀ ਹਾਊਸ ਨੇ ਦੂਜਾ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਹਾਊਸ ਨੇ ਤੀਜਾ ਅਤੇ ਸਾਹਿਬਜ਼ਾਦਾ ਅਜੀਤ ਸਿੰਘ ਜੀ ਹਾਊਸ ਨੇ ਚੌਥਾ ਸਥਾਨ ਹਾਸਲ ਕੀਤਾ | ਸਕੂਲ ਦੇ ਪ੍ਰਧਾਨ ਗੁਰਦੇਵ ਸਿੰਘ ਅਟਵਾਲ, ਐਮ. ਡੀ. ਸ੍ਰੀ ਮਤੀ ਸ਼ਿੰਦਰਪਾਲ ਕੌਰ ਅਟਵਾਲ ਵਲੋਂ ਪਾਵਨ ਪੁਰਬ ਦੀਆਂ ਵਧਾਈਆਂ ਦਿੰਦਿਆਂ ਸਾਰਿਆਂ ਨੂੰ ਗੁਰੂ ਜੀ ਦੇ ਉਪਦੇਸ਼ਾਂ ਅਨੁਸਾਰ ਜੀਵਨ ਜਿਊਣ ਦੀ ਪ੍ਰੇਰਨਾ ਦਿੱਤੀ |
ਪਿ੍ੰਸੀਪਲ ਸੁਰਜੀਤ ਸਿੰਘ ਨੇ ਬਾਬੇ ਨਾਨਕ ਦੀ ਜੀਵਨੀ ਅਤੇ ਉਦਾਸੀਆਂ ਬਾਰੇ ਜਾਣਕਾਰੀ ਦਿੱਤੀ | ਇਸ ਮੌਕੇ ਮੈਨੇਜਰ ਪ੍ਰੀਤਪਾਲ ਕੌਰ ਅਟਵਾਲ, ਇਸਟੇਟ ਇੰਚਾਰਜ ਅਰਸ਼ਦੀਪ ਸਿੰਘ ਬਰਾੜ, ਵਾਈਸ ਪਿ੍ੰਸੀਪਲ ਮਨਦੀਪ ਕੌਰ ਮਾਹਲ ਸਮੇਤ ਸਮੂਹ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ |
ਮਿਸਤਰੀਆਂ, ਮਜ਼ਦੂਰਾਂ ਵਲੋਂ
ਸ੍ਰੀ ਚਮਕੌਰ ਸਾਹਿਬ ਤੋਂ ਜਗਮੋਹਣ ਸਿੰਘ ਨਾਰੰਗ ਅਨੁਸਾਰ-ਮਿਸਤਰੀਆਂ, ਮਜ਼ਦੂਰਾਂ ਦੀ ਜਥੇਬੰਦੀ ਸ੍ਰੀ ਵਿਸ਼ਵਕਰਮਾ ਬਿਲਡਿੰਗ ਉਸਾਰੀ ਕਿਰਤੀ ਕਾਮਾ ਯੂਨੀਅਨ (ਸਬੰਧਿਤ ਇਫਟੂ) ਬਲਾਕ ਸ੍ਰੀ ਚਮਕੌਰ ਸਾਹਿਬ ਵਲੋਂ ਲੇਬਰ ਚੌਂਕ ਵਿਖੇ ਕਿਰਤ ਦੀ ਰਾਖੀ ਦਾ ਸੱਦਾ ਦਿੰਦੇ ਹੋਏ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਗਿਆ | ਮਜ਼ਦੂਰਾਂ ਮਿਸਤਰੀਆਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਪ੍ਰਧਾਨ ਬਲਵਿੰਦਰ ਸਿੰਘ ਭੈਰੋ ਮਾਜਰਾ, ਜੁਆਇੰਟ ਸਕੱਤਰ ਸਤਵਿੰਦਰ ਸਿੰਘ ਨੀਟਾ, ਮੁੱਖ ਸਲਾਹਕਾਰ ਮਲਾਗਰ ਸਿੰਘ ਨੇ ਸਮੁੱਚੇ ਮਿਹਨਤਕਸ਼ ਲੋਕਾਂ ਨੂੰ ਜਿੱਥੇ ਬਾਬੇ ਨਾਨਕ ਦੇ ਪ੍ਰਕਾਸ਼ ਦਿਹਾੜੇ ਮੌਕੇ ਮੁਬਾਰਕਬਾਦ ਦਿੱਤੀ ਉੱਥੇ ਹੀ ਫਿਰਕਾਪ੍ਰਸਤ ਲੁਟੇਰੇ ਕਾਰਪੋਰੇਟ ਪੱਖੀ ਹਾਕਮ ਜਮਾਤਾਂ ਦੀਆਂ ਮਿਹਨਤਕਸ਼ ਲੋਕਾਂ ਪ੍ਰਤੀ ਪਾੜੋ ਤੇ ਰਾਜ ਕਰੋ ਦੀ ਨੀਤੀਆਂ ਤੋਂ ਸੁਚੇਤ ਹੋ ਕੇ ਜਥੇਬੰਦ ਹੋਣ ਦਾ ਸੱਦਾ ਦਿੱਤਾ | ਇਸ ਮੌਕੇ ਯੂਨੀਅਨ ਵਲੋਂ ਲੱਡੂ ਵੰਡੇ ਗਏ | ਇਸ ਮੌਕੇ ਸੁਰਿੰਦਰ ਸਿੰਘ, ਗੁਰਮੇਲ ਸਿੰਘ, ਅਜੈਬ ਸਿੰਘ ਸਮਾਣਾ, ਮਨਮੋਹਣ ਸਿੰਘ ਕਾਲਾ, ਕਮਲਜੀਤ ਸਿੰਘ ਗੁਰਪ੍ਰੀਤ ਸਿੰਘ ਬਿੱਟੂ, ਪ੍ਰੀਤਮ ਸਿੰਘ, ਮੱਖਣ ਸਿੰਘ, ਜਗਜੀਤ ਸਿੰਘ, ਦਰਸ਼ਨ ਸਿੰਘ , ਗੁਲਾਬ ਚੰਦ ਚੌਹਾਨ, ਰਮੇਸ਼ ਕੁਮਾਰ ਕਾਕਾ, ਦਲਵੀਰ ਸਿੰਘ ਜਟਾਣਾ, ਮਿਸਤਰੀ ਖਾਨ, ਸ਼ਮਸ਼ੇਰ ਸਿੰਘ ਆਦਿ ਹਾਜ਼ਰ ਸਨ |
ਲੋਧੀ ਮਾਜਰਾ ਵਿਖੇ ਨਗਰ ਕੀਰਤਨ ਸਜਾਇਆ
ਘਨੌਲੀ ਤੋਂ ਜਸਵੀਰ ਸਿੰਘ ਸੈਣੀ ਅਨੁਸਾਰ-ਨੇੜਲੇ ਪਿੰਡ ਲੋਧੀ ਮਾਜਰਾ ਵਿਖੇ ਗੁਰਦੁਆਰਾ ਗੁਰ ਸਾਗਰ ਸਾਹਿਬ ਵਿਚੋਂ ਪਹਿਲੀ ਪਾਤਸ਼ਾਹ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦੇ ਹੋਏ ਸੰਗਤ ਵਲੋਂ ਨਗਰ ਕੀਰਤਨ ਸਜਾਇਆ ਗਿਆ | ਜਿਸ ਵਿਚ ਇਲਾਕੇ ਦੀ ਸੰਗਤ ਵਲੋਂ ਸ਼ਮੂਲੀਅਤ ਕੀਤੀ ਗਈ | ਇਸ ਮੌਕੇ ਮਾਸਟਰ ਜਗਤਾਰ ਸਿੰਘ ਲੋਦੀ ਮਾਜਰਾ, ਸਰਪੰਚ ਗੁਰਮੁਖ ਸਿੰਘ ਤਜਿੰਦਰ ਸਿੰਘ ਗੋਰਾ ਮਹਿਮਾ ਸਿੰਘ ਨਰਿੰਦਰ ਸਿੰਘ ਬਾਬਾ ਮੱਘਰ ਸਿੰਘ ਮਨਜੀਤ ਸਿੰਘ ਅਤੇ ਹੋਰ ਸੰਗਤ ਹਾਜ਼ਰ ਸੀ |
ਪਿੰਡ ਬੈਂਸ ਵਿਖੇ ਪ੍ਰਕਾਸ਼ ਪੁਰਬ ਮਨਾਇਆ
ਨੂਰਪੁਰ ਬੇਦੀ ਤੋਂ ਵਿੰਦਰਪਾਲ ਝਾਂਡੀਆਂ ਅਨੁਸਾਰ-ਪਿੰਡ ਬੈਂਸ ਵਿਖੇ ਸਥਿਤ ਗੁਰਦੁਆਰਾ ਸਿੰਘ ਸਭਾ ਵਿਚ ਅੱਜ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ 556ਵਾਂ ਪ੍ਰਕਾਸ਼ ਪੁਰਬ ਸੰਗਤਾਂ ਵਲੋਂ ਕਾਫ਼ੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਸਭ ਤੋਂ ਪਹਿਲਾ ਇਸ ਮੌਕੇ ਤੇ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ | ਉਪਰੰਤ ਭਾਈ ਨਿਰਮਲ ਸਿੰਘ ਸ੍ਰੀ ਅਨੰਦਪੁਰ ਸਾਹਿਬ ਵਾਲਿਆਂ ਦੇ ਕੀਰਤਨੀ ਜਥੇ ਨੇ ਸੰਗਤ ਨੂੰ ਇਲਾਹੀ ਬਾਣੀ ਨਾਲ ਜੋੜਿਆ ਤੇ ਗੁਰੂ ਸਾਹਿਬ ਵਲੋਂ ਦਿੱਤੇ ਕਿਰਤ ਕਰੋ ਨਾਮ ਜਪੋ ਵੰਡ ਛਕੋ ਦੇ ਸੰਦੇਸ਼ ਫ਼ਲਸਫ਼ੇ ਨੂੰ ਆਪਣੇ ਜੀਵਨ 'ਚ ਅਪਣਾਉਣ ਲਈ ਪ੍ਰੇਰਿਤ ਕੀਤਾ | ਅਤੇ ਸ਼ਬਦ ਕੀਰਤਨ ਰਾਹੀ ਗੁਰੂ ਸਾਹਿਬਾਨ ਦੀ ਮਹਿਮਾ ਦਾ ਗੁਣਗਾਨ ਕੀਤਾ | ਇਸ ਮੌਕੇ 'ਤੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ | ਇਸ ਮੌਕੇ ਪ੍ਰਧਾਨ ਭਾਗ ਸਿੰਘ ਫ਼ੌਜੀ, ਬਾਬਾ ਮਹਿੰਦਰ ਸਿੰਘ, ਗਿਆਨੀ ਹਰਦਿਆਲ ਸਿੰਘ, ਸਕੱਤਰ ਹਰਮਿੰਦਰ ਸਿੰਘ ਬੈਂਸ, ਮੱਖਣ ਸਿੰਘ ਬਾਠ, ਜਸਵਿੰਦਰ ਸਿੰਘ ਬਾਂਠ, ਮੱਖਣ ਸਿੰਘ ਬੈਂਸ ਪ੍ਰਧਾਨ ਗੁਰੂ ਰਾਮਦਾਸ ਸਮਾਜ ਸੇਵਾ ਸੋਸਾਇਟੀ, ਸੁਰਜੀਤ ਸਿੰਘ ਬੈਂਸ, ਧਰਮ ਸਿੰਘ ਬੈਂਸ ਆਦਿ ਸਮੇਤ ਵੱਡੀ ਗਿਣਤੀ 'ਚ ਸੰਗਤਾਂ ਹਾਜ਼ਰ ਸੀ |
ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਏ
ਘਨੌਲੀ ਤੋਂ ਜਸਵੀਰ ਸਿੰਘ ਸੈਣੀ ਅਨੁਸਾਰ-ਸ੍ਰੀ ਗੁਰੂ ਨਾਨਕ ਦੇਵ ਜੀ ਪ੍ਰਕਾਸ਼ ਪੁਰਬ ਨੂੰ ਸਮਰਪਿਤ ਘਨੌਲੀ ਤੋਂ ਇਲਾਵਾ ਨਾਲ ਲੱਗਦੇ ਪਿੰਡਾਂ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਧਾਰਮਿਕ ਸਮਾਗਮ ਕਰਵਾਏ ਗਏ | ਇਸ ਮੌਕੇ ਪ੍ਰਬੰਧਕਾਂ ਪ੍ਰਧਾਨ ਡਾਕਟਰ ਜਸਵੀਰ ਸਿੰਘ, ਸਕੱਤਰ ਲਾਭ ਸਿੰਘ , ਖ਼ਜ਼ਾਨਚੀ ਦਵਿੰਦਰ ਸਿੰਘ ਨੇ ਦੱਸਿਆ ਕਿ ਰੱਖੇ ਹੋਏ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਨਗਰ ਦੇ ਬੱਚਿਆਂ ਵਲੋਂ ਕੀਰਤਨ ਕੀਤਾ ਗਿਆ | ਉਪਰੰਤ ਭਾਈ ਹਰਜਿੰਦਰ ਸਿੰਘ ਰਾਜਾ ਦੇ ਕੀਰਤਨੀ ਜਿੱਥੇ ਵਲੋਂ ਸੰਗਤਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਸਬੰਧੀ ਕਥਾ ਵਿਚਾਰਾ ਤੇ ਰਸ ਭਿੰਨ ਕੀਰਤਨ ਕੀਤਾ ਅਤੇ ਸੰਗਤਾਂ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਸਿੱਖਿਆਵਾਂ ਤੇ ਚੱਲਣ ਦੀ ਨਸੀਹਤ ਦਿੱਤੀ | ਇਸ ਦੌਰਾਨ ਵੱਡੀ ਗਿਣਤੀ ਵਿਚ ਨੌਜਵਾਨਾਂ ਨੇ ਸੇਵਾ ਕਰਕੇ ਲਾਹਾ ਖੱਟਿਆ | ਸਮਾਗਮ ਦੇ ਨਾਲ ਨਾਲ ਜਿੱਥੇ ਸੰਗਤਾਂ ਦੇ ਲਈ ਚਾਹ ਪਕੌੜਿਆਂ ਦੇ ਲੰਗਰ ਲਗਾਏ ਗਏ | ਉੱਥੇ ਹੀ ਸਮਾਪਤੀ ਤੇ ਗੁਰੂ ਦੇ ਲੰਗਰ ਅਤੁੱਟ ਵਰਤਾਏ ਗਏ |
ਗੁਰਮਤਿ ਸਮਾਗਮ ਕਰਵਾਇਆ
ਮੋਰਿੰਡਾ ਤੋਂ ਪਿ੍ਤਪਾਲ ਸਿੰਘ ਅਨੁਸਾਰ-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਡੇਰਾ ਕਾਰ ਸੇਵਾ ਮੋਰਿੰਡਾ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਸ੍ਰੀ ਕੋਤਵਾਲੀ ਸਾਹਿਬ ਵਿਖੇ ਗੁਰਮਤਿ ਸਮਾਗਮ ਕਰਵਾਇਆ ਗਿਆ | ਇਸ ਸਬੰਧੀ ਗੁਰਦੁਆਰਾ ਸ੍ਰੀ ਕੋਤਵਾਲੀ ਸਾਹਿਬ ਦੇ ਮੈਨੇਜਰ ਦਵਿੰਦਰ ਸਿੰਘ ਨੇ ਦੱਸਿਆ ਕਿ ਇਸ ਮੌਕੇ ਵੱਡੀ ਗਿਣਤੀ ਵਿਚ ਸੰਗਤਾਂ ਨੇ ਸ਼ਮੂਲੀਅਤ ਕੀਤੀ | ਸਮਾਗਮ ਦੌਰਾਨ ਗੁਰਦੁਆਰਾ ਸ੍ਰੀ ਕੋਤਵਾਲੀ ਸਾਹਿਬ ਦੇ ਹਜ਼ੂਰੀ ਰਾਗੀ ਸੇਵਕ ਸਿੰਘ ਕੰਵਲ, ਭਾਈ ਸ਼ਰਨਜੀਤ ਸਿੰਘ ਫ਼ਤਿਹਗੜ੍ਹ ਸਾਹਿਬ ਵਾਲੇ, ਭਾਈ ਮਨਪ੍ਰੀਤ ਸਿੰਘ ਚੰਡੀਗੜ੍ਹ ਵਾਲੇ, ਭਾਈ ਜੁਗਰਾਜ ਸਿੰਘ ਫਗਵਾੜੇ ਵਾਲੇ, ਭਾਈ ਗੁਰਮਿੰਦਰ ਸਿੰਘ ਸਿੰਘਾ ਪੁਰ ਵਾਲੇ , ਅਤੇ ਭਾਈ ਰਣਜੀਤ ਸਿੰਘ ਸ੍ਰੀ ਦਰਬਾਰ ਸਾਹਿਬ ਅਮਿ੍ਤਸਰ ਸਾਹਿਬ ਵਾਲਿਆਂ ਨੇ ਆਪਣੇ ਜਥਿਆਂ ਸਮੇਤ ਕਥਾ, ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ | ਇਸ ਮੌਕੇ ਆਪ ਦੇ ਸੀਨੀਅਰ ਆਗੂ ਬੀਰਦਵਿੰਦਰ ਸਿੰਘ ਬਲਾਂ, ਨਗਰ ਕੌਂਸਲ ਮੋਰਿੰਡਾ ਦੇ ਪ੍ਰਧਾਨ ਜਗਦੇਵ ਸਿੰਘ ਭਟੋਆ, ਮੀਤ ਪ੍ਰਧਾਨ ਗੁਰਪ੍ਰੀਤ ਕੌਰ, ਮਾਰਕੀਟ ਕਮੇਟੀ ਮੋਰਿੰਡਾ ਦੇ ਚੇਅਰਮੈਨ ਐਨ ਪੀ ਰਾਣਾ, ਹਰਜੀਤ ਸਿੰਘ ਸੋਢੀ, ਸੰਗਤ ਸਿੰਘ ਭਾਮੀਆਂ, ਆਪ ਆਗੂ ਨਵਦੀਪ ਸਿੰਘ ਟੋਨੀ, ਨਿਰਮਲ ਸਿੰਘ ਮੇਹਰਬਾਨ, ਜਗਮੋਹਨ ਸਿੰਘ ਰੰਗੀਆਂ, ਜ਼ਿਲ੍ਹਾ ਕਾਂਗਰਸ ਕਮੇਟੀ ਰੂਪਨਗਰ ਦੇ ਮੀਤ ਪ੍ਰਧਾਨ ਹਰਮਿੰਦਰ ਸਿੰਘ ਲੱਕੀ, ਸ਼ੂਗਰ ਮਿੱਲ ਮੋਰਿੰਡਾ ਦੇ ਸਾਬਕਾ ਚੇਅਰਮੈਨ ਸੁਖਵਿੰਦਰ ਸਿੰਘ ਮੂੰਡੀਆਂ, ਦਲਵੀਰ ਸਿੰਘ ਸਰਪੰਚ ਮੁੰਡੀਆ ਹਰਦੀਪ ਸਿੰਘ ਅਨੰਦ, ਜਗਨਦੀਪ ਸਿੰਘ ਅਨੰਦ, ਰਾਵਿੰਦਰ ਸਿੰਘ ਰਾਜੂ, ਗੁਰਮੀਤ ਸਿੰਘ ਮੋਰਿੰਡਾ, ਗੁਰਮੁੱਖ ਸਿੰਘ ਸੰਤ ਨਗਰ, ਬਾਬਾ ਕੇਸਰ ਸਿੰਘ ਮਨੈਲੀ, ਗੁਰਪ੍ਰੀਤ ਸਿੰਘ ਬਾਲਸੰਡਾ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਨੇ ਹਾਜ਼ਰੀ ਭਰੀ |
ਗੁਰਪੁਰਬ ਸੇਵਾ ਸੁਸਾਇਟੀ ਸ੍ਰੀ ਚਮਕੌਰ ਸਾਹਿਬ ਵਲੋਂ ਸਜਾਇਆ ਨਗਰ ਕੀਰਤਨ
ਸ੍ਰੀ ਚਮਕੌਰ ਸਾਹਿਬ ਤੋਂ ਜਗਮੋਹਣ ਸਿੰਘ ਨਾਰੰਗ ਅਨੁਸਾਰ-ਗੁਰਪੁਰਬ ਸੇਵਾ ਸੁਸਾਇਟੀ ਸ੍ਰੀ ਚਮਕੌਰ ਸਾਹਿਬ ਵਲੋਂ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਤੇ ਪੰਜ ਨਿਸਾਨਚੀ ਸਾਹਿਬਾਨ ਦੀ ਅਗਵਾਈ ਹੇਠ ਇੱਥੋਂ ਦੇ ਇਤਿਹਾਸਕ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਤੋਂ ਨਗਰ ਕੀਰਤਨ ਸਜਾਇਆ ਗਿਆ | ਜਿਸ ਦੀ ਅਰੰਭਤਾ ਦੀ ਅਰਦਾਸ ਗਿਆਨੀ ਜਸਬੀਰ ਸਿੰਘ ਹੈੱਡ ਗ੍ਰੰਥੀ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਵਲੋਂ ਕੀਤੀ ਗਈ | ਨਗਰ ਕੀਰਤਨ ਦੇ ਸਭ ਤੋਂ ਅੱਗੇ ਗਤਕਾ ਪਾਰਟੀਆਂ ਅਤੇ ਕੀਰਤਨੀ ਜਥੇ ਨਗਰ ਕੀਰਤਨ ਦੀ ਸੋਭਾ ਵਧਾ ਰਹੇ ਸਨ | ਇਹ ਨਗਰ ਕੀਰਤਨ ਇੱਥੋਂ ਦੇ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਤੋਂ ਅਰੰਭ ਹੋ ਕੇ ਗੁਰਦੁਆਰਾ ਸ੍ਰੀ ਗੜ੍ਹੀ ਸਾਹਿਬ, ਗੁਰਦੁਆਰਾ ਸ੍ਰੀ ਦਮਦਮਾ ਸਾਹਿਬ, ਗੁਰਦੁਆਰਾ ਸ੍ਰੀ ਰਣਜੀਤ ਗੜ੍ਹ ਸਾਹਿਬ, ਗੁਰਦੁਆਰਾ ਸ੍ਰੀ ਤਾੜੀ ਸਾਹਿਬ, ਗੁਰਦੁਆਰਾ ਸ੍ਰੀ ਸ਼ਹੀਦ ਬੁਰਜ ਭਾਈ ਜੈਤਾ ਜੀ ਅਤੇ ਭਾਈ ਮਦਨ ਸਿੰਘ ਅਤੇ ਭਾਈ ਕਾਠਾ ਸਿੰਘ ਯਾਦਗਾਰੀ ਅਸਥਾਨ ਵਿਖੇ ਨਤਮਸਤਕ ਹੁੰਦਾ ਹੋਇਆ, ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਵਿਖੇ ਸੰਪੂਰਨ ਹੋਇਆ | ਇਸ ਨਗਰ ਕੀਰਤਨ ਦਾ ਥਾਂ-ਥਾਂ ਸਵਾਗਤ ਕੀਤਾ ਗਿਆ ਅਤੇ ਸੰਗਤਾਂ ਵਲੋਂ ਕਈ ਥਾਵਾਂ 'ਤੇ ਲੰਗਰ ਵੀ ਲਗਾਏ ਹੋਏ ਸਨ | ਇਸ ਮੌਕੇ ਗੁਰਦੁਆਰਾ ਸਾਹਿਬ ਦੇ ਮੈਨੇਜਰ ਭਾਈ ਗੁਰਮੁੱਖ ਸਿੰਘ ਢੋਲੇਵਾਲ, ਭਾਈ ਜਗਜੀਤ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ ਸਾਹਿਬ, ਸੁਸਾਇਟੀ ਦੇ ਪ੍ਰਧਾਨ ਜਥੇਦਾਰ ਮਨੋਹਰ ਸਿੰਘ ਮੱਕੜ, ਬੀਬੀ ਗੁਰਚਰਨ ਕੌਰ ਬਾਵਾ, ਰਿਟਾ: ਮੈਨੇਜਰ ਭਾਈ ਹਰਭਜਨ ਸਿੰਘ, ਭਾਈ ਨਰਿੰਦਰ ਸਿੰਘ ਸੋਲਖੀਆਂ, ਭਾਈ ਉਕਪਾਲ ਸਿੰਘ, ਲਵਪ੍ਰੀਤ ਸਿੰਘ ਰਿਆ, ਹਜੂਰ ਸਿੰਘ ਮੱਕੜ, ਕਰਨ ਮੱਕੜ, ਪਿਆਰਾ ਸਿੰਘ ਭੰਗੂ ਚੂਹੜਮਾਜਰਾ, ਬਾਬਾ ਜੀ ਝਮਲੂਟੀ ਵਾਲੇ, ਨਿਰਭੈਅ ਸਿੰਘ, ਅਵਤਾਰ ਸਿੰਘ ਘੁੰਮਣ, ਸੂਬੇਦਾਰ ਬਲਬੀਰ ਸਿੰਘ ਖ਼ਾਲਸਾ, ਰਣਜੋਧ ਸਿੰਘ ਮਹਿਤੋਤ, ਜਸਵੀਰ ਸਿੰਘ ਜੱਸਾ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ |
ਮੋਰਿੰਡਾ ਅਤੇ ਆਸ-ਪਾਸ ਦੇ ਪਿੰਡਾਂ 'ਚ ਮਨਾਇਆ ਪ੍ਰਕਾਸ਼ ਪੁਰਬ
ਮੋਰਿੰਡਾ ਤੋਂ ਤਰਲੋਚਨ ਸਿੰਘ ਕੰਗ ਅਨੁਸਾਰ-ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਮੋਰਿੰਡਾ ਅਤੇ ਆਸ-ਪਾਸ ਦੇ ਪਿੰਡਾਂ ਵਿਚ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਸੰਗਤਾਂ ਨੇ ਗੁਰਦੁਆਰਾ ਕੋਤਵਾਲੀ ਸਾਹਿਬ ਅਤੇ ਸ਼ਹੀਦਗੰਜ ਸਾਹਿਬ ਮੋਰਿੰਡਾ ਵਿਚ ਹਾਜ਼ਰੀਆਂ ਲਵਾਈਆਂ | ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਦੁਆਰਾ ਕੋਤਵਾਲੀ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਸੁਰਿੰਦਰ ਸਿੰਘ ਦਿੱਲੀ ਵਾਲਿਆਂ ਨੇ ਦੱਸਿਆ ਕਿ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਉਣ ਉਪਰੰਤ ਧਾਰਮਿਕ ਦੀਵਾਨ ਸਜਾਏ ਗਏ | ਜਿਸ ਵਿਚ ਹੈੱਡ ਗ੍ਰੰਥੀ ਭਾਈ ਹਰਵਿੰਦਰ ਸਿੰਘ ਮਨੈਲੀ, ਹਜ਼ੂਰੀ ਰਾਗੀ ਭਾਈ ਸੇਵਕ ਸਿੰਘ ਕੰਵਲ, ਭਾਈ ਸ਼ਰਨਜੀਤ ਸਿੰਘ ਸ੍ਰੀ

ਫਤਿਹਗੜ੍ਹ ਸਾਹਿਬ, ਭਾਈ ਰਾਜਪ੍ਰੀਤ ਸਿੰਘ ਲੁਧਿਆਣੇ ਵਾਲੇ ਅਤੇ ਭਾਈ ਮਨਪ੍ਰੀਤ ਸਿੰਘ ਚੰਡੀਗੜ੍ਹ ਵਾਲਿਆਂ ਦੇ ਜਥੇ ਵਲੋਂ ਕਥਾ-ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ | ਇਸੇ ਤਰ੍ਹਾਂ ਗੁਰਦੁਆਰਾ ਸ਼ਹੀਦਗੰਜ ਸਾਹਿਬ ਮੋਰਿੰਡਾ ਦੇ ਹੈੱਡ ਗ੍ਰੰਥੀ ਭਾਈ ਬਲਵੀਰ ਸਿੰਘ ਚਲਾਕੀ ਅਤੇ ਭਾਈ ਸਵਰਨ ਸਿੰਘ ਬਿੱਟੂ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਵਿਚ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਉਣ ਉਪਰੰਤ ਹਜ਼ੂਰੀ ਰਾਗੀ ਭਾਈ ਸਾਹਿਬ ਸਿੰਘ, ਭਾਈ ਯੋਗੇਸ਼ ਸਿੰਘ ਆਲਮਗੀਰ ਅਤੇ ਭਾਈ ਅਮਰੀਕ ਸਿੰਘ ਸੱਲੋਮਾਜਰਾ ਦੇ ਜਥੇ ਵਲੋਂ ਕਥਾ-ਕੀਰਤਨ ਕੀਤਾ | ਗੁਰਦੁਆਰਾ ਸ੍ਰੀ ਅਕਾਲਗੜ੍ਹ ਸਾਹਿਬ ਪਿੰਡ ਘੜੂੰਆਂ, ਦਤਾਰਪੁਰ, ਰਤਨਗੜ੍ਹ, ਗੜਾਂਗਾਂ, ਮੁੰਡੀਆਂ, ਸਹੇੜੀ, ਨਥਮਲਪੁਰ, ਬੂਰਮਾਜਰਾ ਅਤੇ ਕਾਈਨੌਰ ਆਦਿ ਪਿੰਡਾਂ ਵਿਚ ਪ੍ਰਕਾਸ਼ ਦਿਹਾੜਾ ਸ਼ਰਧਾ ਨਾਲ ਮਨਾਇਆ ਗਿਆ | ਇਸ ਮੌਕੇ ਹੋਰਨਾਂ ਤੋਂ ਇਲਾਵਾ ਬਾਬਾ ਦਿਲਬਾਗ ਸਿੰਘ, ਹੈੱਡ ਗ੍ਰੰਥੀ ਮੋਹਨ ਸਿੰਘ, ਬਾਈ ਦੀਪ ਸਿੰਘ ਘੜੂੰਆਂ, ਸੰਦੀਪ ਸਿੰਘ, ਰਵਿੰਦਰ ਸਿੰਘ, ਪਿ੍ਥੀ ਸਿੰਘ, ਰਣਜੀਤ ਸਿੰਘ, ਜਗਦੇਵ ਸਿੰਘ ਭਟੋਆ ਪ੍ਰਧਾਨ ਨਗਰ ਕੌਂਸਲ, ਵੀਰਦਵਿੰਦਰ ਸਿੰਘ ਬੱਲਾਂ, ਜਗਤਾਰ ਸਿੰਘ ਘੜੂੰਆਂ, ਨਿਰਮਲਪ੍ਰੀਤ ਸਿੰਘ ਮਿਹਰਬਾਨ, ਜਸਵਿੰਦਰ ਸਿੰਘ ਕਾਈਨੌਰ, ਸੰਤ ਸਿੰਘ ਮੋਰਿੰਡਾ, ਬਲਜਿੰਦਰ ਸਿੰਘ, ਦਵਿੰਦਰ ਸਿੰਘ, ਹਰਦੀਪ ਸਿੰਘ ਅਨੰਦ, ਰਵਿੰਦਰ ਸਿੰਘ ਰਾਜੂ, ਜੈਮਲ ਸਿੰਘ, ਕੇਸਰ ਸਿੰਘ ਮੈਲੀ ਆਦਿ ਮੌਜੂਦ ਸਨ |
ਏਾਜਲਸ ਵਰਲਡ ਸਕੂਲ ਮੋਰਿੰਡਾ ਵਲੋਂ
ਮੋਰਿੰਡਾ ਤੋਂ ਤਰਲੋਚਨ ਸਿੰਘ ਕੰਗ ਅਨੁਸਾਰ-ਏਾਜਲਸ ਵਰਲਡ ਸਕੂਲ ਮੋਰਿੰਡਾ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ | ਇਸ ਮੌਕੇ ਖਾਸ ਪ੍ਰਾਥਨਾ ਸਭਾ ਦਾ ਆਯੋਜਨ ਕੀਤਾ ਗਿਆ | ਜਿਸਦੀ ਸ਼ੁਰੂਆਤ ਮੂਲ ਮੰਤਰ ਨਾਲ ਹੋਈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿ੍ੰਸੀਪਲ ਦੀਪਿਕਾ ਸ਼ਰਮਾ ਨੇ ਦੱਸਿਆ ਕਿ ਵਿਦਿਆਰਥੀਆਂ ਵਲੋਂ ਗੁਰਬਾਣੀ ਕੀਰਤਨ ਪੇਸ਼ ਕੀਤਾ ਗਿਆ | ਵਿਦਿਆਰਥੀਆਂ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਲ ਸਬੰਧਿਤ ਕਵਿਤਾਵਾਂ ਪੇਸ਼ ਕੀਤੀਆਂ | ਉਹਨਾਂ ਦੱਸਿਆ ਕਿ ਗੁਰੂ ਸਾਹਿਬ ਦੀਆਂ ਸਿੱਖਿਆਵਾਂ 'ਤੇ ਚੱਲਣ ਲਈ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ਗਿਆ | ਉਹਨਾਂ ਦੱਸਿਆ ਕਿ ਕਿੰਡਰ ਗਾਰਟਨ ਦੇ ਵਿਦਿਆਰਥੀਆਂ ਨੂੰ ਪਿੰਡ ਘੜੂੰਆਂ ਦੇ ਗੁਰਦੁਆਰਾ ਅਕਾਲਗੜ੍ਹ ਸਾਹਿਬ ਵਿਖੇ ਮੱਥਾ ਟਿਕਾਇਆ ਗਿਆ |
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਜਾਇਆ ਵਿਸ਼ਾਲ ਨਗਰ ਕੀਰਤਨ
ਸ੍ਰੀ ਅਨੰਦਪੁਰ ਸਾਹਿਬ ਤੋਂ ਜੇ. ਐਸ. ਨਿੱਕੂਵਾਲ ਅਨੁਸਾਰ-ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ 556ਵੇਂ ਪ੍ਰਕਾਸ਼ ਪੁਰਬ ਮੌਕੇ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ 'ਚ ਅਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਗੁਰੂ ਨਗਰੀ ਵਿਖੇ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ | ਪੁਰਾਤਨ ਰਵਾਇਤਾਂ ਦੇ ਚੱਲਦਿਆਂ ਉਕਤ ਨਗਰ ਕੀਰਤਨ ਸਥਾਨਕ ਐਸ.ਜੀ.ਐਸ. ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਤੋਂ ਆਰੰਭ ਹੋਇਆ | ਨਗਰ ਕੀਰਤਨ ਦੇ ਆਰੰਭਤਾ ਦੀ ਅਰਦਾਸ ਹੈੱਡ ਗ੍ਰੰਥੀ ਗਿਆਨੀ ਜੋਗਿੰਦਰ ਸਿੰਘ ਵੱਲੋਂ ਕੀਤੀ ਗਈ | ਉਪਰੰਤ ਨਗਰ ਕੀਰਤਨ ਗੁਰੂ ਨਗਰੀ ਦੇ ਵੱਖ-ਵੱਖ ਅਸਥਾਨਾਂ ਗੁਰਦੁਆਰਾ ਕਿਲ੍ਹਾ ਫ਼ਤਿਹਗੜ੍ਹ ਸਾਹਿਬ, ਚੋਈ ਬਜ਼ਾਰ, ਅਟਾਰੀ ਬਜ਼ਾਰ, ਮੁੱਖ ਬਜ਼ਾਰ, ਕਲਗੀਧਰ ਮਾਰਕੀਟ ਤੋਂ ਹੁੰਦਾ ਹੋਇਆ ਭਗਤ ਰਵੀਦਾਸ ਚੌਕ ਵਿਖੇ ਪਹੁੰਚਿਆ | ਨਗਰ ਕੀਰਤਨ ਦਾ ਵੱਖ-ਵੱਖ ਸਥਾਨਾਂ ਤੇ ਫੁੱਲਾਂ ਦੀ ਵਰਖਾ ਨਾਲ ਭਰਵਾਂ ਸਵਾਗਤ ਕੀਤਾ ਗਿਆ | ਇਸ ਮੌਕੇ ਸ਼ੋ੍ਰਮਣੀ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ ਵਲੋਂ ਸੰਗਤ ਨੂੰ ਪ੍ਰਕਾਸ਼ ਦਿਹਾੜੇ ਦੀਆਂ ਵਧਾਈ ਦਿੰਦਿਆਂ ਗੁਰੂ ਜੀ ਦੇ ਜੀਵਨ ਇਤਿਹਾਸ ਨਾਲ ਜੋੜਿਆ ਗਿਆ | ਇਸ ਮੌਕੇ ਵੱਖ ਵੱਖ ਸਕੂਲਾਂ ਦੀਆਂ ਬੈਂਡ ਪਾਰਟੀਆਂ ਵਲੋਂ ਮਧੁਰ ਧੁਨਾਂ ਵਜਾਈਆਂ ਜਾ ਰਹੀਆਂ ਸਨ | ਇਸ ਮੌਕੇ ਸਾਬਕਾ ਹੈੱਡ ਗ੍ਰੰਥੀ ਗਿਆਨੀ ਸੁਖਵਿੰਦਰ ਸਿੰਘ, ਮੈਨੇਜਰ ਗੁਰਦੀਪ ਸਿੰਘ ਕੰਗ, ਵਧੀਕ ਮੈਨੇਜਰ ਐਂਡ. ਹਰਦੇਵ ਸਿੰਘ, ਪਿ੍ੰਸੀਪਲ ਸੁਖਪਾਲ ਕੌਰ ਵਾਲੀਆ, ਨਗਰ ਕੌਸ਼ਲ ਦੇ ਪ੍ਰਧਾਨ ਹਰਜੀਤ ਸਿੰਘ ਜੀਤਾ, ਮਾਰਕੀਟ ਕਮੇਟੀ ਦੇ ਚੇਅਰਮੈਨ ਕਮਿੱਕਰ ਸਿੰਘ ਡਾਢੀ, ਰੋਹਿਤ ਕਾਲੀਆ, ਵਪਾਰ ਮੰਡਲ ਦੇ ਪ੍ਰਧਾਨ ਇੰਦਰਜੀਤ ਸਿੰਘ ਅਰੋੜਾ ਅਤੇ ਪਿ੍ਤਪਾਲ ਸਿੰਘ ਗੰਡਾ, ਜਗਜੀਤ ਸਿੰਘ ਜੱਗੀ, ਸੀਨੀਅਰ ਆਪ ਆਗੂ ਜ਼ਸਵੀਰ ਸਿੰਘ ਅਰੋੜਾ, ਸਾਬਕਾ ਪ੍ਰਧਾਨ ਮਹਿੰਦਰ ਸਿੰਘ ਵਾਲੀਆ, ਭਾਈ ਸਰਬਜੀਤ ਸਿੰਘ, ਡਾਇਰੈਕਟਰ ਅਮਿਤੋਜ ਸਿੰਘ, ਮਨਜਿੰਦਰ ਸਿੰਘ ਬਰਾੜ, ਮੇਹਰ ਸਿੰਘ ਢਿੱਲੋ, ਹਰਤੇਗਵੀਰ ਸਿੰਘ ਤੇਗੀ, ਪ੍ਰੇਮ ਸਿੰਘ ਸਿੱਧੂ, ਜਥੇਦਾਰ ਰਾਮ ਸਿੰਘ, ਸੁਰਿੰਦਰ ਸਿੰਘ ਮਟੌਰ, ਤੇਜਿੰਦਰ ਸਿੰਘ ਚੰਨ, ਗਿਆਨੀ ਰਾਮ ਪ੍ਰਕਾਸ਼ ਸਿੰਘ, ਐਨ.ਸੀ.ਸੀ. ਅਫ਼ਸਰ ਰਣਜੀਤ ਸਿੰਘ, ਸੇਵਾ ਸਿੰਘ, ਗਿਆਨੀ ਜਸਬੀਰ ਸਿੰਘ, ਭੁਪਿੰਦਰ ਸਿੰਘ, ਜਗਨੰਦਨ ਸਿੰਘ, ਤਜਿੰਦਰ ਸਿੰਘ ਵਾਲੀਆ, ਦਵਿੰਦਰ ਸਿੰਘ ਸੂਰੇਵਾਲ, ਮਾਤਾ ਗੁਰਚਰਨ ਕੌਰ ਪ੍ਰਧਾਨ ਇਸਤਰੀ ਸਤਿਸੰਗ ਸਭਾ, ਕੌਸਲਰ ਬੀਬੀ ਬਲਵੀਰ ਕੌਰ, ਬੀਬੀ ਤਜਿੰਦਰ ਕੌਰ, ਬੀਬੀ ਸੁਰਿੰਦਰਪਾਲ ਕੌਰ, ਬੀਬੀ ਮਨਜੀਤ ਕੌਰ, ਬੀਬੀ ਪਰਵਿੰਦਰ ਕੌਰ, ਤਰਨਜੀਤ ਕੌਰ, ਹਰਜੀਤ ਕੌਰ, ਗੁਰਜੀਤ ਕੌਰ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤ ਹਾਜ਼ਰ ਸੀ |
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਲੰਗਰ ਲਗਾਇਆ
ਮੋਰਿੰਡਾ, (ਪਿ੍ਤਪਾਲ ਸਿੰਘ)- ਉੱਘੇ ਸਮਾਜ ਸੇਵੀ ਅਤੇ ਬਿਲਡਰ ਮਨਦੀਪ ਸਿੰਘ ਬਾਜਵਾ ਅਤੇ ਆਰਕੀਟੈਕਟ ਪਰਮਿੰਦਰ ਸਿੰਘ ਢੀਂਡਸਾ ਵਲੋਂ ਹਰ ਸਾਲ ਦੀ ਤਰ੍ਹਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦਰਪਣ ਇਨਕਲੇਵ ਵਿਖੇ ਜਲੇਬੀਆਂ ਅਤੇ ਦੁੱਧ ਪਕੌੜਿਆਂ ਦਾ ਲੰਗਰ ਲਗਾਇਆ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਕੁਲਵਿੰਦਰ ਸਿੰਘ ਭੰਗੂ, ਲਵਪ੍ਰੀਤ ਸਿੰਘ ਲੱਭੀ ਅਤੇ ਹਰਜੀਤ ਸਿੰਘ ਖੱਟੜਾ ਨੇ ਦੱਸਿਆ ਕਿ ਇਸ ਮੌਕੇ ਲਗਾਏ ਲੰਗਰ ਦੌਰਾਨ ਸੈਂਕੜੇ ਰਾਹਗੀਰਾਂ ਅਤੇ ਸਥਾਨਕ ਨਿਵਾਸੀਆਂ ਨੇ ਲੰਗਰ ਛਕਿਆ | ਇਹ ਲੰਗਰ ਸਵੇਰੇ ਕਰੀਬ 10 ਵਜੇ ਅਰਦਾਸ ਕਰਨ ਉਪਰੰਤ ਸ਼ੁਰੂ ਕੀਤਾ ਗਿਆ ਜੋ ਸ਼ਾਮ ਸਾਢੇ ਪੰਜ ਵਜੇ ਤੱਕ ਲਗਾਤਾਰ ਅਤੁੱਟ ਚਲਦਾ ਰਿਹਾ | ਇਸ ਮੌਕੇ ਰਾਜਵਿੰਦਰ ਸਿੰਘ ਰਾਜੂ ਪ੍ਰਧਾਨ ਗੁਰਦੁਆਰਾ ਸਾਹਿਬ ਦਰਪਣ ਇਨਕਲੇਵ, ਸੁਖਵਿੰਦਰ ਸਿੰਘ ਸੁੱਖੀ, ਮਨਜੀਤ ਸਿੰਘ ਖੱਟੜਾ, ਬਲਕਾਰ ਸਿੰਘ, ਮੇਜਰ ਸਿੰਘ, ਗੁਰਪ੍ਰੀਤ ਸਿੰਘ ਹਨੀ, ਗੁਰਭੇਜ ਸਿੰਘ ਢੀਂਡਸਾਂ, ਚਮਕੌਰ ਸਿੰਘ ਭੀਮਾ, ਹਰਜੀਤ ਸਿੰਘ ਸੋਢੀ ਅਤੇ ਦਵਿੰਦਰ ਸਿੰਘ ਗਰੇਵਾਲ ਸਮੇਤ ਦਰਪਣ ਇਨਕਲੇਵ ਦੀਆਂ ਬੀਬੀਆਂ ਵਲੋਂ ਸੇਵਾ ਕੀਤੀ ਗਈ |
ਨੰਗਲ ਅਤੇ ਆਸ ਪਾਸ ਦੇ ਇਲਾਕੇ 'ਚ
ਨੰਗਲ, (ਪ੍ਰੀਤਮ ਸਿੰਘ ਬਰਾਰੀ)-ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਨੰਗਲ ਅਤੇ ਆਸ ਪਾਸ ਦੇ ਇਲਾਕੇ ਵਿਚ ਮੁਕੰਮਲ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆਂ ਗਿਆ | ਇਸ ਮੌਕੇ ਗੁਰੂ ਘਰਾਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਭੋਗ ਪਾਏ ਗਏ ਅਤੇ ਵੱਡੀ ਗਿਣਤੀ ਵਿਚ ਸੰਗਤਾਂ ਨਤਮਸਤਕ ਹੋਈਆਂ | ਨੰਗਲ ਸ਼ਹਿਰ ਵਿਚ ਸਤਲੁਜ ਦਰਿਆ ਦੇ ਕੰਢੇ ਤੇ ਸਥਿਤ ਇਤਿਹਾਸਿਕ ਗੁਰਦੁਆਰਾ ਸ੍ਰੀ ਗੁਰਦੁਆਰਾ ਘਾਟ ਸਾਹਿਬ ਵਿਖੇ ਪ੍ਰਬੰਧਕ ਕਮੇਟੀ ਵਲੋਂ ਵਿਸ਼ੇਸ਼ ਗੁਰਮਤਿ ਸਮਾਗਮ ਕਰਵਾਇਆ ਗਿਆ | ਅੱਜ ਸਵੇਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ,ਉਪਰੰਤ ਭਾਈ ਗੁਰਮੁੱਖ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮਿ੍ਤਸਰ, ਭਾਈ ਪਰਮਜੀਤ ਸਿੰਘ, ਭਾਈ ਹਰਪਾਲ ਸਿੰਘ ਭਸ਼ੀਨ,ਦੇ ਰਾਗੀ ਜਥੇ ਵਲੋਂ ਗੁਰਬਾਣੀ ਦਾ ਮਨੋਹਰ ਕੀਰਤਨ ਕੀਤਾ ਗਿਆ ਅਤੇ ਅਤੇ ਸੰਗਤਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਵਿਖਾਏ ਗਏ ਗੁਰਮਤਿ ਸਿਧਾਂਤਾਂ 'ਤੇ ਚੱਲਣ ਲਈ ਪ੍ਰੇਰਿਤ ਕੀਤਾ | ਉਨਾਂ ਨਵੀਂ ਪੀੜੀ ਨੂੰ ਪਤਿਤ ਪੁਣੇ ਦਾ ਤਿਆਗ ਕਰਕੇ ਬਾਣੀ ਅਤੇ ਬਾਣੇ ਦੇ ਧਾਰਨੀ ਬਣਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗਣ ਲਈ ਅਪੀਲ ਕੀਤੀ | ਇਸ ਮੌਕੇ ਭਾਖੜਾ ਡੈਮ ਦੇ ਚੀਫ ਇੰਜੀਨੀਅਰ ਚਰਨਪ੍ਰੀਤ ਸਿੰਘ, ਗੁਰਦੁਆਰਾ ਕਮੇਟੀ ਦੇ ਪ੍ਰਧਾਨ ਗੁਰਦੀਪ ਸਿੰਘ ਬਾਵਾ, ਕੈਸ਼ੀਅਰ ਬਲਬੀਰ ਸਿੰਘ ਸੈਣੀ, ਰਾਕੇਸ਼ ਨਈਅਰ ਸਾਬਕਾ ਚੇਅਰਮੈਨ ਇੰਪਰੂਵਮੈਂਟ ਟਰੱਸਟ ਨੰਗਲ, ਸੰਜੀਵ ਸ਼ਰਮਾ ਪਟਵਾਰੀ, ਕੌਂਸਲਰ ਐਡਵੋਕੇਟ ਪਰਮਜੀਤ ਸਿੰਘ ਪੰਮਾ, ਸਾਬਕਾ ਕੌਂਸਲਰ ਹਰਪਾਲ ਸਿੰਘ ਭਸ਼ੀਨ,ਜਰਨੈਲ ਸਿੰਘ ਸੰਧੂ, ਤੇਜਾ ਸਿੰਘ, ਬਾਬਾ ਬਚਿੱਤਰ ਸਿੰਘ, ਗੁਰਨਾਮ ਸਿੰਘ, ਪ੍ਰੀਤਮ ਸਿੰਘ, ਬਬਨਦੀਪ ਸਿੰਘ ਕੋਹਲੀ, ਦਵਿੰਦਰ ਸਿੰਘ, ਵੀਰਇੰਦਰ ਸਿੰਘ ਸੂਰੀ, ਬਲਵਿੰਦਰ ਸਿੰਘ ਲੱਕੀ, ਸੋਨੂੰ, ਇੰਦਰਪਾਲ ਸਿੰਘ ਮਦਾਨ, ਹਰਪਾਲ ਸਿੰਘ ਲਵਲੀ, ਪਿ੍ੰਸੀਪਲ ਗੁਰਨਾਮ ਸਿੰਘ ਭੱਲੜੀ,ਹਰਵਿੰਦਰ ਸਿੰਘ ਧਵਨ ਤੋਂ ਇਲਾਵਾ ਵੱਡੀ ਗਿਣਤੀ 'ਚ ਸੰਗਤਾਂ ਹਾਜ਼ਰ ਸਨ |

ਪਿਛਲੀ ਖ਼ਬਰ ਦੇਵ ਉਠਨੀ ਏਕਾਦਸ਼ੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ <br/> ਅਗਲੀ ਖ਼ਬਰ ਪੰਜਾਬ ਸਰਕਾਰ ਸੂਫ਼ੀ ਗਾਇਕ ਸਤਿੰਦਰ ਸਰਤਾਜ ਦੇ ਨਾਂਅ 'ਤੇ ਰੱਖੇਗੀ ਸੜਕ ਦਾ ਨਾਂਅ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।