ਨੂਰਪੁਰ ਬੇਦੀ, 19 ਜੁਲਾਈ (ਰਾਜੇਸ਼ ਚੌਧਰੀ ਤਖ਼ਤਗੜ੍ਹ)-ਤਖ਼ਤਗੜ੍ਹ ਦੇ ਭਗਤਾਂ ਵਲੋਂ ਭਗਤੀ ਅਤੇ ਆਸਥਾ ਨਾਲ ਭਰਪੂਰ ਇੱਕ ਸ਼ਿਵ ਭਗਤ ਜਥਾ ਅੱਜ ਜਟਵਾਹੜ ਵਿਖੇ ਸਥਿਤ ਸ੍ਰੀ ਜਟੇਸ਼ਵਰ ਮੰਦਰ ਤੋਂ ਹਰਿਦੁਆਰ ਲਈ ਰਵਾਨਾ ਹੋਇਆ | ਇਸ ਜਥੇ 'ਚ ਕਈ ਨੌਜਵਾਨ ਅਤੇ ਵੱਡੇ ਉਮਰ ਦੇ ਭਗਤ ਸ਼ਾਮਿਲ ਹਨ ਜੋ ਭਾਵਨਾਵਾਂ ਨਾਲ ਭਰਪੂਰ ਹੋ ਕੇ ਕਾਂਵੜ ਲੈਣ ਲਈ ਤਿਆਰ ਹਨ | ਜਾਣਕਾਰੀ ਦਿੰਦਿਆਂ ਜਥੇ ਦੀ ਅਗਵਾਈ ਕਰ ਰਹੇ ਜੀਵਨ ਭਾਰਦਵਾਜ, ਮਾ. ਭੋਲਾ ਸ਼ੰਕਰ, ਰਾਜੇਸ਼ ਖੰਨਾ, ਸਾਬਕਾ ਪੰਚ ਕਮਲ ਨੇ ਦੱਸਿਆ ਕਿ ਹਰ ਸਾਲ ਦੀ ਤਰਾਂ ਇਸ ਸਾਲ ਵੀ ਸਾਵਣ ਮਹੀਨੇ 'ਚ ਤਖ਼ੜਗੜ੍ਹ ਨਿਵਾਸੀਆਂ ਵਲੋਂ 27ਵੀਂ ਵਾਰ ਇਹ ਜਥਾ ਜਟੇਸ਼ਵਰ ਮਹਾਂਦੇਵ ਮੰਦਿਰ ਤੋਂ ਡਾਕ ਕਾਂਵੜ ਦੇ ਰੂਪ ਵਿਚ ਗੰਗਾਜਲ ਲੈਣ ਲਈ ਹਰਿਦੁਆਰ ਰਵਾਨਾ ਹੋ ਰਿਹਾ ਹੈ ਜੋਕਿ 23 ਤਰੀਕ ਨੂੰ ਵਾਪਸੀ ਕਰਦੇ ਹੋਏ ਹਰਿਦੁਆਰ ਤੋਂ ਗੰਗਾਜਲ ਲਿਆ ਕੇ ਜਟੇਸ਼ਵਰ ਮੰਦਿਰ ਸ਼ਿਵ ਪਿੰਡੀ ਤੇ ਅਰਪਣ ਕਰੇਗਾ | ਜਥਾ ਰਵਾਨਗੀ ਤੋਂ ਪਹਿਲਾਂ ਮੰਦਰ ਚ ਵਿਸ਼ੇਸ਼ ਪੂਜਾ ਅਰਚਨਾ ਕੀਤੀ ਗਈ | ਮੰਦਿਰ ਕਮੇਟੀ ਵਲੋਂ ਭਗਤਾਂ ਨੂੰ ਸੁਰੱਖਿਅਤ ਯਾਤਰਾ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ | ਇਸ ਮੌਕੇ ਸ਼ਸ਼ੀਕਾਂਤ ਚੰਦਨ, ਡਾਕਟਰ ਹੈਪੀ, ਸੰਨੀ ਗਾਂਗੁਲੀ, ਰਾਜੀਵ ਮੰਡਲ, ਭਰਤ ਰਾਣਾ, ਗੋਰੂ ਰਾਣਾ, ਜੱਸੀ ਚੰਦਨ ਸਮੇਤ ਬਹੁਤ ਸਾਰੇ ਸ਼ਿਵ ਭਗਤ ਹਾਜ਼ਰ ਸਨ |