ਸ੍ਰੀ ਚਮਕੌਰ ਸਾਹਿਬ,19 ਜੁਲਾਈ (ਜਗਮੋਹਣ ਸਿੰਘ ਨਾਰੰਗ)-ਸਿਹਤ ਵਿਭਾਗ ਸ੍ਰੀ ਚਮਕੌਰ ਸਾਹਿਬ ਵਲੋਂ ਡਾ. ਗੋਬਿੰਦ ਟੰਡਨ ਸੀਨੀਅਰ ਮੈਡੀਕਲ ਅਫ਼ਸਰ ਦੀ ਅਗਵਾਈ ਹੇਠ ਸਥਾਨਕ ਸਰਕਾਰੀ ਹਸਪਤਾਲ ਵਿਚ ਬਲਾਕ ਸ੍ਰੀ ਚਮਕੌਰ ਸਾਹਿਬ ਦੀਆਂ ਆਸ਼ਾ ਵਰਕਰਾਂ ਦੀ ਮੀਟਿੰਗ ਹੋਈ | ਜਿਸ ਵਿਚ ਬੀ. ਈ. ਈ. ਹਰਵਿੰਦਰ ਸਿੰਘ ਸੈਣੀ ਨੇ ਪਰਿਵਾਰ ਨਿਯੋਜਨ ਪ੍ਰੋਗਰਾਮ, ਮਾਨਸਿਕ ਸਿਹਤ, ਵੱਡੇ ਉਮਰ ਦੇ ਵਿਅਕਤੀਆਂ ਦੀ ਸੰਭਾਲ ਅਤੇ ਪੈਲੀਏਟਿਵ ਕੇਅਰ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ | ਉਨ੍ਹਾਂ ਨੇ ਆਸ਼ਾ ਵਰਕਰਾਂ ਨੂੰ ਆਪਣੇ ਖੇਤਰਾਂ ਵਿਚ ਘਰ-ਘਰ ਜਾ ਕੇ ਲੋਕਾਂ ਨੂੰ ਇਨ੍ਹਾਂ ਵਿਸ਼ਿਆਂ ਬਾਰੇ ਜਾਗਰੂਕ ਕਰਨ ਦੀ ਅਪੀਲ ਕੀਤੀ ਤਾਂ ਜੋ ਸਮਾਜ ਵਿਚ ਸਿਹਤ ਸੰਬੰਧੀ ਚੁਣੌਤੀਆਂ ਨੂੰ ਸਮਝਿਆ ਅਤੇ ਹੱਲ ਕੀਤਾ ਜਾ ਸਕੇ | ਮੀਟਿੰਗ ਦੌਰਾਨ ਆਸ਼ਾ ਵਰਕਰਾਂ ਨੇ ਆਪਣੇ ਖੇਤਰਾਂ ਵਿਚ ਆ ਰਹੀਆਂ ਸਮੱਸਿਆਵਾਂ ਨੂੰ ਵੀ ਉੱਠਾਇਆ, ਜਿਨ੍ਹਾਂ ਬਾਰੇ ਮੌਜੂਦ ਅਧਿਕਾਰੀਆਂ ਨੇ ਯਕੀਨ ਦਿਵਾਇਆ ਕਿ ਉਨ੍ਹਾਂ ਦੇ ਨਿਪਟਾਰੇ ਲਈ ਉਚਿਤ ਕਦਮ ਚੁੱਕੇ ਜਾਣਗੇ | ਇਸ ਮੌਕੇ ਆਸ਼ਾ ਵਰਕਰਾਂ ਨੂੰ ਡੇਂਗੂ ਦੀ ਰੋਕਥਾਮ, ਆਇਓਡੀਨ, ਗਰਭਵਤੀ ਮਹਿਲਾਵਾਂ ਦੀ ਰਜਿਸਟ੍ਰੇਸ਼ਨ, ਪੀ.ਐਨ.ਡੀ.ਟੀ. ਐਕਟ ਬਾਰੇ ਵੀ ਜਾਣਕਾਰੀ ਦਿੱਤੀ ਗਈ | ਇਸ ਮੌਕੇ ਨਾਗਰ ਸਿੰਘ ਸੁਪਰਵਾਈਜਰ, ਸਰਬਜੀਤ ਕੌਰ ਆਸ਼ਾ ਫੈਸਿਲੀਟੇਟਰ, ਸਰੀਨਾ ਦੇਵੀ, ਦਲਜੀਤ ਕੌਰ ਸਮੇਤ ਸਮੂਹ ਆਸ਼ਾ ਵਰਕਰ ਹਾਜ਼ਰ ਸਨ |