ਢੇਰ, 14 ਜੁਲਾਈ (ਸ਼ਿਵ ਕੁਮਾਰ ਕਾਲੀਆ)-ਸਾਵਣ ਦਾ ਮਹੀਨਾ ਸ਼ੁਰੂ ਹੋਣ ਦੇ ਨਾਲ ਹੀ ਸ਼ਿਵ ਭਗਤਾ ਵਲੋਂ ਮੰਦਰਾਂ ਵਿਚ ਪੂਜਾ ਕਰਨ ਦੇ ਲਈ ਦਿਨ ਰਾਤ ਇਕ ਕੀਤਾ ਜਾਂਦਾ ਹੈ | ਇਸ ਮੌਕੇ ਸ਼ਿਵ ਮੰਦਰਾਂ ਦੇ ਵਿਚ ਪੂਜਾ ਕਰਨ ਦੇ ਲਈ ਸਭ ਤੋਂ ਵੱਡੀ ਜਰੂਰਤ ਫੁੱਲਾਂ ਦੀ ਪੈਂਦੀ ਹੈ, ਜਿਨ੍ਹਾਂ ਨੂੰ ਇਕੱਤਰਿਤ ਕਰਨ ਦੇ ਲਈ ਸ਼ਿਵ ਭਗਤਾਂ ਨੂੰ ਪਹਿਲਾਂ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ, ਪਰ ਪਿੰਡ ਗੰਭੀਰਪੁਰ ਦੇ ਵਾਸੀ ਅਤੇ ਕੈਬਨਿਟ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਦੀ ਵਡਮੁੱਲੀ ਸੋਚ ਦੇ ਨਾਲ ਪਿੰਡ ਗੰਭੀਰਪੁਰ ਮੁੱਖ ਮਾਰਗ 'ਤੇ ਲਗਾਏ ਗਏ ਵੱਖ-ਵੱਖ ਪ੍ਰਕਾਰ ਦੇ ਹਜ਼ਾਰਾਂ ਹੀ ਫੁੱਲਾਂ ਦੇ ਬੂਟੇ ਸ਼ਿਵ ਭਗਤਾਂ ਦੇ ਵਿਚ ਖਿੱਚ ਦਾ ਕੇਂਦਰ ਬਣੇ ਹੋਏ ਹਨ | ਦੂਰ-ਦੂਰ ਪਿੰਡਾਂ ਦੇ ਲੋਕ ਪੂਜਾ ਕਰਨ ਦੇ ਲਈ ਪਿੰਡ ਗੰਭੀਰਪੁਰ ਪਹੁੰਚ ਕੇ ਫੁੱਲ ਤੋੜਦੇ ਆਮ ਵਿਖੇ ਜਾ ਸਕਦੇ ਹਨ | ਇਸ ਮੌਕੇ ਗੱਲਬਾਤ ਕਰਦੇ ਹੋਏ ਵੱਖ-ਵੱਖ ਪਿੰਡਾਂ ਦੇ ਸ਼ਿਵ ਮੰਦਰਾਂ ਦੇ ਮੁੱਖ ਪੁਜਾਰੀਆਂ ਨੇ ਦੱਸਿਆ ਕਿ ਜਦੋਂ ਦਾ ਸਾਵਣ ਦਾ ਮਹੀਨਾ ਆਰੰਭ ਹੋਇਆ ਹੈ, ਉਹਨਾਂ ਵਲੋਂ ਰੋਜ਼ਾਨਾ ਹੀ ਪਿੰਡ ਗੰਭੀਰਪੁਰ ਦੇ ਫੁੱਲਾਂ ਦੇ ਬੂਟਿਆਂ ਤੋਂ ਵੱਡੀ ਮਾਤਰਾ ਵਿਚ ਫੁੱਲ ਤੋੜ ਕੇ ਸ਼ਿਵ ਮੰਦਰਾਂ ਦੇ ਲਈ ਲੈ ਕੇ ਜਾ ਰਹੇ ਹਨ | ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਸਾਨੂੰ ਸ਼ਿਵ ਮੰਦਰਾਂ ਵਿਚ ਪੂਜਾ ਕਰਨ ਦੇ ਲਈ ਫੁੱਲ ਪ੍ਰਾਪਤ ਕਰਨ ਲਈ ਵੱਡੀਆਂ ਮੁਸ਼ਕਲਾ ਦਾ ਸਾਹਮਣਾ ਕਰਨਾ ਪੈਂਦਾ ਸੀ, ਦੂਰ-ਦੂਰ ਦੇ ਖੇਤਰ ਤੋਂ ਜਾ ਕੇ ਸਾਨੂੰ ਫੁੱਲ ਪ੍ਰਾਪਤ ਕਰਨੇ ਪੈਂਦੇ ਸੀ, ਜਾ ਫਿਰ ਮਹਿੰਗੇ ਮੁੱਲ ਦੇ ਫੁੱਲ ਖਰੀਦ ਕੇ ਪੂਜਾ ਦੀ ਰਸਮ ਅਦਾ ਕਰਨੀ ਪੈਂਦੀ ਸੀ, ਪ੍ਰੰਤੂ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਵਲੋਂ ਜੋ ਪਿੰਡ ਗੰਭੀਰਪੁਰ ਮੁੱਖ ਮਾਰਗ 'ਤੇ ਹਜ਼ਾਰਾਂ ਹੀ ਫੁੱਲਾਂ ਦੇ ਬੂਟੇ ਲਗਾਏ ਗਏ ਹਨ ਉਨ੍ਹਾਂ ਨੇ ਉਨ੍ਹਾਂ ਦੀ ਆਸਥਾ ਨੂੰ ਵੱਡਾ ਸਹਾਰਾ ਦਿੱਤਾ ਹੈ | ਹੁਣ ਉਨ੍ਹਾਂ ਨੂੰ ਦੂਰ ਨਹੀਂ ਜਾਣਾ ਪੈਂਦਾ ਬਸ ਨਜ਼ਦੀਕ ਹੀ ਗੰਭੀਰਪੁਰ ਪਹੁੰਚ ਕੇ ਉਹ ਆਪਣੀ ਮਰਜ਼ੀ ਦੇ ਨਾਲ ਵੱਖ-ਵੱਖ ਪ੍ਰਕਾਰ ਦੇ ਫੁੱਲ ਤੋੜਦੇ ਹਨ ਅਤੇ ਪੂਜਾ ਕਰਦੇ ਹਨ | ਇਸ ਮੌਕੇ 'ਤੇ ਗੱਲਬਾਤ ਕਰਦੇ ਹੋਏ ਪਿੰਡ ਦੀ ਸਰਪੰਚ ਐਡਵੋਕੇਟ ਮੀਨਾ ਕਾਲੀਆ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਗੱਲ ਦਾ ਮਾਣ ਹੈ ਕਿ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਇਸ ਪਿੰਡ ਦੇ ਵਾਸੀ ਹਨ | ਉਨ੍ਹਾਂ ਕਿਹਾ ਕਿ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦੀ ਪਿੰਡ ਪ੍ਰਤੀ ਵਡਮੁਲੀ ਸੋਚ ਨਾਲ ਪਿੰਡ ਦੀ ਕਾਇਆ ਕਲਪ ਹੋ ਗਈ ਹੈ | ਪਿੰਡ ਵਿਚ ਜਿੱਥੇ ਕਰੋੜਾਂ ਰੁਪਏ ਦੀ ਲਾਗਤ ਨਾਲ ਵੱਡੇ-ਵੱਡੇ ਪ੍ਰੋਜੈਕਟ ਚੱਲ ਰਹੇ ਹਨ, ਉੱਥੇ ਹੀ ਪਿੰਡ ਦੇ ਸੁੰਦਰੀ ਕਰਨ ਦੇ ਲਈ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਵਲੋਂ ਲੱਖਾਂ ਰੁਪਏ ਦੀ ਗਰਾਂਟ ਜਾਰੀ ਕੀਤੀ ਗਈ ਹੈ | ਕੁੱਝ ਪ੍ਰੋਜੈਕਟਾਂ ਦਾ ਕੰਮ ਚੱਲ ਰਿਹਾ ਹੈ ਅਤੇ ਕੁੱਝ ਪ੍ਰੋਜੈਕਟਾਂ ਦਾ ਕੰਮ ਬਰਸਾਤ ਤੋਂ ਬਾਅਦ ਆਰੰਭ ਕੀਤਾ ਜਾਵੇਗਾ, ਜਿਸ ਦੇ ਮੁਕੰਮਲ ਹੋਣ ਤੋਂ ਬਾਅਦ ਪਿੰਡ ਗੰਭੀਰਪੁਰ ਪੰਜਾਬ ਦੇ ਸੋਹਣੇ ਪਿੰਡਾਂ ਵਿੱਚੋਂ ਇੱਕ ਹੋਵੇਗਾ |