ਨੂਰਪੁਰ ਬੇਦੀ, 14 ਜੁਲਾਈ (ਵਿੰਦਰਪਾਲ ਝਾਂਡੀਆਂ)-ਪੀ. ਡਬਲਯੂ. ਡੀ. ਫੀਲਡ ਅਤੇ ਵਰਕਸ਼ਾਪ ਵਰਕਰ ਯੂਨੀਅਨ ਪੰਜਾਬ ਦੀ ਬ੍ਰਾਂਚ ਨੂਰਪੁਰ ਬੇਦੀ ਦੀ ਇੱਕ ਅਹਿਮ ਜਰੂਰੀ ਮੀਟਿੰਗ ਬਰਾਂਚ ਪ੍ਰਧਾਨ ਚਰਨਜੀਤ ਸਿੰਘ ਅਤੇ ਨਰਿੰਦਰ ਕੁਮਾਰ ਦੀ ਅਗਵਾਈ 'ਚ ਨੂਰਪੁਰ ਬੇਦੀ ਵਿਖੇ ਹੋਈ | ਮੀਟਿੰਗ ਦੌਰਾਨ ਬਰਾਂਚ ਪ੍ਰਧਾਨ ਚਰਨਜੀਤ ਸਿੰਘ ਨੇ ਦੱਸਿਆ ਕਿ ਮੁਲਾਜ਼ਮਾਂ ਦੀਆਂ ਅਨੇਕਾਂ ਹੱਕੀ ਮੰਗਾਂ ਨੂੰ ਨੂਰਪੁਰਬੇਦੀ ਜਲ ਸਪਲਾਈ ਦੇ ਉਪ ਮੰਡਲ ਇੰਜੀਨੀਅਰ ਵਲੋਂ ਅਣਗੌਲਿਆਂ ਕੀਤਾ ਜਾ ਰਿਹਾ ਹੈ ਜਿਸ ਕਾਰਨ ਮੁਲਾਜ਼ਮਾਂ ਨੂੰ ਜਲ ਸਪਲਾਈ ਸਕੀਮਾਂ ਤੇ ਕੰਮ ਕਰਨ ਲਈ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਜਥੇਬੰਦੀ ਨਾਲ ਮੀਟਿੰਗ ਦੌਰਾਨ ਕੀਤੇ ਵਾਅਦਿਆਂ ਨੂੰ ਵੀ ਅਣਗੌਲਿਆ ਕੀਤਾ ਜਾ ਰਿਹਾ ਹੈ | ਇਸ ਸਬੰਧੀ ਜਥੇਬੰਦੀ ਆਗੂਆਂ ਨੇ ਵਿਚਾਰ ਵਟਾਂਦਰਾ ਕਰਨ ਉਪਰੰਤ ਦੱਸਿਆ ਕਿ ਜੇਕਰ ਨੂਰਪੁਰ ਬੇਦੀ ਜਲ ਸਪਲਾਈ ਦੇ ਉੱਪ ਮੰਡਲ ਇੰਜੀਨੀਅਰ ਨੇ 17 ਜੁਲਾਈ ਤੱਕ ਗੱਲਬਾਤ ਰਾਹੀਂ ਮਸਲਿਆਂ ਦਾ ਹੱਲ ਨਾ ਕੀਤਾ ਤਾਂ ਜਥੇਬੰਦੀ ਵਲੋਂ 18 ਅਗਸਤ ਨੂੰ ਨੂਰਪੁਰ ਬੇਦੀ ਦੇ ਜਲ ਸਪਲਾਈ ਉੱਪ ਮੰਡਲ ਇੰਜੀਨੀਅਰ ਦੇ ਵਿਰੁੱਧ ਰੋਸ ਧਰਨਾ ਲਗਾਇਆ ਜਾਵੇਗਾ | ਧਰਨੇ ਦੌਰਾਨ ਨਿਕਲਣ ਵਾਲੇ ਸਿੱਟਿਆਂ ਦੀ ਜਿੰਮੇਵਾਰੀ ਵੀ ਜਲ ਸਪਲਾਈ ਨੂਰਪੁਰ ਬੇਦੀ ਦੇ ਉੱਪ ਮੰਡਲ ਇੰਜੀਨੀਅਰ ਦੀ ਹੋਵੇਗੀ | ਇਸ ਮੌਕੇ 'ਤੇ ਓਾਕਾਰ ਸਿੰਘ, ਰਾਮ ਲੁਭਾਇਆ ਦਿਵੇਦੀ, ਪਾਲ ਚੰਦ, ਅਰਸ਼ਦੀਪ, ਫਕੀਰ ਚੰਦ, ਬਲਵਿੰਦਰ ਸਿੰਘ, ਜਰਨੈਲ ਸਿੰਘ, ਮਨਦੀਪ ਸਿੰਘ, ਅਨਿਲ ਕੁਮਾਰ, ਰਕੇਸ਼ ਕੁਮਾਰ, ਹਰਵਿੰਦਰ ਸਿੰਘ, ਸਰਬਜੀਤ ਸਿੰਘ, ਪਵਨ ਕੁਮਾਰ, ਗਿਆਨ ਚੰਦ ਮਨੀਸ਼ ਕੁਮਾਰ ਤੋਂ ਇਲਾਵਾ ਹੋਰ ਸਾਥੀ ਹਾਜ਼ਰ ਸਨ |