ਬੇਲਾ, 14 ਜੁਲਾਈ (ਮਨਜੀਤ ਸਿੰਘ ਸੈਣੀ)-ਬੇਲਾ ਪੁਲਿਸ ਨੇ ਨੇੜਲੇ ਪਿੰਡ ਸੁਰਤਾਪੁਰ ਦਾ ਨੌਜਵਾਨ ਲੜਕਾ ਜੋ ਕਿ ਬੀਤੇ ਕਈ ਮਹੀਨਿਆਂ ਤੋਂ ਲਾਪਤਾ ਸੀ ਬੜੀ ਮੁਸ਼ੱਕਤ ਨਾਲ ਮੁੰਬਈ ਤੋਂ ਭਾਲ਼ ਕੇ ਮਾਪਿਆਂ ਦੇ ਹਵਾਲੇ ਕੀਤਾ | ਇਸ ਸੰਬੰਧੀ ਪੁਲਿਸ ਚੌਂਕੀ ਬੇਲਾ ਦੇ ਇੰਚਾਰਜ਼ ਨਰਿੰਦਰਪਾਲ ਸਿੰਘ ਬੈਂਸ ਨੇ ਦੱਸਿਆ ਕਿ ਪਿੰਡ ਸੁਰਤਾਪੁਰ ਦੇ ਰਹਿਣ ਵਾਲੇ ਰਾਜਵੰਤ ਕੌਰ ਪਤਨੀ ਜਸਵੰਤ ਸਿੰਘ ਵਲੋਂ ਮਿਤੀ 2 ਮਈ ਨੂੰ ਜ਼ਿਲ੍ਹਾ ਪੁਲਿਸ ਮੁਖੀ ਗੁਲਨੀਤ ਸਿੰਘ ਖੁਰਾਣਾ ਨੂੰ ਆਪਣੇ ਗੁਮਸ਼ੁਦਾ ਬੇਟੇ ਲਵਪ੍ਰੀਤ ਸਿੰਘ ਜੋ ਕਿ ਕਈ ਮਹੀਨਿਆਂ ਤੋਂ ਲਾਪਤਾ ਸੀ ਦੀ ਭਾਲ਼ ਕਰਨ ਲਈ ਦਰਖਾਸਤ ਦਿੱਤੀ ਸੀ | ਐਸ.ਐਸ.ਪੀ. ਰੂਪ ਨਗਰ ਵਲੋਂ ਦਰਖਾਸਤ 'ਤੇ ਕਾਰਵਾਈ ਕਰਨ ਲਈ ਥਾਣਾ ਸ਼੍ਰੀ ਚਮਕੌਰ ਸਾਹਿਬ ਨੂੰ ਭੇਜੀ ਗਈ, ਜਿਸ ਤੇ ਐੱਸ.ਐੱਚ. ਓ. ਗੁਰਪ੍ਰੀਤ ਸਿੰਘ ਸ੍ਰੀ ਚਮਕੌਰ ਸਾਹਿਬ ਵਲੋਂ ਪੁਲਿਸ ਚੌਂਕੀ ਬੇਲਾ ਦੇ ਇੰਚਾਰਜ ਨਰਿੰਦਰ ਪਾਲ ਸਿੰਘ ਬੈਂਸ ਨੂੰ ਇਸ ਮਾਮਲੇ ਨੂੰ ਹੱਲ ਕਰਨ ਦੀ ਜ਼ਿੰਮੇਵਾਰੀ ਸੌਂਪੀ | ਪੁਲਿਸ ਚੌਂਕੀ ਇੰਚਾਰਜ ਨਰਿੰਦਰ ਪਾਲ ਸਿੰਘ ਬੈਂਸ ਨੇ ਲਾਪਤਾ ਲਵਪ੍ਰੀਤ ਸਿੰਘ ਦੇ ਮੋਬਾਇਲ ਦੀ ਆਖਰੀ ਲੋਕੇਸ਼ਨ ਪਤਾ ਕਰਵਾਈ ਤਾਂ ਉਹ ਮੁੰਬਈ ਮਹਾਰਾਸ਼ਟਰ ਦੀ ਨਿਕਲੀ, ਜਿਸ ਤੇ ਤੁਰੰਤ ਕਾਰਵਾਈ ਕਰਦਿਆਂ ਏ.ਅੱੈਸ.ਆਈ. ਨਰਿੰਦਰ ਪਾਲ ਸਿੰਘ ਬੈਂਸ ਨੇ ਸਮੇਤ ਪੁਲਿਸ ਪਾਰਟੀ ਜਿਸ ਵਿਚ ਸੀਨੀਅਰ ਮਹਿਲਾ ਕਾਂਸਟੇਬਲ ਊਸ਼ਾ ਰਾਣੀ, ਸੀਨੀਅਰ ਕਾਂਸਟੇਬਲ ਗੁਰਪ੍ਰੀਤ ਸਿੰਘ, ਦਰਖਾਸਤ ਦੇਣ ਵਾਲੀ ਰਾਜਵੰਤ ਕੌਰ ਅਤੇ ਉਨਾਂ ਦੀ ਬੇਟੀ ਨਾਲ ਮੁੰਬਈ ਲਈ ਰਵਾਨਾ ਹੋਏ | ਨਵੀਂ ਮੁੰਬਈ ਦੇ ਥਾਣਾ ਰਵਾਲੇ ਦੀ ਪੁਲਿਸ ਪਾਰਟੀ ਦੀ ਸਹਾਇਤਾ ਨਾਲ ਏ. ਐੱਸ. ਆਈ. ਨਰਿੰਦਰ ਸਿੰਘ ਬੈਂਸ ਨੇ ਸਮੇਤ ਪੁਲਿਸ ਪਾਰਟੀ ਤੜਕੇ 3 ਵਜੇ ਲਾਪਤਾ ਲੜਕੇ ਦੀ ਲੋਕੇਸ਼ਨ ਵਾਲੀ ਜਗ੍ਹਾ ਤੇ ਛਾਪਾ ਮਾਰ ਕੇ ਨਵੀਂ ਮੁੰਬਈ ਦੀ ਔਰਤ ਸਾਹਿਤਾ ਸਿੰਘ ਨੀਤੀ ਦੇ ਘਰੋਂ ਲਾਪਤਾ ਲੜਕਾ ਲਵਪ੍ਰੀਤ ਸਿੰਘ ਬਰਾਮਦ ਕੀਤਾ | ਕਾਰਵਾਈ ਮੁਕੰਮਲ ਕਰਨ ਤੋਂ ਬਾਅਦ ਨਰਿੰਦਰਪਾਲ ਸਿੰਘ ਬੈਂਸ ਤੇ ਪੁਲਿਸ ਪਾਰਟੀ ਨੇ ਪੁਲਿਸ ਚੌਂਕੀ ਬੇਲਾ ਵਿਖੇ ਲਵਪ੍ਰੀਤ ਸਿੰਘ ਨੂੰ ਮਾਪਿਆਂ ਦੇ ਹਵਾਲੇ ਕੀਤਾ | ਇਸ ਮੌਕੇ ਭਾਵਕ ਹੁੰਦਿਆਂ ਲੜਕੇ ਦੀ ਮਾਤਾ ਰਾਜਵੰਤ ਕੌਰ ਅਤੇ ਪਿਤਾ ਜਸਵੰਤ ਸਿੰਘ ਨੇ ਜ਼ਿਲ੍ਹਾ ਪੁਲਿਸ ਮੁਖੀ, ਏ.ਅੱੈਸ.ਆਈ. ਨਰਿੰਦਰ ਪਾਲ ਸਿੰਘ ਬੈਂਸ ਤੇ ਪੁਲਿਸ ਪਾਰਟੀ ਦਾ ਧੰਨਵਾਦ ਕੀਤਾ |