ਸ੍ਰੀ ਚਮਕੌਰ ਸਾਹਿਬ, 14 ਜੁਲਾਈ (ਜਗਮੋਹਣ ਸਿੰਘ ਨਾਰੰਗ)-ਵਨ ਬੀਟ ਮੈਡੀਕਲ ਗਰੁੱਪ ਦੇ ਚੇਅਰਮੈਨ ਬਹਾਦਰ ਸਿੰਘ ਨੂੰ ਮੀਡੀਆਂ ਫੈਡਰੇਸ਼ਨ ਆਫ਼ ਇੰਡੀਆਂ (ਐੱਮ. ਐੱਫ. ਆਈ.) ਅਤੇ ਪਬਲਿਕ ਰਿਲੇਸ਼ਨ ਕੌਂਸ਼ਲ ਆਫ਼ ਇੰਡੀਆਂ ਵਲੋਂ ਚੰਡੀਗੜ੍ਹ ਵਿਖੇ ਕਰਵਾਏ ਸਮਾਰੋਹ ਦੌਰਾਨ ਪੰਜਾਬ ਦੇ ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ ਵਲੋਂ ਵਿਸ਼ੇਸ਼ ਤੋਰ 'ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਰਾਜ ਸਭਾ ਮੈਂਬਰ ਸਤਨਾਮ ਸਿੰਘ ਵੀ ਮੌਜੂਦ ਸਨ | ਇਹ ਜਾਣਕਾਰੀ ਦਿੰਦਿਆਂ ਇੱਥੋਂ ਦੇ ਵਨ ਬੀਟ ਹਸਪਤਾਲ ਅੱਖਾਂ ਦੇ ਹਸਪਤਾਲ ਦੇ ਮੁੱਖ ਪ੍ਰਬੰਧਕ ਭਾਈ ਉਕਪਾਲ ਸਿੰਘ ਨੇ ਦੱਸਿਆ ਕਿ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਬਹਾਦਰ ਸਿੰਘ ਨੂੰ ਉਨ੍ਹਾਂ ਵਲੋਂ ਨਿਭਾਈਆਂ ਜਾ ਰਹੀਆਂ ਸਮਾਜਿਕ ਤੇ ਧਾਰਮਿਕ ਸੇਵਾਵਾਂ ਨੂੰ ਵੇਖਦਿਆਂ ਮਾਣਯੋਗ ਰਾਜਪਾਲ ਵਲੋਂ ਸਨਮਾਨਿਤ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਵਨ ਬੀਟ ਗਰੁੱਪ ਅਧੀਨ ਸ੍ਰੀ ਚਮਕੌਰ ਸਾਹਿਬ ਵਿਖੇ ਵਨ ਬੀਟ ਅੱਖਾ ਦਾ ਹਸਪਤਾਲ, ਭੀਰਾ ਖੀਰੀ (ਯੂ. ਪੀ.) ਵਿਖੇ ਦਸਮੇਸ਼ ਜਨਰਲ ਹਸਪਤਾਲ, ਗੁਰਦੁਆਰਾ ਮਹਿੰਗਪੁਰ ਵਿਖੇ ਦਸ਼ਮੇਸ਼ ਅੱਖਾਂ ਦਾ ਹਸਪਤਾਲ ਜਿਥੇ ਅੱਖਾਂ ਦੇ ਮੁਫ਼ਤ ਇਲਾਜ/ਅਪ੍ਰੇਸ਼ਨ ਦੀ ਸਹੂਲਤ, ਇਸ ਦੇ ਨਾਲ ਉੱਤਰ ਪ੍ਰਦੇਸ਼ ਵਿਚ ਮੈਡੀਕਲ ਕਾਲਜ ਜਿੱਥੇ ਨਾਮਾਤਰ ਫ਼ੀਸਾਂ 'ਤੇ ਮੈਡੀਕਲ ਕੋਰਸ ਅਤੇ ਕਈ ਗੁਰੁ ਘਰਾਂ ਵਿਚ ਸੇਵਾ ਕਰਵਾਈ ਜਾ ਰਹੀ ਹੈ | ਅਜਿਹੇ ਸਮਾਜ ਸੇਵਕ ਤੇ ਧਰਤੀ ਨਾਲ ਜੁੜੇ ਇਨਸਾਨ ਨੂੰ ਸਨਮਾਨਿਤ ਕੀਤਾ ਜਾਣਾ ਮਨੁੱਖਤਾ ਲਈ ਕੰਮ ਕਰਨ ਵਾਲਿਆਂ ਲਈ ਮਾਣ ਵਾਲੀ ਗੱਲ ਹੈ | ਇੱਥੇ ਇਹ ਵੀ ਦੱਸਣਯੋਗ ਹੈ ਕਿ ਸ੍ਰੀ ਚਮਕੌਰ ਸਾਹਿਬ ਵਿਖੇ ਕੁੱਝ ਮਹੀਨੇ ਪਹਿਲਾਂ ਸ਼ੁਰੂ ਕੀਤੇ ਅੱਖਾਂ ਦੇ ਹਸਪਤਾਲ ਵਿਚ ਰੋਜ਼ਾਨਾ ਸੈਂਕੜੇ ਮਰੀਜ ਪੁੱਜ ਰਹੇ ਹਨ, ਇੱਥੇ ਲੱਗੀਆਂ ਅਧੁਨਿਕ ਮਸ਼ੀਨਾ ਨਾਲ ਮਰੀਜ਼ਾਂ ਦਾ ਮੁਫ਼ਤ ਇਲਾਜ/ਅਪ੍ਰੇਸ਼ਨ ਕੀਤੇ ਜਾ ਰਹੇ ਹਨ | ਜਿੱਥੇ ਰੋਜ਼ਾਨਾ ਲੰਮੀਆ ਲਗਦੀਆਂ ਕਤਾਰਾਂ ਇਸ ਦੀ ਗਵਾਹੀ ਭਰ ਰਹੀਆਂ ਹਨ |