ਬਠਿੰਡਾ, 20 ਜੁਲਾਈ (ਸੱਤਪਾਲ ਸਿੰਘ ਸਿਵੀਆਂ)- ਵੇਰਕਾ ਮਿਲਕ ਅਤੇ ਕੈਟਲਫੀਡ ਪਲਾਂਟ ਕੰਟਰੈਕਟ ਵਰਕਰ ਯੂਨੀਅਨ ਪੰਜਾਬ ਨੇ ਵਿਸ਼ਵ ਵਪਾਰ ਸੰਸਥਾ ਵਲੋਂ ਅਮਰੀਕਾ ਨੂੰ ਭਾਰਤ ਅੰਦਰ ਦੁੱਧ ਦੇ ਵਪਾਰ ਲਈ ਦਿੱਤੀ ਜਾਣ ਵਾਲੀ ਖੁੱਲ੍ਹ ਦੀ ਸਖ਼ਤ ਨਿਖੇਧੀ ਕੀਤੀ ਹੈ | ਯੂਨੀਅਨ ਦੇ ਸੂਬਾ ਪ੍ਰਧਾਨ ਪਵਨਦੀਪ ਸਿੰਘ ਤੇ ਸੂਬਾ ਜਨਰਲ ਸਕੱਤਰ ਜਸਵੀਰ ਸਿੰਘ ਬਠਿੰਡਾ ਨੇ ਕਿਹਾ ਕਿ ਵਿਸ਼ਵ ਵਪਾਰ ਸੰਸਥਾ ਦੇ ਉਕਤ ਫ਼ੈਸਲੇ ਨਾਲ ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੇ ਡੇਅਰੀ ਕਿੱਤੇ ਨਾਲ ਜੁੜੇ ਕਿਸਾਨ ਅਤੇ ਉਨ੍ਹਾਂ ਦਾ ਧੰਦਾ ਤਬਾਹ ਹੋ ਜਾਵੇਗਾ | ਉਨ੍ਹਾਂ ਕਿਹਾ ਕਿ ਇਸ ਹਮਲੇ ਬਾਅਦ ਅਮਰੀਕਾ ਆਪਣੀ ਮਨਮਰਜ਼ੀ ਨਾਲ ਦੁੱਧ ਦੇ ਭਾਅ ਹੀ ਵਸੂਲ ਨਹੀਂ ਕਰੇਗਾ, ਸਗੋਂ ਭਾਰਤ 'ਚ ਹੋਰ ਬੇਮਿਸਾਲ ਬੇਰੁਜ਼ਗਾਰੀ ਫੈਲੇਗੀ ਤੇ ਅਪਰਾਧਿਕ ਘਟਨਾਵਾਂ 'ਚ ਵਾਧਾ ਹੋਵੇਗਾ ਤੇ ਸਾਡੀ ਨੌਜਵਾਨ ਪੀੜੀ ਬਾਹਰੀ ਮੁਲਕਾਂ 'ਚ ਹੋਰ ਪ੍ਰਵਾਸ ਵੱਲ ਵਧੇਗੀ | ਉਨ੍ਹਾਂ ਇਸ ਫ਼ੈਸਲੇ ਨੂੰ ਤੁਰੰਤ ਰੱਦ ਕਰਨ ਦੀ ਮੰਗ ਕਰਦਿਆਂ ਡੇਅਰੀ ਫਾਰਮਿੰਗ ਦੇ ਧੰਦੇ ਨਾਲ ਜੁੜੇ ਲੋਕਾਂ, ਪੀ.ਡੀ.ਐੱਫ.ਏ., ਕਿਸਾਨ ਧਿਰਾਂ ਅਤੇ ਇਸ ਖੇਤਰ 'ਚ ਰੁਜ਼ਗਾਰ 'ਤੇ ਲੱਗੇ ਕਾਮਿਆਂ ਨੂੰ ਇਸ ਸਮਝੌਤੇ ਵਿਰੁੱਧ ਸੰਘਰਸ਼ ਵਿੱਢਣ ਲਈ ਤਿਆਰੀਆਂ ਵਿਚ ਜੁਟ ਜਾਣ ਦੀ ਅਪੀਲ ਕੀਤੀ ਗਈ |