13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਚੰਡੀਗੜ੍ਹ ਵਿਚ ਦੋ ਵੱਖ-ਵੱਖ ਸਾਈਬਰ ਠੱਗੀ ਮਾਮਲੇ ਦਰਜ, ਕੁੱਲ 1 ਕਰੋੜ 6.79 ਲੱਖ ਰੁਪਏ ਦੀ ਹੋਈ ਠੱਗੀ

ਅਜੀਤ ਡੈਸਕ 27-12-2025
ਚੰਡੀਗੜ੍ਹ, 26 ਦਸੰਬਰ (ਕਪਿਲ ਵਧਵਾ)-ਸ਼ਹਿਰ 'ਚ ਆਏ ਦਿਨ ਸਾਈਬਰ ਠੱਗੀ ਦੇ ਮਾਮਲੇ ਸਾਹਮਣੇ ਆ ਰਹੇ ਹਨ | ਤਾਜ਼ਾ ਘਟਨਾ ਵਿਚ ਸਾਈਬਰ ਸੈੱਲ ਵਲੋਂ ਦੋ ਵੱਖ-ਵੱਖ ਮਾਮਲਿਆਂ 'ਚ ਐੱਫ. ਆਈ. ਆਰ. ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ | ਕੋਰੋਨਾ ਕਾਲ ਦੌਰਾਨ ਅਮਰੀਕਨ ਬੈਂਕ ਖਾਤਾ ਬਹਾਲ ਕਰਨ ਦੇ ਨਾਂਅ 'ਤੇ 1 ਕਰੋੜ ਤੋਂ ਵੱਧ ਦੀ ਠੱਗੀ ਪਹਿਲਾ ਮਾਮਲਾ ਸੈਕਟਰ-61 ਸਥਿਤ ਐੱਮ. ਆਈ. ਜੀ. ਫਲੈਟਸ ਦੀ ਰਹਿਣ ਵਾਲੀ ਸਤਨਾਮ ਕੌਰ ਦੀ ਸ਼ਿਕਾਇਤ 'ਤੇ ਦਰਜ ਹੋਇਆ | ਸਤਨਾਮ ਕੌਰ ਦੇ ਬੈਂਕ ਆਫ਼ ਅਮਰੀਕਾ ਸਮੇਤ ਦੋ ਅੰਤਰਰਾਸ਼ਟਰੀ ਖਾਤੇ ਹਨ | ਉਨ੍ਹਾਂ ਨੇ ਦੱਸਿਆ ਕਿ ਕੋਰੋਨਾ ਦੌਰਾਨ ਮਾਈਕਲ ਨੀਲ ਲੀਗਲ ਨਾਂਅ ਦੇ ਵਿਅਕਤੀ ਦਾ ਫੋਨ ਆਇਆ, ਜਿਹੜਾ ਖੁਦ ਨੂੰ ਲੀਗਲ ਐਡਵਾਈਜ਼ਰ ਦੱਸ ਰਿਹਾ ਸੀ | ਉਸ ਨੇ ਕਿਹਾ ਕਿ ਉਨ੍ਹਾਂ ਦੇ ਬੈਂਕ ਖਾਤੇ ਫਰੀਜ਼ ਹਨ ਤੇ ਜੇਕਰ ਉਹ ਕੋਇਨ ਖਰੀਦ ਕੇ ਇਨਵੈਸਟਮੈਂਟ ਕਰਦੇ ਹਨ ਤਾਂ ਨਾ ਸਿਰਫ਼ ਵੱਡਾ ਮਨਾਫ਼ਾ ਹੋਵੇਗਾ ਤੇ ਫਰੀਜ਼ ਖਾਤੇ ਵੀ ਮੁੜ ਚਲਨਗੇ | ਭਰੋਸੇ 'ਚ ਆ ਕੇ ਸਤਨਾਮ ਕੌਰ ਨੇ ਦੱਸੇ ਗਏ ਅਕਾਊਾਟਾਂ 'ਚ ਰਕਮ ਭੇਜ ਦਿੱਤੀ | ਬਾਅਦ 'ਚ ਪਤਾ ਲੱਗਾ ਕਿ ਉਨ੍ਹਾਂ ਨਾਲ ਕੁੱਲ 1 ਕਰੋੜ 3 ਲੱਖ 53 ਹਜ਼ਾਰ 388 ਰੁਪਏ ਦੀ ਠੱਗੀ ਹੋ ਚੁੱਕੀ ਹੈ | ਪੁਲਿਸ ਨੇ ਇਸ ਸੰਬੰਧੀ ਅਣਪਛਾਤੇ ਵਿਅਕਤੀ ਵਿਰੁੱਧ ਮਾਮਲਾ ਦਰਜ ਕੀਤਾ ਹੈ |
ਚਾਲਾਨ ਪੈਂਡਿੰਗ ਮੈਸੇਜ ਨੇ ਖਾਲੀ ਕਰਵਾਇਆ ਬੈਂਕ ਖਾਤਾ, 3.26 ਲੱਖ ਰੁਪਏ ਗੁਵਾਏ : ਦੂਜਾ ਮਾਮਲਾ ਮਲੋਆ ਵਿਖੇ ਰਹਿੰਦੇ ਰਮੇਸ਼ ਸਿੰਘ ਰਾਵਤ, ਜੋ ਕਿ ਜਿਓ ਟੈਲੀਕਾਮ ਕੰਪਨੀ ਵਿਚ ਕੰਮ ਕਰਦੇ ਹਨ, ਦੀ ਸ਼ਿਕਾਇਤ 'ਤੇ ਦਰਜ ਹੋਇਆ | 19 ਅਕਤੂਬਰ 2025 ਨੂੰ ਉਨ੍ਹਾਂ ਦੇ ਮੋਬਾਈਲ 'ਤੇ ਵਾਟਸਐਪ ਰਾਹੀਂ ਇਕ ਸੁਨੇਹਾ ਆਇਆ ਜਿਸ ਵਿਚ ਇਕ ਟਰਾਂਸਪੋਰਟ ਐਪ ਦਾ ਲਿੰਕ ਸੀ ਤੇ ਗੱਡੀ ਦਾ ਚਾਲਾਨ ਪੈਂਡਿੰਗ ਦੱਸਿਆ ਗਿਆ ਸੀ ਕਿਉਂਕਿ ਰਮੇਸ਼ ਦਾ ਚਾਲਾਨ ਵਾਸਤਵ ਵਿਚ ਪੈਂਡਿੰਗ ਸੀ, ਇਸ ਲਈ ਉਨ੍ਹਾਂ ਨੇ ਲਿੰਕ ਖੋਲ੍ਹ ਲਿਆ | ਲਿੰਕ ਖੁੱਲ੍ਹਦਿਆਂ ਹੀ ਫੋਨ ਹੈਕ ਹੋ ਗਿਆ ਤੇ ਕਿਸੇ ਵੀ ਫੰਕਸ਼ਨ ਨੇ ਕੰਮ ਕਰਨਾ ਬੰਦ ਕਰ ਦਿੱਤਾ | ਸ਼ੱਕ ਹੋਣ 'ਤੇ ਰਮੇਸ਼ ਨੇ ਫੋਨ ਬੰਦ ਕਰ ਦਿੱਤਾ | ਅਗਲੇ ਦਿਨ ਜਦੋਂ ਮੋਬਾਈਲ ਓਨ ਕੀਤਾ ਤਾਂ ਕਈ ਓ. ਟੀ. ਪੀ. ਪ੍ਰਾਪਤ ਹੋ ਰਹੇ ਸਨ | ਬੈਂਕ ਖਾਤਾ ਚੈੱਕ ਕਰਨ 'ਤੇ ਪਤਾ ਲੱਗਾ ਕਿ 3 ਲੱਖ 26 ਹਜ਼ਾਰ 294 ਰੁਪਏ ਉਡਾਏ ਜਾ ਚੁੱਕੇ ਹਨ | ਇਸ ਮਾਮਲੇ 'ਚ ਵੀ ਉਹੀ ਧਾਰਾਵਾਂ ਹੇਠ ਮਾਮਲਾ ਦਰਜ ਕੀਤਾ ਗਿਆ ਹੈ, ਜਿਸ ਨੂੰ ਪੁਲਿਸ ਕ੍ਰੈਡਿਟ ਕਾਰਡ ਫਰਾਡ ਤੋਂ ਜੁੜਿਆ ਮਾਨ ਰਹੀ ਹੈ | ਚੰਡੀਗੜ੍ਹ ਪੁਲਿਸ ਵਲੋਂ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਅਣਜਾਣ ਕਾਲ, ਸੁਨੇਹੇ ਤੇ ਲਿੰਕਾਂ ਤੋਂ ਸਾਵਧਾਨ ਰਹੋ, ਕਿਉਂਕਿ ਠੱਗ ਨਵੇਂ-ਨਵੇਂ ਤਰੀਕਿਆਂ ਨਾਲ ਲੋਕਾਂ ਨੂੰ ਨਿਸ਼ਾਨਾ ਬਣਾ ਰਹੇ ਹਨ |
ਪਿਛਲੀ ਖ਼ਬਰ ਚੰਡੀਗੜ੍ਹ ਦੇ ਵਿਦਿਆਰਥੀਆਂ ਨੇ ਸੀ. ਐਲ. ਏ. ਟੀ., ਆਈ. ਏ. ਐਲ. ਈ. ਟੀ. ਤੇ ਸੀ. ਏ. ਟੀ. 'ਚ ਕੀਤਾ ਸ਼ਾਨਦਾਰ ਪ੍ਰਦਰਸ਼ਨ... ਅਗਲੀ ਖ਼ਬਰ ਪੰਜਾਬ ਯੂਨੀਵਰਸਿਟੀ ਕੈਂਪਸ 'ਚ ਵਿਦਿਆਰਥੀਆਂ ਨੇ ਬੀ. ਬੀ. ਐਮ. ਬੀ. ਦੇ ਸਕੂਲ ਨੂੰ ਇਕ ਪ੍ਰਾਈਵੇਟ ਸੁਸਾਇਟੀ ਨੂੰ ਦੇਣ ਵਿ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।