ਚੰਡੀਗੜ੍ਹ, 20 ਨਵੰਬਰ (ਅਜੀਤ ਬਿਊਰੋ)-'ਆਪ' ਪੰਜਾਬ ਦੇ ਮੁੱਖ ਬੁਲਾਰੇ ਤੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਵੀਰਵਾਰ ਨੂੰ ਸੂਬੇ ਵਿਚ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕਰ ਰਹੇ ਸਾਰੇ ਗੈਂਗਸਟਰਾਂ ਅਤੇ ਸਮਾਜ ਵਿਰੋਧੀ ਤੱਤਾਂ ਨੂੰ ਸਖ਼ਤ ਚਿਤਾਵਨੀ ਦਿੱਤੀ | ਅੰਮਿ੍ਤਸਰ ਵਿਚ ਦੇਰ ਰਾਤ ਹੋਏ ਪੁਲਿਸ ਮੁਕਾਬਲੇ ਦਾ ਹਵਾਲਾ ਦਿੰਦੇ ਹੋਏ, ਜਿਸ ਵਿਚ ਬਦਨਾਮ ਗੈਂਗਸਟਰ ਹਰਜਿੰਦਰ ਸਿੰਘ ਉਰਫ਼ 'ਹੈਰੀ' ਨੂੰ ਮਾਰ ਦਿੱਤਾ ਗਿਆ, ਧਾਲੀਵਾਲ ਨੇ ਕਿਹਾ ਕਿ ਸੁਨੇਹਾ ਸਪੱਸ਼ਟ ਹੈ ਜੋ ਵੀ ਪੰਜਾਬ ਵਿਚ ਹਿੰਸਾ, ਜਬਰੀ ਵਸੂਲੀ ਜਾਂ ਬੰਦੂਕ ਸੱਭਿਆਚਾਰ ਦੀ ਚੋਣ ਕਰੇਗਾ, ਉਸ ਨੂੰ ਇਹੀ ਨਤੀਜਾ ਭੁਗਤਣਾ ਪਵੇਗਾ | ਧਾਲੀਵਾਲ ਨੇ ਅੰਮਿ੍ਤਸਰ ਜ਼ਿਲ੍ਹਾ ਤੇ ਸ਼ਹਿਰ ਦੀ ਪੁਲਿਸ ਟੀਮਾਂ ਦੀ ਉਨ੍ਹਾਂ ਦੀ ਤੁਰੰਤ ਤੇ ਫੈਸਲਾਕੁੰਨ ਕਾਰਵਾਈ ਲਈ ਪ੍ਰਸ਼ੰਸਾ ਕੀਤੀ | ਉਨ੍ਹਾਂ ਕਿਹਾ ਕਿ ਸਾਡੀ ਪੁਲਿਸ ਨੇ ਇਕ ਮੁਕਾਬਲੇ 'ਚ ਇਕ ਖਤਰਨਾਕ ਗੈਂਗਸਟਰ ਨੂੰ ਖਤਮ ਕਰ ਦਿੱਤਾ | ਮੈਂ ਇਸ ਵਿਚ ਸ਼ਾਮਿਲ ਹਰ ਅਧਿਕਾਰੀ ਦੀ ਦਿਲੋਂ ਸ਼ਲਾਘਾ ਕਰਦਾ ਹਾਂ |