ਚੰਡੀਗੜ੍ਹ, 20 ਨਵੰਬਰ (ਰਾਮ ਸਿੰਘ ਬਰਾੜ)-ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪੰਚਕੂਲਾ ਸ਼ਹਿਰ ਨੂੰ ਆਧੁਨਿਕ ਸ਼ਹਿਰੀ ਸਹੂਲਤਾਂ ਨਾਲ ਲੈਸ ਇਕ ਮਾਡਲ ਸ਼ਹਿਰ ਵਜੋਂ ਵਿਕਸਿਤ ਕਰਨਾ ਸਰਕਾਰ ਦੀ ਪ੍ਰਾਥਮਿਕਤਾ ਹੈ | ਇਸ ਲਈ ਪੰਚਕੂਲਾ ਮਹਾਨਗਰ ਵਿਕਾਸ ਅਥਾਰਿਟੀ (ਪੀ. ਐਮ. ਡੀ. ਏ.) ਵਲੋਂ ਸ਼ਹਿਰ ਦੇ ਢਾਂਚਾਗਤ ਵਿਕਾਸ ਦੇ ਨਾਲ-ਨਾਲ ਹੋਰ ਸਹੂਲਤਾਂ ਨੂੰ ਮਜ਼ਬੂਤ ਕਰਨ 'ਤੇ ਕੰਮ ਕੀਤਾ ਜਾ ਰਿਹਾ ਹੈ | ਉਨ੍ਹਾਂ ਨੇ ਅਧਿਕਾਰੀਆਂ ਨੂੰ ਪੰਚਕੂਲਾ ਦੇ ਸਮੁੱਚੇ ਵਿਕਾਸ, ਸਵੱਛਤਾ ਤੇ ਬੁਨਿਆਦੀ ਢਾਂਚੇ ਨੂੰ ਹੋਰ ਬਿਹਤਰ ਬਣਾਉਣ ਲਈ ਦਿਸ਼ਾ-ਨਿਰਦੇਸ਼ ਦਿੱਤੇ | ਮੁੱਖ ਮੰਤਰੀ ਵੀਰਵਾਰ ਦੇਰ ਸ਼ਾਮ ਪੰਚਕੂਲਾ ਮਹਾਂਨਗਰ ਵਿਕਾਸ ਅਥਾਰਿਟੀ (ਪੀ. ਐਮ. ਡੀ. ਏ.) ਦੀ ਮੀਟਿੰਗ ਦੀ ਅਗਵਾਈ ਕਰ ਰਹੇ ਸਨ | ਮੁੱਖ ਮੰਤਰੀ ਨੇ ਸਪੱਸ਼ਟ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਸ਼ਹਿਰ ਦੀ ਸਾਰੀ ਸੜਕਾਂ ਦੀ ਸਥਿਤੀ ਬਿਹਤਰ ਹੋਣੀ ਬਹੁਤ ਜ਼ਰੂਰੀ ਹੈ | ਉਨ੍ਹਾਂ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਜਿਨ੍ਹਾਂ ਥਾਵਾਂ 'ਤੇ ਸੜਕਾਂ ਖਰਾਬ ਹਨ ਜਾਂ ਮੁਰੰਮਤ ਦੀ ਜ਼ਰੂਰਤ ਹੈ, ਉਨ੍ਹਾਂ ਨੂੰ ਪ੍ਰਾਥਮਿਕਤਾ ਆਧਾਰ 'ਤੇ ਤੁਰੰਤ ਠੀਕ ਕੀਤਾ ਜਾਵੇ | ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਇਹ ਵੀ ਨਿਰਦੇਸ਼ ਦਿੱਤੇ ਕਿ ਪੰਚਕੂਲਾ ਖੇਤਰ ਦੀ ਜ਼ਰੂਰਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਕੌਸ਼ਲਿਆ ਡੈਮ ਵਿਚ ਕਾਫ਼ੀ ਪਾਣੀ ਦੀ ਸਪਲਾਈ ਯਕੀਨੀ ਕੀਤੀ ਜਾਵੇ | ਮੀਟਿੰਗ ਦੌਰਾਨ ਪੰਚਕੂਲਾ ਮਹਾਂਨਗਰ ਵਿਕਾਸ ਅਥਾਰਿਟੀ (ਪੀ.ਐਮ.ਡੀ.ਏ) ਦੇ ਮੁੱਖ ਕਾਰਜਕਾਰੀ ਅਧਿਕਾਰੀ ਕੇ ਮਕਰੰਦ ਪਾਂਡੂਰੰਗ ਨੇ ਜਾਣਕਾਰੀ ਦਿੱਤੀ ਕਿ ਸੈਕਟਰ 32, ਪੰਚਕੂਲਾ ਵਿਚ ਵਲਡ ਕਲਾਸ ਸ਼ੂਟਿੰਗ ਰੇਂਜ ਸਪੋਰਟਸ ਕੰਪਲੈਕਸ ਦੇ ਨਿਰਮਾਣ ਲਈ 173.48 ਕਰੋੜ ਰੁਪਏ ਦੀ ਪ੍ਰਸ਼ਾਸਨਿਕ ਮਨਜ਼ੂਰੀ ਪ੍ਰਦਾਨ ਕਰ ਦਿੱਤੀ ਗਈ ਹੈ ਤੇ ਆਗਾਮੀ ਪ੍ਰਕਿ੍ਆਵਾਂ ਜਲਦੀ ਪੂਰੀਆਂ ਕੀਤੀਆਂ ਜਾਣਗੀਆਂ | ਮੀਟਿੰਗ 'ਚ ਇਹ ਵੀ ਜਾਣਕਾਰੀ ਦਿੱਤੀ ਗਈ ਕਿ ਪੀ.ਐਮ.ਡੀ.ਏ ਨੂੰ 58 ਸੜਕਾਂ, 11 ਪਾਰਕਾਂ, 3 ਵਾਟਰ ਟਰੀਟਮੈਂਟ ਪਲਾਂਟ ਅਤੇ 3 ਸੀਵਰੇਜ ਟਰੀਟਮੈਂਟ ਪਲਾਂਟ ਹੈਂਡਓਵਰ ਕੀਤੇ ਗਏ ਸਨ | ਸੜਕਾਂ ਦੀ ਮੁਰੰਮਤ, ਪਾਰਕਾਂ ਦਾ ਸੰੁਦਰੀਕਰਨ ਅਤੇ ਸਮੁੱਚੀ ਡ੍ਰੇਨੇਜ ਵਿਵਸਥਾ ਨਾਲ ਸਬੰਧਿਤ 34.94 ਕਰੋੜ ਰੁਪਏ ਦੀ ਲਾਗਤ ਨਾਲ 39 ਕੰਮ ਪੂਰੇ ਕੀਤੇ ਜਾ ਚੁੱਕੇ ਹਨ, ਜਦੋਂ ਕਿ 45.14 ਕਰੋੜ ਰੁਪਏ ਦੀ ਲਾਗਤ ਨਾਲ 59 ਕੰਮ ਮੌਜੂਦ ਵਿਚ ਪ੍ਰਗਤੀ 'ਤੇ ਹਨ | ਮੀਟਿੰਗ 'ਚ ਐਮ. ਡੀ. ਸੀ. ਸੈਕਟਰ-1 ਵਿਚ ਪ੍ਰਸਤਾਵਿਤ ਅਟੱਲ ਪਾਰਕ 'ਤੇ ਵੀ ਵਿਸਤਾਰ ਚਰਚਾ ਕੀਤੀ ਗਈ |