ਜ਼ੀਰਕਪੁਰ, 18 ਨਵੰਬਰ (ਮਨਿੰਦਰ ਸਿੰਘ)-ਮੁਹਾਲੀ ਸਿਟੀ ਸੈਂਟਰ-1 ਵਿਚ ਸਥਿਤ ਆਕਾਸ਼ ਹੇਅਰ ਪੋਰਟ ਦੇ ਮਾਲਕ 'ਤੇ ਜਾਨਲੇਵਾ ਹਮਲਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ | ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਪੀੜਤ ਨੇ ਦੱਸਿਆ ਕਿ ਉਹ ਆਮ ਵਾਂਗ ਰਾਤ ਦੇ ਕਰੀਬ 8 ਵਜੇ ਆਪਣਾ ਸੈਲੂਨ ਬੰਦ ਕਰਕੇ ਆਪਣੀ ਐਕਟਿਵਾ 'ਤੇ ਸਵਾਰ ਹੋ ਕੇ ਘਰ ਵਾਪਿਸ ਆ ਰਿਹਾ ਸੀ ਅਤੇ ਇਸੇ ਦੌਰਾਨ ਜਦੋਂ ਉਹ ਗੁਰਦੁਆਰਾ ਨਾਭਾ ਸਾਹਿਬ ਤੋਂ ਥੋੜ੍ਹਾ ਅੱਗੇ ਗਰੀਨ ਲੋਟਸ ਸਕਸ਼ਮ ਸਾਹਮਣੇ ਪੁੱਜਿਆ ਤਾਂ ਇਕ ਸਵਿਫਟ ਕਾਰ, ਜਿਸ ਦੀ ਨੰਬਰ ਪਲੇਟ ਢਕੀ ਹੋਈ ਸੀ, ਉਸ ਦੀ ਐਕਟਿਵਾ ਦੇ ਅੱਗੇ ਆ ਕੇ ਰੁਕੀ | ਕਾਰ 'ਚੋਂ ਚਾਰ ਨੌਜਵਾਨ ਉਤਰੇ ਤੇ ਉਸ 'ਤੇ ਲੋਹੇ ਦੀ ਰਾਡ ਤੇ ਕਿ੍ਪਾਨ ਨਾਲ ਹਮਲਾ ਕਰ ਦਿੱਤਾ | ਇਸ ਦੌਰਾਨ ਇਕ ਹਮਲਾਵਰ ਨੇ ਉਸ ਦੇ ਖੱਬੇ ਹੱਥ 'ਤੇ ਰਾਡ ਨਾਲ ਵਾਰ ਕੀਤਾ, ਜਦਕਿ ਦੂਜੇ ਨੇ ਕਿ੍ਪਾਨ ਨਾਲ ਉਸ ਦੀ ਗਰਦਨ 'ਤੇ ਹਮਲਾ ਕੀਤਾ, ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ | ਇਸੇ ਦੌਰਾਨ ਤੀਜੇ ਵਿਅਕਤੀ ਨੇ ਉਸ ਵਲੋਂ ਪਹਿਨੇ ਹੈਲਮਟ 'ਤੇ ਰਾਡ ਨਾਲ ਵਾਰ ਕੀਤਾ ਗਿਆ | ਇਸ ਮੌਕੇ ਜਦੋਂ ਉਸ ਨੇ ਰੌਲਾ ਪਾਇਆ ਤਾਂ ਲੋਕ ਇਕੱਠੇ ਹੁੰਦੇ ਦੇਖ ਚਾਰੋਂ ਮੁਲਜ਼ਮ ਉਸ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਮੌਕੇ ਤੋਂ ਫ਼ਰਾਰ ਹੋ ਗਏ | ਪੀੜਤ ਅਨੁਸਾਰ ਉਸ ਵਲੋਂ ਜ਼ੀਰਕਪੁਰ ਪੁਲਿਸ ਥਾਣੇ ਵਿਚ ਸ਼ਿਕਾਇਤ ਦਰਜ ਕਰਵਾਈ ਗਈ ਸੀ, ਪਰ ਪੁਲਿਸ ਵਲੋਂ ਉਸ ਦੀ ਸ਼ਿਕਾਇਤ 'ਤੇ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ, ਸਗੋਂ ਉਸ ਨੂੰ ਵੱਖ-ਵੱਖ ਥਾਵਾਂ 'ਤੇ ਭੇਜਿਆ ਜਾ ਰਿਹਾ ਹੈ | ਉਧਰ ਮਾਮਲੇ ਦੇ ਪੜਤਾਲੀਆ ਅਫ਼ਸਰ ਏ. ਐਸ. ਆਈ. ਰਾਜ ਕੁਮਾਰ ਨੇ ਦੱਸਿਆ ਕਿ ਅਸੀਂ ਸੀ. ਸੀ. ਟੀ. ਵੀ. ਫੁਟੇਜ ਦੀ ਜਾਂਚ ਕਰ ਰਹੇ ਹਾਂ ਅਤੇ ਪੀੜਤ ਦੀ ਮੈਡੀਕਲ ਰਿਪੋਰਟ ਆਉਣ ਤੋਂ ਬਾਅਦ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ |