-ਮਾਮਲਾ ਡੇਰਾਬੱਸੀ ਵਿਖੇ 9.88 ਕਰੋੜ ਨਕਲੀ ਤੇ ਬੰਦ ਕਰੰਸੀ ਮਿਲਣ ਦਾ-
ਡੇਰਾਬੱਸੀ, 18 ਨਵੰਬਰ (ਰਣਬੀਰ ਸਿੰਘ ਪੜ੍ਹੀ)-ਡੇਰਾਬੱਸੀ ਪੁਲਿਸ ਵਲੋਂ ਕਰੀਬ 10 ਕਰੋੜ ਰੁ. ਦੇ ਨਕਲੀ ਤੇ ਬੰਦ ਨੋਟ ਬਰਾਮਦ ਹੋਣ ਦੇ ਮਾਮਲੇ 'ਚ ਅੰਤਰਰਾਜੀ ਨਕਲੀ ਕਰੰਸੀ ਗਰੋਹ ਦੀ ਜਾਂਚ ਨੇ ਨਵਾਂ ਮੋੜ ਲਿਆ ਹੈ | ਪੁਲਿਸ ਨੇ ਗਰੋਹ ਦੇ ਚਾਰ ਹੋਰਨਾਂ ਮੈਂਬਰਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਮਾਮਲੇ 'ਚ ਨਾਮਜ਼ਦ ਕੀਤਾ ਹੈ, ਜਦਕਿ ਕਾਬੂ ਦੋ ਮੁਲਜ਼ਮਾਂ ਦੇ ਪੁਲਿਸ ਰਿਮਾਂਡ 'ਚ ਅਦਾਲਤ ਵਲੋਂ ਮੁੜ 3 ਦਿਨਾਂ ਦਾ ਹੋਰ ਵਾਧਾ ਕੀਤਾ ਗਿਆ ਹੈ | ਹਾਸਿਲ ਜਾਣਕਾਰੀ ਅਨੁਸਾਰ ਇਸ ਗਰੋਹ ਨੇ ਨੇਵੀ ਦੀ ਸੇਵਾ-ਮੁਕਤ ਮਹਿਲਾ ਅਫ਼ਸਰ ਪ੍ਰੀਤੀ ਮੋਹਨ ਤੋਂ ਵੀ 15 ਲੱਖ ਰੁ. ਇਹ ਆਖ ਕੇ ਲਏ ਸਨ ਕਿ ਉਨ੍ਹਾਂ ਨੂੰ ਇਹ ਰਕਮ ਦੁੱਗਣੀ ਕਰਕੇ ਮੋੜੀ ਜਾਵੇਗੀ | ਇਹ ਰਾਸ਼ੀ ਦਿੱਲੀ ਦੇ ਵਸਨੀਕ ਸੰਜੀਵ ਕੁਮਾਰ ਦੇ ਖਾਤੇ 'ਚ ਪਾਈ ਗਈ ਸੀ, ਜਿਸ ਨੇ ਬਾਅਦ 'ਚ ਪੈਸੇ ਕਢਵਾ ਕੇ ਗਰੋਹ ਕੋਲ ਪਹੁੰਚਾਏ ਸਨ | ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਪੁਲਿਸ ਨੇ ਗਰੋਹ ਦੇ ਮੈਂਬਰ ਸਚਿਨ ਵਾਸੀ ਪਿਹੋਵਾ ਅਤੇ ਗੁਰਦੀਪ(ਵਾਸੀ ਗੁਰਦੇਵ ਨਗਰ ਕੁਰੂਕਸ਼ੇਤਰ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਤੋਂ 9 ਕਰੋੜ 99 ਲੱਖ 5 ਹਜ਼ਾਰ ਰੁ. ਦੇ ਨਕਲੀ ਤੇ ਬੰਦ ਹੋਏ ਨੋਟ ਬਰਾਮਦ ਕੀਤੇ ਸਨ | ਇਹ ਦੋਵੇਂ ਮੁਲਜ਼ਮ ਫ਼ਰੀਦਾਬਾਦ ਦੇ ਸਾਗਰ ਗੌੜ ਤੋਂ 40 ਲੱਖ ਰੁ. ਲੈ ਕੇ ਉਸ ਨੂੰ 80 ਲੱਖ ਰੁ. ਦੇਣ ਦਾ ਦਾਅਵਾ ਕਰ ਰਹੇ ਸਨ, ਪਰ ਪਿਛਲੇ ਛੇ ਮਹੀਨਿਆਂ ਤੋਂ ਉਸ ਨੂੰ ਟਾਲਦੇ ਆ ਰਹੇ ਸਨ | ਇਸ ਗਰੋਹ ਨੇ ਜ਼ੀਰਕਪੁਰ 'ਚ ਕਲਾਊਡ ਸ਼ੇਡ ਕੰਪਨੀ ਦੇ ਨਾਂਅ 'ਤੇ ਮਹਿੰਗਾ ਦਫ਼ਤਰ ਬਣਾਇਆ ਹੋਇਆ ਸੀ, ਜਿਥੇ ਉਹ ਲਗਜ਼ਰੀ ਕਾਰਾਂ, ਬ੍ਰਾਂਡਿਡ ਕੱਪੜਿਆਂ ਅਤੇ ਬਾਊਾਸਰਾਂ ਦੀ ਮਦਦ ਨਾਲ ਭਰੋਸੇਮੰਦ ਮਾਹੌਲ ਤਿਆਰ ਕਰਕੇ ਲੋਕਾਂ ਨੂੰ ਫਸਾਉਂਦੇ ਸਨ | ਥਾਣਾ ਮੁਖੀ ਇੰਸਪੈਕਟਰ ਸੁਮਿਤ ਮੋਰ ਨੇ ਦੱਸਿਆ ਕਿ ਰਿਮਾਂਡ ਦੌਰਾਨ ਪੁਲਿਸ ਨੂੰ ਗਰੋਹ ਦੇ ਚਾਰ ਹੋਰਨਾਂ ਮੈਂਬਰਾਂ ਬਾਰੇ ਜਾਣਕਾਰੀ ਮਿਲੀ ਹੈ, ਜਿਨ੍ਹਾਂ ਦੀ ਪਛਾਣ ਮਹਾਰਾਸ਼ਟਰ ਦੇ ਸ਼ੈਲੇਸ਼ ਕੁਮਾਰ, ਜੋ ਕਿ ਆਰ. ਬੀ. ਆਈ. ਨਾਲ ਸੈਟਿੰਗ ਹੋਣ ਦਾ ਦਾਅਵਾ ਕਰਦਾ ਸੀ, ਉੱਤਰਾਖੰਡ ਦੇ ਈਸ਼ਵਰ ਨੇਗੀ ਤੇ ਦਿੱਲੀ ਦੇ ਵਿਕਰਮ ਸ਼ੈਫੀ, ਜੋ ਕਿ ਗਰੋਹ ਲਈ ਬਾਊਾਸਰ ਵਜੋਂ ਕੰਮ ਕਰਦੇ ਸਨ ਅਤੇ ਦਿੱਲੀ ਦੇ ਸੰਜੀਵ ਕੁਮਾਰ, ਜੋ ਕਿ ਲੈਣ-ਦੇਣ 'ਚ ਸਿੱਧਾ ਸ਼ਾਮਿਲ ਸੀ, ਵਜੋਂ ਹੋਈ ਹੈ | ਪੁਲਿਸ ਟੀਮ ਉਕਤ ਚਾਰੋਂ ਮੁਲਜ਼ਮਾਂ ਨੂੰ ਗਿ੍ਫ਼ਤਾਰ ਕਰਨ ਲਈ ਉਨ੍ਹਾਂ ਦੇ ਠਿਕਾਣਿਆਂ 'ਤੇ ਲਗਾਤਾਰ ਛਾਪੇਮਾਰੀ ਕਰ ਰਹੀ ਹੈ | ਮਾਮਲੇ ਦੀ ਜਾਂਚ ਅਜੇ ਵੀ ਜਾਰੀ ਹੈ ਅਤੇ ਪੁਲਿਸ ਨੂੰ ਇਸ ਗਰੋਹ ਤੋਂ ਹੋਰ ਵੱਡੇ ਖੁਲਾਸੇ ਹੋਣ ਦੀ ਆਸ ਹੈ |
ਨਕਲੀ ਕਰੰਸੀ ਕਾਂਡ 'ਚ ਵੱਡਾ ਖੁਲਾਸਾ-ਗਰੋਹ ਦੇ 4 ਹੋਰ ਮੈਂਬਰ ਮਾਮਲੇ 'ਚ ਨਾਮਜ਼ਦ
ਅਜੀਤ ਡੈਸਕ
19-11-2025