ਮਾਜਰੀ, 5 ਨਵੰਬਰ (ਕੁਲਵੰਤ ਸਿੰਘ ਧੀਮਾਨ)-ਥਾਣਾ ਨਵਾਂਗਰਾਓਾ ਦੀ ਪੁਲਿਸ ਨੂੰ ਜੋਤੀ ਰਾਣੀ ਵਾਸੀ ਗਰਜਾ ਕੰਪਲੈਕਸ (ਨਵਾਂਗਰਾਓਾ) ਨੇ ਦੱਸਿਆ ਕਿ ਉਸ ਦਾ ਪਤੀ ਨਸ਼ਾ ਕਰਨ ਦਾ ਆਦੀ ਹੈ ਤੇ ਉਹ ਅਕਸਰ ਹੋਰਨਾਂ ਨੌਜਵਾਨਾਂ ਨੂੰ ਨਾਲ ਲੈ ਕੇ ਨਸ਼ੇ ਦਾ ਸੇਵਨ ਕਰਦਾ ਹੈ | ਅੱਜ ਵੀ ਉਹ ਨਸ਼ੇ ਦੀ ਹਾਲਤ ਵਿਚ ਕਾਲੋਨੀ ਵਿਚ ਘੁੰਮ ਰਿਹਾ ਹੈ ਅਤੇ ਜੇਕਰ ਉਸ ਨੂੰ ਨਸ਼ਾ ਕਰਨ ਤੋਂ ਨਾ ਰੋਕਿਆ ਗਿਆ ਤਾਂ ਓਵਰਡੋਜ਼ ਨਾਲ ਉਸ ਦੀ ਜਾਨ ਵੀ ਜਾ ਸਕਦੀ ਹੈ | ਪੁਲਿਸ ਨੇ ਜੋਤੀ ਰਾਣੀ ਦੀ ਸ਼ਿਕਾਇਤ ਦੇ ਆਧਾਰ 'ਤੇ ਉਸ ਦੇ ਪਤੀ ਕਿਰਨ ਕਾਲਰਾ ਪੁੱਤਰ ਮੋਹਨ ਲਾਲ ਨੂੰ ਕਾਬੂ ਕਰਕੇ ਜਦੋਂ ਉਸ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ ਕੋਈ ਇਤਰਾਜਯੋਗ ਵਸਤੂ ਬਰਾਮਦ ਨਹੀਂ ਹੋਈ | ਇਸ ਤੋਂ ਬਾਅਦ ਜਦੋਂ ਪੁਲਿਸ ਵਲੋਂ ਕਿਰਨ ਕਾਲਰਾ ਦਾ ਸਿਵਲ ਹਸਪਤਾਲ ਫੇਜ਼-6 ਮੁਹਾਲੀ ਵਿਖੇ ਡੋਪ ਟੈੱਸਟ ਕਰਵਾਇਆ ਗਿਆ ਤਾਂ ਰਿਪੋਰਟ ਪਾਜ਼ਟਿਵ ਆਉਣ 'ਤੇ ਪੁਲਿਸ ਨੇ ਕਿਰਨ ਕਾਲਰਾ ਖ਼ਿਲਾਫ਼ ਐੱਨ. ਡੀ. ਪੀ. ਐੱਸ. ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ |