ਮੁੱਲਾਂਪੁਰ ਗਰੀਬਦਾਸ, 5 ਨਵੰਬਰ (ਦਿਲਬਰ ਸਿੰਘ ਖੈਰਪੁਰ)-ਹਲਕਾ ਖਰੜ ਤੋਂ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਵਲੋਂ ਪਿੰਡ ਬੜੀ ਕਰੌਰਾਂ ਦੇ ਪਤਵੰਤਿਆਂ ਨਾਲ ਮੀਟਿੰਗ ਕੀਤੀ ਗਈ | ਇਸ ਮੌਕੇ ਪਤਵੰਤਿਆਂ ਨੇ ਪੰਜਾਬ ਸਰਕਾਰ ਪ੍ਰਤੀ ਨਾਰਾਜ਼ਗੀ ਜ਼ਾਹਿਰ ਕਰਦਿਆਂ ਕਿਹਾ ਕਿ ਸਾਡੇ ਪਿੰਡ ਦੀ ਕਿਸੇ ਨੇ ਵੀ ਅੱਜ ਤੱਕ ਸਾਰ ਨਹੀਂ ਲਈ, ਜਦਕਿ ਇਥੇ ਕਾਫ਼ੀ ਅਹਿਮ ਵਿਕਾਸ ਕਾਰਜ ਹੋਣੇ ਬਾਕੀ ਹਨ | ਉਨ੍ਹਾਂ ਕਿਹਾ ਕਿ ਸਾਡੀ ਪਿੰਡ ਦੀ ਸੜਕ ਦਾ ਬੁਰਾ ਹਾਲ ਹੈ ਅਤੇ ਗੰਦੇ ਪਾਣੀ ਦੀ ਨਿਕਾਸੀ/ਸੀਵਰੇਜ ਦਾ ਪ੍ਰਬੰਧ ਵੀ ਦਰੁਸਤ ਨਹੀਂ ਹੈ | ਉਨ੍ਹਾਂ ਕਿਹਾ ਕਿ ਹੁਣ ਤੱਕ ਸਾਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਕੋਈ ਵੀ ਗ੍ਰਾਂਟ ਨਹੀਂ ਮਿਲੀ, ਜਿਸ ਕਾਰਨ ਪੰਚਾਇਤ ਆਪਣੇ ਪੱਧਰ 'ਤੇ ਵਿਕਾਸ ਕਾਰਜ ਕਰਵਾਉਣ ਤੋਂ ਅਸਮਰੱਥ ਹੈ | ਇਸੇ ਦੌਰਾਨ ਸਾਬਕਾ ਮੰਤਰੀ ਕੰਗ ਕਿਹਾ ਕਿ ਖੇਤਰ 'ਚ ਨਾਜਾਇਜ਼ ਕਬਜ਼ੇ ਹੋ ਰਹੇ ਹਨ, ਜਦਕਿ ਲੋਕ ਮੁੱਢਲੀਆਂ ਸਹੂਲਤਾਂ ਨੂੰ ਤਰਸ ਰਹੇ ਹਨ | ਉਨ੍ਹਾਂ ਕਿਹਾ ਕਿ 'ਆਪ' ਸਰਕਾਰ ਤੇ ਨਗਰ ਕੌਂਸਲ ਨਵਾਂਗਰਾਓਾ ਦੀ ਕਾਰਗੁਜ਼ਾਰੀ ਤੋਂ ਸਾਰਾ ਇਲਾਕਾ ਪ੍ਰੇਸ਼ਾਨ ਹੈ ਅਤੇ ਸਰਕਾਰੀ ਦਫ਼ਤਰਾਂ 'ਚ ਭਿ੍ਸ਼ਟਾਚਾਰ ਜ਼ੋਰਾਂ 'ਤੇ ਹੈ | ਉਨ੍ਹਾਂ ਕਿਹਾ ਕਿ ਅਜਿਹੇ ਹਾਲਾਤਾਂ 'ਚ ਲੋਕ ਆਮ ਆਦਮੀ ਪਾਰਟੀ ਨੂੰ ਵੋਟਾਂ ਪਾ ਕੇ ਪਛਤਾ ਰਹੇ ਹਨ | ਉਨ੍ਹਾਂ ਕਿਹਾ ਕਿ ਚੰਡੀਗੜ੍ਹ ਦੇ ਨਾਲ ਲੱਗਦੇ ਕਸਬਾ ਨਵਾਂਗਰਾਓਾ ਦੀ ਆਬਾਦੀ ਜਿੰਨੀ ਤੇਜ਼ੀ ਨਾਲ ਵਧ ਰਹੀ ਹੈ, ਉਸ ਦੇ ਸਨਮੁੱਖ ਮੁੱਢਲੀਆਂ ਸਹੂਲਤਾਂ ਜ਼ੀਰੋ ਹਨ | ਸਾਬਕਾ ਮੰਤਰੀ ਕੰਗ ਅਨੁਸਾਰ ਖੇਤਰ 'ਚ ਨਾਜਾਇਜ਼ ਕਬਜ਼ਿਆਂ, ਮਾਈਨਿੰਗ ਅਤੇ ਭਿ੍ਸ਼ਟਾਚਾਰ ਦੀ ਭਰਮਾਰ ਹੈ ਤੇ ਸਾਰੇ ਪਾਸੇ ਜੰਗਲ ਰਾਜ ਹੈ | ਉਨ੍ਹਾਂ ਕਿਹਾ ਕਿ ਇਨ੍ਹਾਂ ਸਾਰੀਆਂ ਗੱਲਾਂ ਤੋਂ ਦੁਖੀ ਜਨਤਾ ਵਲੋਂ 2027 ਵਿਚ ਸੂਬੇ 'ਚ ਕਾਂਗਰਸ ਦੀ ਸਰਕਾਰ ਲਿਆਉਣ ਦਾ ਮਨ ਬਣਾ ਲਿਆ ਗਿਆ ਹੈ ਅਤੇ ਸਰਕਾਰ ਬਣਨ 'ਤੇ ਉਹ ਪਹਿਲਾਂ ਵਾਂਗ ਅੱਗੇ ਹੋ ਕੇ ਸਾਰੇ ਕੰਮ ਕਰਵਾਉਣਗੇ | ਇਸ ਮੌਕੇ ਅਵਤਾਰ ਸਿੰਘ ਤਾਰੀ, ਸੱਜਣ ਸਿੰਘ, ਨਿਰਮਲ ਸਿੰਘ, ਗੁਰਪਾਲ ਸਿੰਘ, ਦਿਲਬਾਰ ਸਿੰਘ ਸਾਬਕਾ ਸਰਪੰਚ, ਕਰਮ ਸਿੰਘ, ਰਾਜਵਿੰਦਰ ਸਿੰਘ, ਹਿੰਮਤ ਸਿੰਘ ਤੇ ਮੇਜਰ ਸਿੰਘ ਆਦਿ ਹਾਜ਼ਰ ਸਨ |