ਖਰੜ, 19 ਜੁਲਾਈ (ਤਰਸੇਮ ਸਿੰਘ ਜੰਡਪੁਰੀ)-ਖਰੜ ਹਲਕੇ ਦੇ ਲੋਕਾਂ ਨਾਲ ਸਿਆਸੀ ਤੌਰ 'ਤੇ ਫਿਰ ਖਿਲਵਾੜ ਹੋਇਆ ਹੈ, ਜਿਵੇਂ ਕਿ ਪਿਛਲੇ ਕਈ ਸਾਲਾਂ ਤੋਂ ਹੁੰਦਾ ਆ ਰਿਹਾ ਹੈ | ਹਲਕਾ ਵਿਧਾਇਕਾ ਅਨਮੋਲ ਗਗਨ ਮਾਨ ਵਲੋਂ ਫੇਸਬੁੱਕ ਅਕਾਊਾਟ 'ਤੇ ਦਿੱਤੇ ਗਏ ਅਸਤੀਫ਼ੇ ਨੇ ਹਲਕੇ ਵਿਚ ਜਿੱਥੇ ਖਲਬਲੀ ਮਚਾ ਦਿੱਤੀ ਹੈ, ਉੱਥੇ ਹੁਣ ਲੋਕਾਂ ਦੀਆਂ ਨਜ਼ਰਾਂ ਬੀਤੇ ਕੱਲ੍ਹ ਸ਼ੋ੍ਰਮਣੀ ਅਕਾਲੀ ਦਲ ਤੋਂ ਅਸਤੀਫ਼ਾ ਦੇਣ ਵਾਲੇ ਰਣਜੀਤ ਸਿੰਘ ਗਿੱਲ 'ਤੇ ਟਿੱਕੀਆਂ ਹੋਈਆਂ ਹਨ | ਇਸ ਸੰਬੰਧੀ ਅਨਮੋਲ ਗਗਨ ਮਾਨ ਨਾਲ ਫ਼ੋਨ 'ਤੇ ਸੰਪਰਕ ਕਰਨ ਦੀ ਕਾਫ਼ੀ ਕੋਸ਼ਿਸ਼ ਕੀਤੀ ਗਈ, ਪਰ ਉਨ੍ਹਾਂ ਫ਼ੋਨ ਨਹੀਂ ਚੁੱਕਿਆ, ਜਦਕਿ ਉਨ੍ਹਾਂ ਵਲੋਂ ਆਪਣੇ ਫੇਸਬੁੱਕ ਅਕਾਊਾਟ 'ਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨਾਲ ਖਿੱਚਾਈਆਂ ਫੋਟੋਆਂ ਕੁਝ ਹੋਰ ਹੀ ਬਿਆਨ ਕਰ ਰਹੀਆਂ ਸਨ | ਦੱਸਣਯੋਗ ਹੈ ਕਿ ਪਿਛਲੇ ਕਈ ਸਾਲਾਂ ਤੋਂ ਇਹ ਖਰੜ ਹਲਕੇ ਦੀ ਬਦਕਿਸਮਤੀ ਚੱਲੀ ਆ ਰਹੀ ਹੈ ਕਿ ਜੇਕਰ ਸੂਬੇ 'ਚ ਸਰਕਾਰ ਅਕਾਲੀ ਦਲ ਦੀ ਹੁੰਦੀ ਸੀ ਤਾਂ ਵਿਧਾਇਕ ਕਾਂਗਰਸ ਪਾਰਟੀ ਦਾ ਹੁੰਦਾ ਸੀ ਅਤੇ ਜੇਕਰ ਸਰਕਾਰ ਕਾਂਗਰਸ ਦੀ ਹੁੰਦੀ ਸੀ ਤਾਂ ਵਿਧਾਇਕ ਕਿਸੇ ਹੋਰ ਪਾਰਟੀ ਦਾ ਹੁੰਦਾ ਸੀ | ਜਿਵੇਂ ਕਿ 2017 ਵਿਚ ਪੰਜਾਬ ਵਿਚ ਕਾਂਗਰਸ ਪਾਰਟੀ ਦੀ ਸਰਕਾਰ ਬਣੀ ਸੀ, ਪਰ ਖਰੜ ਦੇ ਵਿਧਾਇਕ 'ਆਪ' ਦੇ ਕੰਵਰ ਸੰਧੂ ਸਨ | ਇਸ ਤੋਂ ਬਾਅਦ 2022 ਵਿਚ ਸੂਬੇ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ 'ਤੇ ਖਰੜ ਦੇ ਵਿਧਾਇਕ ਵੀ 'ਆਪ' ਪਾਰਟੀ ਦੇ ਅਨਮੋਲ ਗਗਨ ਮਾਨ ਚੁਣੇ ਗਏ ਸਨ | ਇਸ ਤਰ੍ਹਾਂ 'ਆਪ' ਸਰਕਾਰ ਸਮੇਂ ਖਰੜ ਦੇ ਵਿਧਾਇਕ ਵੀ ਇਸੇ ਪਾਰਟੀ ਨਾਲ ਸੰਬੰਧਤ ਸਨ, ਜਦਕਿ ਐਮ. ਪੀ. ਮਾਲਵਿੰਦਰ ਸਿੰਘ ਕੰਗ ਵੀ 'ਆਪ' ਨਾਲ ਹੀ ਸੰਬੰਧਿਤ ਹਨ | ਪਿਛਲੇ ਸਾਢੇ 3 ਸਾਲਾਂ ਤੋਂ ਵਿਧਾਇਕਾ ਅਨਮੋਲ ਗਗਨ ਮਾਨ ਵਲੋਂ ਇਹ ਵਾਰ ਵਾਰ ਆਖਿਆ ਜਾਂਦਾ ਸੀ ਕਿ ਖਰੜ ਤੇ ਕੁਰਾਲੀ ਆਦਿ ਨਗਰ ਕੌਂਸਲ 'ਤੇ ਦੂਜੀਆਂ ਪਾਰਟੀਆਂ ਦੇ ਪ੍ਰਧਾਨ ਕਾਬਜ਼ ਹਨ, ਪਰ ਉਨ੍ਹਾਂ ਸਰਕਾਰੇ-ਦਰਬਾਰੇ ਪਹੁੰਚ ਕਰਕੇ ਖਰੜ ਨਗਰ ਕੌਂਸਲ ਦਾ ਪ੍ਰਧਾਨ ਆਪਣਾ ਬਣਾ ਲਿਆ ਸੀ | ਇਸ ਤੋਂ ਬਾਅਦ ਖੇਤਰ ਦੇ ਲੋਕਾਂ ਵਲੋਂ ਵਿਕਾਸ ਦੀ ਗਤੀ ਤੇਜ਼ ਹੋਣ ਦੇ ਕਿਆਸ ਲਗਾਏ ਜਾ ਰਹੇ ਸਨ, ਪਰ ਹੁਣ ਹਲਕਾ ਵਿਧਾਇਕਾ ਅਨਮੋਲ ਗਗਨ ਮਾਨ ਦੇ ਅਸਤੀਫ਼ੇ ਨੇ ਖਲਬਲੀ ਮਚਾ ਦਿੱਤੀ ਹੈ | ਇਸ ਤੋਂ ਪਹਿਲਾਂ ਵੀ ਖਰੜ ਹਲਕੇ ਵਿਚ ਵਿਧਾਇਕਾ ਅਨਮੋਲ ਗਗਨ ਮਾਨ ਦੇ ਕਾਰਜਕਾਲ ਮੌਕੇ ਇਨ੍ਹਾਂ ਗੱਲਾਂ ਦਾ ਬਾਜ਼ਾਰ ਗਰਮ ਸੀ ਕਿ ਖਰੜ ਹਲਕੇ ਵਿਚ ਕੋਈ ਨਵਾਂ ਹਲਕਾ ਇੰਚਾਰਜ ਲੱਗ ਸਕਦਾ ਹੈ | ਦੂਜੇ ਪਾਸੇ ਸ਼ੋ੍ਰਮਣੀ ਅਕਾਲੀ ਦਲ ਤੋਂ ਅਸਤੀਫ਼ਾ ਦੇ ਚੁੱਕੇ ਰਣਜੀਤ ਸਿੰਘ ਗਿੱਲ ਬਾਰੇ ਵੀ ਸਿਆਸੀ ਸਫ਼ਾਂ 'ਚ ਕਈ ਤਰ੍ਹਾਂ ਦੀਆਂ ਚਰਚਾਵਾਂ ਚੱਲ ਰਹੀਆਂ ਹਨ, ਪਰ ਹੁਣ ਬਿੱਲੀ ਦੇ ਥੈਲਿਓਾ ਬਾਹਰ ਆਉਣ 'ਤੇ ਹੀ ਸਪੱਸ਼ਟ ਹੋ ਸਕੇਗਾ ਕਿ ਖਰੜ ਦੀ ਸਿਆਸਤ ਕਿਸ ਪਾਸੇ ਕਰਵੱਟ ਲੈਂਦੀ ਹੈ |