ਮੁੱਲਾਂਪੁਰ ਗਰੀਬਦਾਸ, 18 ਜੁਲਾਈ (ਦਿਲਬਰ ਸਿੰਘ ਖੈਰਪੁਰ)-ਹਾਲ ਹੀ 'ਚ ਹੋਈ ਭਾਰੀ ਬਰਸਾਤ ਕਾਰਨ ਪਲਹੇੜੀ-ਰੁੜਕੀ ਖਾਮ ਵਿਖੇ ਬਰਸਾਤੀ ਨਦੀ 'ਤੇ ਬਣਿਆ ਕਾਜ਼ਵੇਅ ਪਾਣੀ ਦੇ ਤੇਜ਼ ਵਹਾਅ 'ਚ ਹੜ੍ਹ ਗਿਆ ਹੈ, ਜਿਸ ਕਾਰਨ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਗਈ ਹੈ | ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਨੇ ਮੌਕੇ ਦਾ ਜਾਇਜ਼ਾ ਲੈਂਦਿਆਂ ਸਰਕਾਰ ਦੀ ਨੁਕਤਾਚੀਨੀ ਕਰਦਿਆਂ ਕਿਹਾ ਕਿ ਭਗਵੰਤ ਮਾਨ ਸਰਕਾਰ ਲੋਕਾਂ ਦੀਆਂ ਮੁਸ਼ਕਿਲਾਂ ਪ੍ਰਤੀ ਅਵੇਸਲੀ ਹੋਈ ਪਈ ਹੈ | ਉਨ੍ਹਾਂ ਨੇੜਲੇ ਪਿੰਡਾਂ ਦੇ ਲੋਕਾਂ ਵਲੋਂ ਆਪਣੀ ਹਿੰਮਤ ਅਤੇ ਸਹਿਯੋਗ ਨਾਲ ਅਸਥਾਈ ਤੌਰ 'ਤੇ ਲਾਂਘਾ ਚਾਲੂ ਕਰਨ ਦੇ ਕਾਰਜ ਦੀ ਸ਼ਲਾਘਾ ਵੀ ਕੀਤੀ | ਉਨ੍ਹਾਂ ਕਿਹਾ ਕਿ ਇਸ ਪੁਲ ਦੇ ਨੁਕਸਾਨ ਕਾਰਨ ਰੋਜ਼ਾਨਾ ਆਉਣ-ਜਾਣ ਵਾਲੇ ਲੋਕਾਂ ਖਾਸ ਕਰਕੇ ਵਿਦਿਆਰਥੀਆਂ ਅਤੇ ਕੰਮ 'ਤੇ ਜਾਣ ਵਾਲੇ ਵਿਅਕਤੀਆਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਐਮਰਜੈਂਸੀ ਸੇਵਾਵਾਂ ਲਈ ਵੀ ਇਹ ਰਸਤਾ ਬੰਦ ਹੋਣ ਕਾਰਨ ਵੱਡੀ ਸਮੱਸਿਆ ਖੜ੍ਹੀ ਹੋ ਗਈ ਹੈ | ਉਨ੍ਹਾਂ ਪੰਜਾਬ ਸਰਕਾਰ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਉਹ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਣ ਅਤੇ ਜਲਦ ਤੋਂ ਜਲਦ ਪਲਹੇੜੀ-ਰੁੜਕੀ ਖਾਮ ਨਦੀ 'ਤੇ ਇਕ ਨਵਾਂ ਅਤੇ ਮਜ਼ਬੂਤ ਪੁਲ ਬਣਾਉਣ ਦਾ ਕੰਮ ਸ਼ੁਰੂ ਕਰਵਾਉਣ ਤਾਂ ਜੋ ਲੋਕਾਂ ਨੂੰ ਆਵਾਜਾਈ ਦੌਰਾਨ ਆ ਰਹੀ ਪ੍ਰੇਸ਼ਾਨੀ ਤੋਂ ਨਿਜ਼ਾਤ ਮਿਲ ਸਕੇ | ਇਸ ਦੇ ਨਾਲ ਹੀ ਉਨ੍ਹਾਂ ਆਵਾਜਾਈ ਨੂੰ ਸੁਚਾਰੂ ਬਣਾਉਣ ਲਈ ਤੁਰੰਤ ਅਸਥਾਈ ਪ੍ਰਬੰਧ ਕਰਨ ਦੀ ਵੀ ਮੰਗ ਕੀਤੀ |