ਭਾਮੀਆਂ ਕਲਾਂ, 8 ਦਸੰਬਰ (ਜਤਿੰਦਰ ਭੰਬੀ)-ਬਹੁਜਨ ਸਮਾਜ ਪਾਰਟੀ ਵਲੋਂ ਬਲਾਕ ਸੰਮਤੀ ਜੋਨ ਭਾਮੀਆਂ ਕਲਾਂ ਤੋਂ ਚੋਣ ਮੈਦਾਨ 'ਚ ਉਤਾਰੇ ਗਏ ਸੇਵਾਮੁਕਤ ਬੈਂਕ ਮੈਨੇਜਰ ਜਗਤਾਰ ਸਿੰਘ ਕੈਂਥ ਨੂੰ ਪਾਰਟੀਬਾਜ਼ੀ ਤੋਂ ਉਪਰ ਉੱਠਕੇ ਸਾਰੇ ਵਰਗਾਂ ਦਾ ਇਕਪਾਸੜ ਸਮਰਥਨ ਮਿਲ ਰਿਹਾ ਹੈ | ਚਕਾਚੌਂਧ ਵਾਲੇ ਚੋਣ ਪ੍ਰਚਾਰ ਤੋਂ ਹੱਟਕੇ ਸਿੱਧਾ ਵੋਟਰਾਂ ਤੱਕ ਪਹੁੰਚ ਕਰਦੇ ਹੋਏ ਜਗਤਾਰ ਸਿੰਘ ਕੈਂਥ ਵਲੋਂ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ | ਉਨ੍ਹਾਂ ਗੱਲਬਾਤ ਕਰਦਿਆਂ ਕਿਹਾ ਕਿ ਕੋਈ ਵੀ ਚੋਣ ਆਮ ਲੋਕਾਂ ਦੀਆਂ ਮੁਸ਼ਕਿਲਾਂ ਅਤੇ ਪ੍ਰੇਸ਼ਾਨੀਆਂ ਦਾ ਹੱਲ ਕਰਨ ਦੇ ਨਾਲ ਹੀ ਉਨ੍ਹਾਂ ਨੂੰ ਮੁੱਢਲੀਆਂ ਸਹੂਲਤਾਂ ਮੁਹੱਈਆ ਕਰਵਾਉਣ ਲਈ ਹੁੰਦੀ ਹੈ | ਇਸ ਲਈ ਉਹ ਵੱਡੀਆਂ ਰੈਲੀਆਂ ਅਤੇ ਵੱਡੀਆਂ ਮੀਟਿੰਗਾਂ ਨੂੰ ਪਾਸੇ ਰੱਖਕੇ ਵੋਟਰ ਨਾਲ ਸਿੱਧਾ ਰਾਬਤਾ ਕਾਇਮ ਕਰਦੇ ਹੋਏ ਜਿਥੇ ਉਨ੍ਹਾਂ ਨੂੰ ਵੋਟ ਪਾ ਕੇ ਕਾਮਯਾਬ ਕਰਨ ਦੀ ਅਪੀਲ ਕਰ ਰਹੇ ਹਨ | ਬਸਪਾ ਉਮੀਦਵਾਰ ਜਗਤਾਰ ਸਿੰਘ ਕੈਂਥ ਨੇ ਕਿਹਾ ਕਿ ਇਸ ਸਾਦੇ ਚੋਣ ਪ੍ਰਚਾਰ ਦੌਰਾਨ ਜਿਸ ਤਰੀਕੇ ਨਾਲ ਉਨ੍ਹਾਂ ਨੂੰ ਆਮ ਲੋਕ ਆਪਣਾ ਸਮਰਥਨ ਦੇ ਰਹੇ ਹਨ, ਉਸ ਨਾਲ ਉਨ੍ਹਾਂ ਨੂੰ ਵਿਅਕਤੀਗਤ ਤੌਰ 'ਤੇ ਵੱਡੀ ਤਾਕਤ ਮਿਲ ਰਹੀ ਹੈ |