ਲੁਧਿਆਣਾ, 20 ਨਵੰਬਰ (ਭੁਪਿੰਦਰ ਸਿੰਘ ਬੈਂਸ)-ਨਗਰ ਨਿਗਮ ਇਕ ਪਾਸੇ ਸ਼ਹਿਰ ਵਿਚ ਸ਼ਹਿਰਵਾਸੀਆਂ ਨੰੂ ਪਾਣੀ ਮੁਹੱਈਆ ਕਰਵਾਉਣ ਲਈ ਨਹਿਰੀ ਜਲ ਸਪਲਾਈ ਪੋ੍ਰਜੈਕਟ ਤਹਿਤ ਨਵੀਆਂ ਯੋਜਨਾਵਾਂ 'ਤੇ ਕੰਮ ਕਰ ਰਿਹਾ ਹੈ, ਪਰ ਦੂਜੇ ਪਾਸੇ ਪਾਣੀ ਨੰੂ ਬਚਾਉਣ ਲਈ ਨਿਗਮ ਖੁਦ ਹੀ ਗੰਭੀਰ ਨਹੀਂ ਦਿੱਖ ਰਿਹਾ | ਇਸਦੀ ਤਾਜ਼ਾ ਮਿਸਾਲ ਜ਼ੋਨ ਸੀ ਦਫ਼ਤਰ ਦੇ ਬਾਹਰ ਬਣਾਈ ਗਈ ਰੇਣ ਵਾਟਰ ਹਾਰਵੈਸਟਿੰਗ ਯੂਨਿਟ ਹੈ, ਜੋ ਹਾਲੇ ਕੁੱਝ ਮਹੀਨੇ ਪਹਿਲਾਂ ਹੀ ਜਲ ਸਰੱਖਣ ਦੇ ਨਾਂਅ 'ਤੇ ਬਣਾਈ ਗਈ ਸੀ | ਨਿਗਮ ਵਲੋਂ ਲਗਭਗ 7-8 ਮਹੀਨੇ ਪਹਿਲਾਂ ਬਣਾਈ ਗਈ, ਇਹ ਯੂਨਿਟ ਇਸ ਵੇਲੇ ਬੁਰੀ ਹਾਲਤ ਵਿਚ ਪਈ ਹੈ, ਜਿੱਥੇ ਇਸ ਬਰਸਾਤੀ ਪਾਣੀ ਹਾਰਵੈਸਟਿੰਗ ਦਾ ਮਕਸਦ ਬਰਸਾਤ ਦਾ ਪਾਣੀ ਇਕੱਠਾ ਕਰਕੇ ਜ਼ਮੀਨ ਦੇ ਪਾਣੀ ਦੇ ਸਰੋਤਾਂ ਨੰੂ ਭਰਨਾ ਸੀ | ਉਥੇ ਹੁਣ ਇਸਦੇ ਕਈ ਹਿੱਸੇ ਟੁੱਟੇ ਹੋਏ ਹਨ | ਨਿਗਮ ਦੀ ਇਹ ਲਾਪਰਵਾਹੀ ਦੇਖ ਕੇ ਇੰਝ ਲੱਗ ਰਿਹਾ ਹੈ ਕਿ ਨਿਗਮ ਪਾਣੀ ਬਚਾਉਣ ਦੀ ਥਾਂ ਤੇ ਕੇਵਲ ਕਾਗ਼ਜ਼ਾਂ ਵਿਚ ਹੀ ਕੰਮ ਕਰ ਰਿਹਾ ਹੈ | ਜ਼ੋਨ ਸੀ. ਦੇ ਉਚ ਅਧਿਕਾਰੀਆਂ ਵੀ ਇਸ ਯੂਨਿਟ ਦੀ ਹਾਲਤ ਵੱਲ ਧਿਆਨ ਨਹੀਂ ਦੇ ਰਹੇ ਹਨ | ਲੋਕਾਂ ਦਾ ਕਹਿਣਾ ਹੈ ਕਿ ਜਦੋਂ ਨਿਗਮ ਆਪ ਹੀ ਪਾਣੀ ਬਚਾਉਣ ਵਾਲੀਆਂ ਯੋਜਨਾਵਾਂ ਦੀ ਸੰਭਾਲ ਨਹੀਂ ਕਰ ਸਕਦਾ ਤਾਂ ਜਲ ਬਚਾਉਣ ਦੇ ਉਸ ਵਲੋਂ ਕੀਤੇ ਦਾਅਵੇ ਖੋਖਲੇ ਜਾਪਦੇ ਹਨ | ਹੁਣ ਸਵਾਲ ਇਹ ਹੈ ਕਿ ਉੱਚ ਅਧਿਕਾਰੀਆਂ ਦੀਆਂ ਅੱਖਾਂ ਇਸ ਬੇਹਾਲ ਰੇਣ ਵਾਟਰ ਹਾਰਵੈਸਟਿੰਗ ਯੂਨਿਟ 'ਤੇ ਖੁੱਲ੍ਹਣਗੀਆਂ ਜਾਂ ਫਿਰ ਇਹ ਵੀ ਹੋਰ ਕਈ ਪੋ੍ਰਜੈਕਟਾਂ ਵਾਂਗ ਕਾਗ਼ਜ਼ੀ ਦਾਅਵਿਆਂ ਦੀ ਹੀ ਹਿੱਸਾ ਬਣ ਕੇ ਰਹਿ ਜਾਵੇਗਾ |