ਲੁਧਿਆਣਾ, 19 ਨਵੰਬਰ (ਪਰਮਿੰਦਰ ਸਿੰਘ ਆਹੂਜਾ)-ਗੁਰਦੁਆਰਾ ਗੁਰ ਗਿਆਨ ਪ੍ਰਕਾਸ਼ ਜਵੱਦੀ ਟਕਸਾਲ ਵਿਖੇ ਅੱਜ ਸ਼ਹੀਦੀ ਸ਼ਤਾਬਦੀ ਦੇ ਸਬੰਧ 'ਚ ਤੀਜਾ ਵਿਸ਼ੇਸ਼ ਸੈਮੀਨਾਰ ਕਰਵਾਇਆ | ਜਿਸ ਵਿਚ ਸੈਮੀਨਾਰ ਦੇ ਬੁਲਾਰੇ ਡਾ. ਸਰਬਜਿੰਦਰ ਸਿੰਘ ਨੇ ਸੰਤ ਬਾਬਾ ਸੁਚਾ ਸਿੰਘ ਵਲੋਂ ਸ਼ਬਦ ਦੇ ਲੰਗਰ ਲਾਉਣ ਦੇ ਮਹੱਤਵ ਨਾਲ ਆਪਣੇ ਵਿਚਾਰਾਂ ਦੀ ਸਾਂਝ ਪਾਉਂਦਿਆਂ ਸਪਸ਼ਟ ਕੀਤਾ ਕਿ ਧਰਮ ਕੇਵਲ ਮੱਥਾ ਟੇਕਣ ਨਾਲ ਹੀ ਸੰਬੰਧਿਤ ਨਹੀਂ ਹੁੰਦਾ, ਧਰਮ ਦਾ ਸਬੰਧ ਵਿਚਾਰਾਂ ਦੀ ਅਦਾਨ ਪ੍ਰਦਾਨ ਅਤੇ ਆਪਣੀ ਵਿਰਾਸਤ ਨੂੰ ਸਾਂਭਣ ਨਾਲ ਵੀ ਹੁੰਦਾ ਹੈ | ਸੈਮੀਨਾਰ ਵਿਚ ਡਾ. ਇੰਦਰਜੀਤ ਸਿੰਘ ਗੋਗੋਆਣੀ ਨੇ ਆਪਣੇ ਬੋਲਾਂ 'ਚ ਰੂਹਾਨੀ ਪੱਖਾਂ ਦੇ ਨਾਲ-ਨਾਲ ਮਨੋਵਿਗਿਆਨਿਕ ਪੱਖਾਂ ਨੂੰ ਵੀ ਫੋਲਿਆ | ਡਾ. ਸਰਬਜੀਤ ਕੌਰ ਸੰਧਾਵਾਲੀਆ ਨੇ ਪ੍ਰਧਾਨਗੀ ਭਾਸ਼ਣ ਵਿਚ ਬੋਲਦਿਆਂ ਕਿਹਾ ਕਿ ਗੁਰੂ ਸਾਹਿਬ ਜੀ ਸਰਬ ਸਾਂਝੇ ਰਹਿਬਰ, ਮਿਹਰ ਦੀ ਮੂਰਤ, ਬਿਰਦ-ਪਾਲਕ, ਸੁਖਦਾਤੇ, ਮਿਠ-ਬੋਲੜੇ, ਨਿਰਛਲ, ਨਿਰਭੈ, ਪੁਰਤੇਜ, ਪਰਨੂਰ ਸ਼ਖਸ਼ੀਅਤ ਦਾ ਸਮੁੱਚਾ ਜੀਵਨ ਅਛੋਹ ਸਿਖਰਾਂ ਦੀ ਕਹਾਣੀ ਹੈ | ਸੈਮੀਨਾਰ ਦੇ ਅੰਤਲੇ ਪਲਾਂ 'ਚ ਸੰਤ ਬਾਬਾ ਅਮੀਰ ਸਿੰਘ ਨੇ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਸਬੰਧੀ ਸਰੋਤਾਂ ਅਤੇ ਸਮਕਾਲੀ ਪਰਿਸਥਿਤੀਆਂ ਦਾ ਮੂਲਾਂਕਣ ਕਰਨ ਵਾਲੇ ਵਿਦਵਾਨਾਂ ਦਾ ਧੰਨਵਾਦ ਕੀਤਾ | ਸੰਤ ਬਾਬਾ ਅਮੀਰ ਸਿੰਘ ਜੀ ਨੇ ਜਵੱਦੀ ਟਕਸਾਲ ਦੇ ਕੇਂਦਰੀ ਅਸਥਾਨ ਗੁਰਦੁਆਰਾ ਗੁਰ ਗਿਆਨ ਪ੍ਰਕਾਸ਼ ਵਿਖੇ 26 ਅਕਤੂਬਰ ਤੋਂ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਹਫਤਾਵਾਰੀ ਸਮਾਗਮ ਆਰੰਭ ਕੀਤੇ ਹੋਏ ਹਨ |