ਢੰਡਾਰੀ ਕਲਾਂ/ਲੁਧਿਆਣਾ, 19 ਨਵੰਬਰ (ਜਸਵੀਰ ਸਿੰਘ ਬੰਗਾ)-ਢੰਡਾਰੀ ਕਲਾਂ ਇਲਾਕੇ 'ਚ ਬੀਤੀ ਰਾਤ ਇਕ ਵਿਅਕਤੀ ਵਲੋਂ ਲੁੱਟ ਦਾ ਵਿਰੋਧ ਕਰਨ ਤੇ ਤਿੰਨ ਹਥਿਆਰਬੰਦ ਨੌਜਵਾਨਾਂ ਨੇ ਫ਼ੈਕਟਰੀ ਅੰਦਰ ਦਾਖ਼ਲ ਹੋ ਕੇ ਦੋ ਸੁਰੱਖਿਆ ਗਾਰਡ ਅਤੇ ਸੁਪਰਵਾਈਜ਼ਰ 'ਤੇ ਜਾਨਲੇਵਾ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਜਾਣਕਾਰੀ ਦਿੰਦਿਆਂ ਸੁਰੱਖਿਆ ਗਾਰਡ ਸ਼ਿਵ ਕੁਮਾਰ ਨੇ ਦੱਸਿਆ ਕਿ ਨੌਜਵਾਨ ਫ਼ੈਕਟਰੀ ਦੇ ਬਾਹਰ ਤੋਂ ਲੰਘ ਰਹੇ ਵਿਅਕਤੀ ਨੂੰ ਲੁੱਟਣ ਦੀ ਫ਼ਿਰਾਕ ਵਿਚ ਸਨ | ਰੌਲ਼ੇ ਦੀ ਆਵਾਜ਼ ਸੁਣ ਕੇ ਉਹ ਬਾਹਰ ਆਇਆ ਅਤੇ ਉਸਨੇ ਵਿਅਕਤੀ ਨੂੰ ਛੁਡਵਾਇਆ | ਇਸੇ ਗੱਲ ਨੂੰ ਲੈ ਕੇ ਉਸਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ | ਸ਼ਿਵ ਕੁਮਾਰ ਨੇ ਦੱਸਿਆ ਕਿ ਜਿਉਂ ਹੀ ਉਹ ਭੱਜ ਕੇ ਫ਼ੈਕਟਰੀ ਦੇ ਗੇਟ ਅੰਦਰ ਦਾਖ਼ਲ ਹੋਇਆ ਤਾਂ ਲੁਟੇਰੇ ਫ਼ੈਕਟਰੀ ਦੇ ਅੰਦਰ ਆ ਗਏ | ਉਨ੍ਹਾਂ ਕੋਲ ਤੇਜ਼ਧਾਰ ਹਥਿਆਰ ਅਤੇ ਲੋਹੇ ਦੀ ਰਾਡ ਸੀ, ਜਿਨ੍ਹਾਂ ਨੇ ਉਸ ਉਪਰ ਅਤੇ ਗਾਰਡ ਗੁਰਮੁਖ, ਸੁਪਰਵਾਈਜ਼ਰ ਅਜੀਤ ਤੇ ਹਮਲਾ ਕਰ ਦਿੱਤਾ, ਜਿਸ ਵਿਚ ਉਹ ਗੰਭੀਰ ਜ਼ਖਮੀ ਹੋ ਗਏ | ਘਟਨਾ ਦੀ ਸੂਚਨਾ ਮਿਲਦੇ ਫ਼ੈਕਟਰੀ ਮਾਲਕ ਤੁਰੰਤ ਮੌਕੇ 'ਤੇ ਪਹੁੰਚੇ ਅਤੇ ਜ਼ਖਮੀਆਂ ਨੂੰ ਹਸਪਤਾਲ ਦਾਖ਼ਲ ਕਰਵਾਇਆ | ਫ਼ੈਕਟਰੀ ਮਾਲਕ ਨੇ ਦੱਸਿਆ ਕਿ ਇਸ ਪੂਰੇ ਮਾਮਲੇ ਦੀ ਜਾਣਕਾਰੀ ਥਾਣਾ ਫੋਕਲ ਪੁਆਇੰਟ ਪੁਲਿਸ ਨੂੰ ਦਿੱਤੀ | ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਇਸ ਵਿਚ ਜਿਹੜੇ ਵੀ ਤੱਥ ਸਾਹਮਣੇ ਆਏ ਉਸਦੇ ਆਧਾਰ 'ਤੇ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ |