ਲੁਧਿਆਣਾ, 19 ਨਵੰਬਰ (ਪਰਮਿੰਦਰ ਸਿੰਘ ਆਹੂਜਾ)-ਗੁਰਦੁਆਰਾ ਨਾਨਕਸਰ ਸਮਰਾਲਾ ਚੌਂਕ ਵਿਖ ੇ ਚੱਲ ਰਹੇ ਸਾਲਾਨਾ ਗੁਰਮਤਿ ਸਮਾਗਮ ਦੇ ਦੂਸਰੇ ਦਿਨ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦੇ ਜੈਕਾਰਿਆਂ ਦੀ ਗੂੰਜ ਵਿਚ ਭਾਰੀ ਅੰਮਿ੍ਤ ਸੰਚਾਰ ਹੋਇਆ | ਸੱਚਖੰਡ ਵਾਸੀ ਬਾਬਾ ਜਸਵੰਤ ਸਿੰਘ ਜੀ ਨਾਨਕਸਰ ਵਾਲਿਆਂ ਦੀ ਪ੍ਰੇਰਨਾ ਸਦਕਾ ਅੱਜ ਵੱਡੀ ਗਿਣਤੀ 'ਚ ਪ੍ਰਵਾਸੀ ਪੰਜਾਬੀਆਂ ਸਮੇਤ ਗੁਰੂ ਦੀਆਂ ਸੰਗਤਾਂ ਨੇ ਅੰਮਿ੍ਤ ਦੀ ਦਾਤ ਪ੍ਰਾਪਤ ਕਰਦਿਆਂ ਇਹ ਸੰਕਲਪ ਲਿਆ ਕਿ ਉਹ ਅੰਮਿ੍ਤ ਦੀ ਮਰਿਯਾਦਾ ਪ੍ਰਤੀ ਪਰਪੱਕ ਰਹਿਣਗੇ ਅਤੇ ਬਾਣੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਦਿਨ ਰਾਤ ਇਕ ਕਰ ਦੇਣਗੇ | ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਬਖਸ਼ੀ ਅੰਮਿ੍ਤ ਦੀ ਦਾਤ ਪ੍ਰਾਪਤ ਕਰਕੇ ਸਜੇ ਸਿੰਘ ਸਿੰਘਣੀਆਂ ਨੂੰ ਸੰਬੋਧਨ ਕਰਦਿਆਂ ਬਾਬਾ ਅਨਹਦਰਾਜ ਸਿੰਘ ਨੇ ਕਿਹਾ ਕਿ ਅੰਮਿ੍ਤ ਸੰਚਾਰ ਦੀ ਲਹਿਰ ਨੂੰ ਅੱਜ ਹੋਰ ਪ੍ਰਚੰਡ ਕਰਨ ਦੀ ਲੋੜ ਹੈ ਕਿਉਂਕਿ ਪੱਛਮੀ ਸਭਿਅਤਾ ਦਾ ਪ੍ਰਭਾਵ ਸਾਡੇ ਸਮਾਜ ਤੇ ਪਿਆ ਸਾਫ ਦੇਖਿਆ ਜਾ ਸਕਦਾ ਹੈ | ਉਨ੍ਹਾਂ ਇਸ ਸਮਾਗਮ ਦੌਰਾਨ ਚੱਲ ਰਹੇ ਦੰਦਾਂ ਦੇ ਚੈਕਅੱਪ ਕੈਂਪ ਦੌਰਾਨ ਦੂਸਰੇ ਦਿਨ ਦੰਦ ਰੋਗਾਂ ਨਾਲ ਸਬੰਧਿਤ ਵੱਖ ਵੱਖ ਬੀਮਾਰੀਆਂ ਦਾ ਇਲਾਜ ਅਤੇ ਨਿਰੀਖਣ ਕਰਵਾਉਣ ਪੁੱਜੇ ਮਰੀਜ਼ਾਂ ਨਾਲ ਗੱਲਬਾਤ ਕਰਦਿਆਂ ਇਹ ਸੱਦਾ ਦਿੱਤਾ ਕਿ ਉਹ ਸਿਹਤਮੰਦ ਸਰੀਰ ਲਈ ਦੰਦਾਂ ਦੀ ਜਰੂਰ ਸੰਭਾਲ ਕਰਨ | ਸ੍ਰੀ ਗੁਰੂ ਅਮਰ ਦਾਸ ਹਸਪਤਾਲ ਅਤੇ ਬੀ.ਜੇ.ਐਸ. ਡੈਂਟਲ ਕਾਲਜ ਤੇ ਹਸਪਤਾਲ ਦੇ ਮਾਹਿਰ ਡਾਕਟਰਾਂ ਵੱਲੋਂ ਸੈਂਕੜਿਆਂ ਦੀ ਤਾਦਾਦ ਵਿਚ ਮਰੀਜਾਂ ਦਾ ਚੈਕਅੱਪ ਕੀਤਾ ਗਿਆ ਅਤੇ ਮੁਫਤ ਦਵਾਈਆਂ ਵੀ ਦਿੱਤੀਆਂ ਗਈਆਂ | ਸਮਾਗਮ ਸਬੰਧੀ ਜਾਣਕਾਰੀ ਦਿੰਦਿਆਂ ਬਾਬਾ ਅਨਹਦਰਾਜ ਸਿੰਘ ਨੇ ਦੱਸਿਆ ਕਿ 20 ਨਵੰਬਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਉਣ ਉਪਰੰਤ ਗੁਰਬਾਣੀ ਕੀਰਤਨ ਅਤੇ ਸੰਤ ਸਮਾਗਮ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਹੋਵੇਗਾ, ਜਿਸ ਵਿਚ ਸੰਤ ਮਹਾਂਪੁਰਖ ਅਤੇ ਪ੍ਰਸਿੱਧ ਰਾਗੀ ਜੱਥੇ ਗੁਰਬਾਣੀ ਕੀਰਤਨ ਅਤੇ ਗੁਰਮਤਿ ਵਿਚਾਰਾਂ ਰਾਹੀ ਸੰਗਤਾਂ ਨੂੰ ਨਿਹਾਲ ਕਰਨਗੇ | ਉਨ੍ਹਾਂ ਦੱਸਿਆ ਕਿ 21 ਨਵੰਬਰ ਦਿਨ ਸ਼ੁੱਕਰਵਾਰ ਨੂੰ ਸ਼ਾਮ 4 ਵਜੇ ਤੋਂ ਸ਼ਨੀਵਾਰ ਸਵੇਰੇ 7 ਵਜੇ ਤੱਕ ਅਲੌਕਿਕ ਕੀਰਤਨ ਦਰਬਾਰ ਅਤੇ ਗੁਰਮਤਿ ਸਮਾਗਮ ਹੋਵੇਗਾ, ਜਿਸ ਵਿਚ ਪੰਥ ਦੇ ਪ੍ਰਸਿੱਧ ਰਾਗੀ ਜੱਥੇ ਗੁਰਬਾਣੀ ਕੀਰਤਨ ਅਤੇ ਗੁਰਮਤਿ ਵਿਚਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ |