ਲੁਧਿਆਣਾ, 7 ਨਵੰਬਰ (ਜਸਵਿੰਦਰ ਸਿੰਘ)- ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਟੀਚਿੰਗ ਵੈਟਰਨਰੀ ਕਲੀਨੀਕਲ ਕੰਪਲੈਕਸ ਵਿਭਾਗ ਨੇ ਆਫ਼ਤਾਂ ਦੌਰਾਨ ਪਸ਼ੂ ਭਲਾਈ ਅਤੇ ਪ੍ਰਬੰਧਨ ਸੰਬੰਧੀ ਪੰਜਾਬ ਹੋਮ ਗਾਰਡਜ਼ ਅਤੇ ਸਿਵਲ ਡਿਫੈਂਸ ਦੇ ਅਧਿਕਾਰੀਆਂ ਲਈ ਇਕ ਪ੍ਰਭਾਵਸ਼ਾਲੀ ਸਿਖਲਾਈ ਸੈਸ਼ਨ ਦਾ ਪ੍ਰਬੰਧ ਕਰਕੇ ਭਾਈਚਾਰਕ ਸ਼ਮੂਲੀਅਤ ਲਈ ਇਕ ਹੋਰ ਉਪਰਾਲਾ ਕੀਤਾ | ਪਸ਼ੂ ਹਸਪਤਾਲ ਦੇ ਨਿਰਦੇਸ਼ਕ ਡਾ. ਜਤਿੰਦਰ ਮਹਿੰਦਰੂ ਦੀ ਅਗਵਾਈ ਹੇਠ ਕਰਵਾਏ ਇਸ ਸਿਖਲਾਈ ਸੈਸ਼ਨ ਦਾ ਉਦੇਸ਼ ਆਪਾਤਕਾਲੀਨ ਸਥਿਤੀਆਂ ਦੌਰਾਨ ਜਾਨਵਰਾਂ ਦੇ ਜੀਵਨ ਤੇ ਜਨਤਕ ਸਿਹਤ ਦੀ ਰੱਖਿਆ ਲਈ ਅੱਗੇ ਹੋ ਕੇ ਸੇਵਾ ਨਿਭਾਉਣ ਵਾਲਿਆਂ ਨੂੰ ਕੌਸ਼ਲ ਦੇਣ 'ਤੇ ਕੇਂਦਰਿਤ ਸੀ | ਡਾ. ਮਹਿੰਦਰੂ ਨੇ ਆਫ਼ਤ ਪ੍ਰਬੰਧਨ ਮਾਹਿਰਾਂ ਵਜੋਂ ਪਸ਼ੂਆਂ ਦੇ ਡਾਕਟਰਾਂ ਦੀ ਮਹੱਤਵਪੂਰਨ ਭੂਮਿਕਾ ਨੂੰ ਉਜਾਗਰ ਕੀਤਾ | ਡਾ. ਜਤਿੰਦਰ ਪਾਲ ਸਿੰਘ ਗਿੱਲ, ਉਪ-ਕੁਲਪਤੀ ਨੇ ਟੀਮ ਦੇ ਯਤਨਾਂ ਦੀ ਸ਼ਲਾਘਾ ਕੀਤੀਅਤੇ ਕਿਹਾ ਕਿ ਵਰਸਿਟੀ ਸਮਾਜ ਦੀ ਭਲਾਈ ਲਈ ਸਮਰਪਿਤ ਹੈ | ਮਾਹਿਰ ਸੈਸ਼ਨ ਦੌਰਾਨ ਡਾ. ਰਣਧੀਰ ਸਿੰਘ ਨੇ ਜਾਨਵਰਾਂ ਦੀ ਸੰਭਾਲ, ਸੰਜਮ ਅਤੇ ਵਿਗਿਆਨਕ ਵਿਧੀ ਨਾਲ ਮਿ੍ਤਕ ਜਾਨਵਰਾਂ ਦੇ ਨਿਪਟਾਰੇ ਦੀਆਂ ਤਕਨੀਕਾਂ 'ਤੇ ਜਾਣਕਾਰੀ ਦਿੱਤੀ | ਡਾ. ਗੁਰਪ੍ਰੀਤ ਸਿੰਘ ਨੇ ਪ੍ਰਤੀਭਾਗੀਆਂ ਨੂੰ ਪਸ਼ੂਆਂ ਤੋਂ ਮਨੁੱਖਾਂ ਨੂੰ ਹੋਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ, ਜਾਨਵਰਾਂ ਦੀ ਸੁਰੱਖਿਅਤ ਨਿਕਾਸੀ ਤੇ ਆਫ਼ਤਾਂ ਦੌਰਾਨ ਗੰਦਗੀ ਤੋਂ ਰੱਖਿਆ ਬਾਰੇ ਜਾਗਰੂਕ ਕੀਤਾ | ਸਿਖਲਾਈ ਵਿਚ ਜ਼ਿਲ੍ਹਾ ਕਮਾਂਡਰ ਰਛਪਾਲ ਸਿੰਘ ਦੇ ਨਾਲ-ਨਾਲ ਕੰਪਨੀ ਕਮਾਂਡਰਾਂ ਅਤੇ ਪਲਟੂਨ ਕਮਾਂਡਰਾਂ ਸਮੇਤ 28 ਅਧਿਕਾਰੀਆਂ ਨੇ ਸਰਗਰਮ ਸ਼ਮੂਲੀਅਤ ਕੀਤੀ | ਉਨ੍ਹਾਂ ਨੇ ਆਫ਼ਤ ਦੀ ਤਿਆਰੀ ਲਈ ਵਿਗਿਆਨਕ ਗਿਆਨ ਪ੍ਰਦਾਨ ਕਰਨ ਲਈ ਯੂਨੀਵਰਸਿਟੀ ਦੇ ਯਤਨਾਂ ਦੀ ਸ਼ਲਾਘਾ ਕੀਤੀ | ਡਾ. ਸਵਰਨ ਸਿੰਘ ਰੰਧਾਵਾ, ਡੀਨ, ਕਾਲਜ ਆਫ਼ ਵੈਟਰਨਰੀ ਸਾਇੰਸ ਨੇ ਵੀ ਟੀਮ ਦੀ ਪ੍ਰਸੰਸਾ ਕੀਤੀ |