ਲੁਧਿਆਣਾ, 7 ਨਵੰਬਰ (ਭੁਪਿੰਦਰ ਸਿੰਘ ਬੈਂਸ)-ਨਗਰ ਨਿਗਮ ਅਧੀਨ ਆਉਂਦਾ ਵਾਰਡ ਨੰਬਰ 60 ਇਸ ਸਮੇਂ ਕੂੜੇ ਦੇ ਢੇਰਾਂ ਕਾਰਨ ਗੰਦਗੀ ਦਾ ਅੱਡਾ ਬਣ ਚੁੱਕਾ ਹੈ | ਇਲਾਕੇ ਦੀਆਂ ਸੜਕਾਂ, ਪਾਰਕਾਂ ਤੇ ਖਾਲੀ ਪਲਾਟਾਂ 'ਚ ਕਈ ਦਿਨਾਂ ਤੋਂ ਕੂੜਾ ਪਿਆ ਹੋਇਆ ਹੈ, ਪਰ ਨਗਰ ਨਿਗਮ ਵਲੋਂ ਇਸ ਦੀ ਲਿਫਟਿੰਗ ਨਹੀਂ ਕੀਤੀ ਜਾ ਰਹੀ ਹੈ | ਇਸ ਕਾਰਨ ਵਾਰਡ ਨਿਵਾਸੀਆਂ ਵਿਚ ਨਿਗਮ ਪ੍ਰਸ਼ਾਸਨ ਪ੍ਰਤੀ ਗੰਭੀਰ ਰੋਸ ਪਾਇਆ ਜਾ ਰਿਹਾ ਹੈ | ਸਥਾਨਕ ਨਿਵਾਸੀਆਂ ਨੇ ਦੱਸਿਆ ਕਿ ਕੂੜੇ ਤੋਂ ਆ ਰਹੀ ਬਦਬੂ ਤੇ ਮੱਖੀਆਂ ਮੱਛਰਾਂ ਦੀ ਭਰਮਾਰ ਨਾਲ ਇਲਾਕੇ ਦਾ ਜੀਵਨ ਦੁਸ਼ਵਾਰ ਹੋ ਗਿਆ ਹੈ | ਲੋਕਾਂ ਦਾ ਕਹਿਣਾ ਹੈ ਕਿ ਜਿੱਥੇ ਨਗਰ ਨਿਗਮ ਸਫ਼ਾਈ ਤੇ ਸਿਹਤ ਸੰਬੰਧੀ ਜਾਗਰੂਕਤਾ ਮੁਹਿੰਮ ਚਲਾ ਰਿਹਾ ਹੈ, ਉਥੇ ਹੀ ਉਸ ਦੇ ਕਰਮਚਾਰੀ ਆਪਣਾ ਫਰਜ਼ ਨਿਭਾਉਣ 'ਚ ਅਸਫਲ ਸਾਬਤ ਹੋ ਰਹੇ ਹਨ | ਇਲਾਕੇ ਦੇ ਨਿਵਾਸੀਆਂ ਨੇ ਦੋਸ਼ ਲਗਾਇਆ ਕਿ ਸ਼ਿਕਾਇਤਾਂ ਕਰਨ ਦੇ ਬਾਵਜੂਦ ਵੀ ਨਿਗਮ ਅਧਿਕਾਰੀਆਂ ਵਲੋਂ ਕੋਈ ਕਾਰਵਾਈ ਨਹੀਂ ਹੋ ਰਹੀ ਹੈ | ਇਲਾਕਾ ਨਿਵਾਸੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਜਲਦੀ ਕੂੜਾ ਨਾ ਹਟਾਇਆ ਗਿਆ ਤਾਂ ਉਹ ਪ੍ਰਸ਼ਾਸਨ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਕਰਨਗੇ | ਨਿਵਾਸੀਆਂ ਨੇ ਨਿਗਮ ਕਮਿਸ਼ਨਰ ਤੋਂ ਮੰਗ ਕੀਤੀ ਹੈ ਕਿ ਤੁਰੰਤ ਵਿਸ਼ੇਸ਼ ਸਫ਼ਾਈ ਮੁਹਿੰਮ ਚਲਾਕੇ ਵਾਰਡ ਦੀ ਸਫ਼ਾਈ ਕਰਨ ਦੇ ਨਾਲ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ |