ਲੁਧਿਆਣਾ, 21 ਜੁਲਾਈ (ਡਾ. ਤਰਲੋਚਨ ਸਿੰਘ)-ਦਿਆਨੰਦ ਮੈਡੀਕਲ ਕਾਲਜ ਤੇ ਹਸਪਤਾਲ ਲੁਧਿਆਣਾ ਨੇ ਅੰਗ ਦਾਨ ਅਤੇ ਟਰਾਂਸਪਲਾਂਟ ਦੇ ਖੇਤਰ ਵਿਚ ਅੱਜ ਇਕ ਵੱਡੀ ਉਪਲਬਧੀ ਹਾਸਲ ਕੀਤੀ | ਲੁਧਿਆਣਾ ਦੇ ਇਕ 54 ਸਾਲਾ ਪੁਰਸ਼ ਮਰੀਜ਼, ਜਿਸ ਨੂੰ ਹਾਈ ਬਲੱਡ ਪ੍ਰੈਸ਼ਰ ਦੀ ਪੁਰਾਣੀ ਬਿਮਾਰੀ ਸੀ, ਨੂੰ ਭਾਰੀ ਦਿਮਾਗ਼ੀ ਹੈਮਰੇਜ ਤੋਂ ਬਾਅਦ ਇਸ ਹਸਪਤਾਲ 'ਚ ਦਾਖਲ ਕਰਵਾਇਆ ਗਿਆ | ਮਰੀਜ਼ ਨੂੰ ਡਾਕਟਰਾਂ ਨੇ ਬ੍ਰੇਨ ਡੈਡ ਘੋਸ਼ਿਤ ਕੀਤਾ | ਹਸਪਤਾਲ ਦੀ ਟੀਮ ਨੇ ਪਰਿਵਾਰ ਨਾਲ ਸੰਜੀਦਗੀ ਨਾਲ ਗੱਲ ਕਰਕੇ ਦੱਸਿਆ ਕਿ ਇਕ ਅੰਗ ਦਾਤਾ ਆਪਣੇ ਅੰਗਾਂ ਰਾਹੀਂ 8 ਲੋਕਾਂ ਦੀ ਜਾਨ ਬਚਾ ਸਕਦਾ ਹੈ | ਮਰੀਜ਼ ਦੇ ਪਰਿਵਾਰ ਨੇ ਦੁੱਖ ਦੀ ਘੜੀ 'ਚ ਹੌਸਲਾ ਅਤੇ ਦਿਲਦਾਰੀ ਦਿਖਾਉਂਦਿਆਂ ਅੰਗਦਾਨ ਲਈ ਆਪਣੀ ਸਹਿਮਤੀ ਦਿੱਤੀ | ਡਾ.ਪੀ.ਐਲ. ਗੌਤਮ ਦੀ ਅਗਵਾਈ ਹੇਠ ਹਸਪਤਾਲ ਦੀ ਟੀਮ ਨੇ ਮਰੀਜ਼ ਤੋਂ ਲਿਵਰ, ਦੋਵੇਂ ਕਿਡਨੀਆਂ ਅਤੇ ਅੱਖਾਂ ਦੇ ਕਾਰਨੀਆ ਸਫਲਤਾਪੂਰਵਕ ਪ੍ਰਾਪਤ ਕੀਤੇ | ਲਿਵਰ ਨੂੰ ਸਿਰਸਾ ਦੇ 32 ਸਾਲਾ ਨੌਜਵਾਨ ਮਰੀਜ਼ ਵਿਚ ਟਰਾਂਸਪਲਾਂਟ ਕੀਤਾ ਗਿਆ, ਜੋ ਲੰਬੇ ਸਮੇਂ ਤੋਂ ਬਿਮਾਰ ਸੀ | ਇਹ ਟਰਾਂਸਪਲਾਂਟ ਡਾ. ਗੁਰਸਾਗਰ ਸਿੰਘ ਸਹੋਤਾ, ਚੀਫ਼ ਲਿਵਰ ਟਰਾਂਸਪਲਾਂਟ ਸਰਜਨ ਦੀ ਅਗਵਾਈ ਹੇਠ ਹਸਪਤਾਲ ਦੀ ਲਿਵਰ ਟੀਮ ਨੇ ਕੀਤਾ | ਅੱਖਾਂ ਦੇ ਕਾਰਨੀਆ ਨੂੰ ਡਾ. ਗੁਰਵਿੰਦਰ ਕੌਰ, ਪ੍ਰੋਫੈਸਰ ਅਤੇ ਮੁਖੀ ਦੀ ਅਗਵਾਈ ਵਿਚ ਨੇਤਰ ਵਿਭਾਗ ਨੇ ਸਫਲਤਾਪੂਰਵਕ ਲਗਾਇਆ | ਦੋਵਾਂ ਕਿਡਨੀਆਂ ਨੂੰ ਗ੍ਰੀਨ ਕੋਰੀਡੋਰ ਰਾਹੀਂ ਦੂਜੇ ਹਸਪਤਾਲ ਭੇਜਿਆ ਗਿਆ ਤਾਂ ਜੋ ਹੋਰ ਜ਼ਿੰਦਗੀਆਂ ਬਚਾਈਆਂ ਜਾ ਸਕਣ | ਇਸ ਮੌਕੇ ਹਸਪਤਾਲ ਪ੍ਰਬੰਧਨ ਸੰਮਤੀ ਦੇ ਸਕੱਤਰ ਬਿਪਿਨ ਗੁਪਤਾ ਨੇ ਅੰਗਦਾਤਾ ਪਰਿਵਾਰ ਦਾ ਧੰਨਵਾਦ ਕੀਤਾ | ਪਿ੍ੰਸੀਪਲ ਡਾ. ਜੀ.ਐਸ. ਵਾਂਡਰ ਅਤੇ ਮੈਡੀਕਲ ਸੁਪਰਡੈਂਟ ਡਾ. ਸੰਦੀਪ ਸ਼ਰਮਾ ਨੇ ਡਾਕਟਰੀ ਟੀਮ ਨੂੰ ਮੁਬਾਰਕਬਾਦ ਦਿੱਤੀ ਅਤੇ ਹਸਪਤਾਲ ਦੀ ਆਧੁਨਿਕ ਤਿਆਰੀਆਂ ਦੀ ਵੀ ਸ਼ਲਾਘਾ ਕੀਤੀ |