ਲਾਡੋਵਾਲ, 20 ਜੁਲਾਈ (ਬਲਬੀਰ ਸਿੰਘ ਰਾਣਾ)-ਪੰਜਾਬ ਵਿਧਾਨ ਸਭਾ ਦੇ ਚੱਲਦੇ ਸੈਸ਼ਨ ਵਿਚ ਕਾਂਗਰਸੀ ਵਿਧਾਇਕ ਜੂਨੀਅਰ ਹੈਨਰੀ ਵਲੋਂ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਵਿਰੁੱਧ ਅਪਮਾਨਜਨਕ ਟਿੱਪਣੀਆਂ ਕਰਨ ਦੀ ਸਖ਼ਤ ਨਿੰਦਾ ਕਰਦਿਆਂ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਜਨਰਲ ਸੈਕਟਰੀ ਅਤੇ ਲੁਧਿਆਣਾ ਜ਼ੋਨ ਦੇ ਇੰਚਾਰਜ ਬਲਵਿੰਦਰ ਬਿੱਟਾ ਨੇ ਇਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵਿਧਾਨ ਸਭਾ ਵਰਗਾ ਸੰਵਿਧਾਨਿਕ ਮੰਚ, ਜੋ ਸਮਾਜਿਕ ਨਿਆਂ ਅਤੇ ਸਮਾਨਤਾ ਦੀ ਰਾਖੀ ਦਾ ਪ੍ਰਤੀਕ ਹੈ, ਵਿਚ ਬੀਤੇ ਦਿਨੀਂ ਵਿਧਾਇਕ ਹੈਨਰੀ ਵਲੋਂ ਭੱਦੀ ਸ਼ਬਦਾਵਲੀ ਦੀ ਵਰਤੋਂ ਕਰਕੇ ਨਾ ਸਿਰਫ਼ ਐਸ.ਸੀ. ਸਮਾਜ ਦਾ ਅਪਮਾਨ ਕੀਤਾ ਹੈ, ਸਗੋਂ ਬਾਬਾ ਸਾਹਿਬ ਡਾ. ਅੰਬੇਡਕਰ ਦੀ ਵਿਚਾਰਧਾਰਾ ਅਤੇ ਸੰਵਿਧਾਨਿਕ ਮੁੱਲਾਂ 'ਤੇ ਸਿੱਧੇ ਤੌਰ 'ਤੇ ਹਮਲਾ ਕੀਤਾ ਗਿਆ ਹੈ, ਜਿਸ ਕਰਕੇ ਅਪਮਾਨਜਨਕ ਸ਼ਬਦ ਬੋਲਣ 'ਤੇ ਵਿਧਾਇਕ ਹੈਨਰੀ ਵਿਧਾਇਕ ਗਿਆਸਪੁਰਾ ਅਤੇ ਸਮੁੱਚੇ ਐਸ.ਸੀ. ਸਮਾਜ ਤੋਂ ਜਨਤਕ ਤੌਰ 'ਤੇ ਮੁਆਫ਼ੀ ਮੰਗਣ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ 'ਆਪ' ਸਰਕਾਰ ਅਤੇ ਪੰਜਾਬ ਅਨੁਸੂਚਿਤ ਜਾਤੀ ਕਮਿਸ਼ਨ ਦੀ ਇਸ ਗੰਭੀਰ ਮਾਮਲੇ 'ਤੇ ਚੁੱਪੀ ਧਾਰਨ ਕਰਨਾ ਵੀ ਸਵਾਲ ਤੇ ਸਵਾਲ ਖੜੇ ਕਰ ਰਹੀ ਹੈ | ਮਾਨ ਸਰਕਾਰ, ਜੋ ਅਕਸਰ ਬਾਬਾ ਸਾਹਿਬ ਡਾ. ਅੰਬੇਡਕਰ ਦੀ ਵਿਚਾਰਧਾਰਾ ਅਤੇ ਐਸ.ਸੀ. ਸਮਾਜ ਦੇ ਸਨਮਾਨ ਦੀ ਵਕਾਲਤ ਕਰਦੀ ਹੈ, ਨੇ ਵੀ ਇਸ ਮੁੱਦੇ 'ਤੇ ਕੋਈ ਠੋਸ ਕਾਰਵਾਈ ਨਹੀਂ ਕੀਤੀ, ਜਿਸ ਕਰਕੇ ਸਮਾਜ ਦੇ ਲੋਕਾਂ ਵਿਚ ਰੋਸ ਪਾਇਆ ਜਾ ਰਿਹਾ ਹੈ | ਬਿੱਟਾ ਨੇ ਪੰਜਾਬ ਐਸ.ਸੀ. ਕਮਿਸ਼ਨ ਦੇ ਚੇਅਰਮੈਨ ਤੋਂ ਮੰਗ ਕਰਦਿਆਂ ਕਿਹਾ ਕਿ ਸੰਸਥਾ ਦੀ ਸਥਾਪਨਾ ਹੀ ਐਸ.ਸੀ. ਸਮਾਜ ਦੇ ਹੱਕਾਂ ਦੀ ਸੁਰੱਖਿਆ ਲਈ ਕੀਤੀ ਗਈ ਹੈ, ਸੋ ਇਸ ਮਾਮਲੇ 'ਤੇ ਤੁਰੰਤ ਗੌਰ ਕਰਕੇ ਵਿਧਾਇਕ ਹੈਨਰੀ ਵਿਰੁੱਧ ਸਖ਼ਤ ਕਾਰਵਾਈ ਕਰਕੇ ਸਮਾਜ ਦੇ ਲੋਕਾਂ ਨੂੰ ਇਨਸਾਫ਼ ਦਵਾਇਆ ਜਾਵੇ | ਇਸ ਮੌਕੇ ਜੀਤ ਬਸਰਾ ਜ਼ਿਲ੍ਹਾ ਇੰਚਾਰਜ ਬਸਪਾ, ਰਾਜਿੰਦਰ ਨਿੱਕਾ, ਨਰੇਸ਼ ਬਸਰਾ, ਪਰਵੀਨ ਬੰਸਲ, ਇੰਦਰੇਸ਼ ਤੋਮਰ, ਪਰਗਣ ਬਿਲਗਾ ਅਤੇ ਸੁਰੇਸ਼ ਸੋਨੂ ਆਦਿ ਵੀ ਹਾਜ਼ਰ ਸਨ |