ਲੁਧਿਆਣਾ, 20 ਜੁਲਾਈ (ਭੁਪਿੰਦਰ ਸਿੰਘ ਬੈਂਸ)-ਸ਼ਹਿਰ ਵਿਚ ਕੂੜਾ ਪ੍ਰਬੰਧਨ 'ਚ ਸੁਧਾਰ ਲਈ ਚੁੱਕੇ ਗਏ ਵੱਡੇ ਕਦਮਾਂ ਨੂੰ ਉਜਾਗਰ ਕਰਦੇ ਹੋਏ, ਜਿਸ ਵਿਚ ਵਿਰਾਸਤੀ/ਲੈਗੇਸੀ ਕੂੜੇ ਦੀ ਬਾਇਓ-ਰੀਮੀਡੀਏਸ਼ਨ, ਸਟੈਟਿਕ ਕੰਪੈਕਟਰਾਂ ਦੀ ਸਥਾਪਨਾ ਆਦਿ ਸ਼ਾਮਿਲ ਹਨ, ਮੇਅਰ ਪਿ੍ੰਸੀਪਲ ਇੰਦਰਜੀਤ ਕੌਰ ਨੇ ਕਿਹਾ ਕਿ ਅਗਲੇ ਸਾਲ ਸਵੱਛ ਸਰਵੇਖਣ ਰੈਂਕਿੰਗ/ਦਰਜਾਬੰਦੀ ਵਿਚ ਕਾਫ਼ੀ ਸੁਧਾਰ ਹੋਵੇਗਾ | ਇਸ ਸਬੰਧ 'ਚ ਰੋਜ਼ ਗਾਰਡਨ ਨੇੜੇ ਮੇਅਰ ਕੈਂਪ ਦਫ਼ਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮੇਅਰ ਪਿ੍ੰਸੀਪਲ ਇੰਦਰਜੀਤ ਕੌਰ ਨੇ ਕਿਹਾ ਕਿ ਸਾਲ 2024-25 ਲਈ ਕਰਵਾਏ ਗਏ ਸਵੱਛ ਸਰਵੇਖਣ ਵਿਚ ਸ਼ਹਿਰ ਨੇ 39ਵਾਂ ਰੈਂਕ (10 ਲੱਖ ਤੋਂ ਵੱਧ ਆਬਾਦੀ ਵਾਲੇ ਸ਼ਹਿਰਾਂ ਵਿਚੋਂ) ਪ੍ਰਾਪਤ ਕੀਤਾ ਹੈ, ਪਰ ਸਰਵੇਖਣ ਅਧੀਨ ਕੀਤੇ ਗਏ ਨਿਰੀਖਣ ਤੋਂ ਬਾਅਦ ਬਹੁਤ ਸਾਰੀਆਂ ਚੀਜ਼ਾਂ ਪਹਿਲਾਂ ਹੀ ਬਦਲ ਗਈਆਂ ਹਨ ਅਤੇ ਆਉਣ ਵਾਲੇ ਸਮੇਂ ਵਿਚ ਵਸਨੀਕ ਇਕ ਵੱਡੀ ਸਕਾਰਾਤਮਿਕ ਤਬਦੀਲੀ ਦੇਖਣਗੇ | ਸਵੱਛ ਸਰਵੇਖਣ 2024-25 ਦੇ ਤਹਿਤ ਨਗਰ ਨਿਗਮ ਲੁਧਿਆਣਾ ਨੇ ਰਿਹਾਇਸ਼ੀ ਇਲਾਕਿਆਂ ਦੀ ਸਫ਼ਾਈ ਦੇ ਮਾਮਲੇ ਵਿਚ 97 ਫ਼ੀਸਦੀ, ਘਰ-ਘਰ ਕੂੜਾ ਇਕੱਠਾ ਕਰਨ ਦੇ ਮਾਮਲੇ ਵਿਚ 89 ਫ਼ੀਸਦੀ ਅਤੇ ਬਾਜ਼ਾਰਾਂ ਵਿਚ ਸਫ਼ਾਈ ਲਈ 93 ਫ਼ੀਸਦੀ ਸਕੋਰ ਕੀਤਾ | ਇਸੇ ਤਰ੍ਹਾਂ ਸ਼ਹਿਰ ਨੇ ਜਨਤਕ ਪਖਾਨਿਆਂ ਦੀ ਸਫ਼ਾਈ ਲਈ 53 ਫ਼ੀਸਦੀ ਅਤੇ ਜਲ ਸਰੋਤਾਂ ਦੀ ਸਫ਼ਾਈ ਲਈ 50 ਫ਼ੀਸਦੀ ਸਕੋਰ ਕੀਤਾ ਹੈ | ਮੇਅਰ ਇੰਦਰਜੀਤ ਕੌਰ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਘਰ-ਘਰ ਕੂੜਾ ਇਕੱਠਾ ਕਰਨ, ਗਿੱਲੇ ਅਤੇ ਸੁੱਕੇ ਕੂੜੇ ਨੂੰ ਅਲੱਗ ਕਰਨ ਅਤੇ ਸ਼ਹਿਰ ਭਰ 'ਚ ਸਫ਼ਾਈ ਵਿਚ ਹੋਰ ਸੁਧਾਰ ਹੋਵੇਗਾ, ਕਿਉਂਕਿ ਜ਼ਮੀਨੀ ਪੱਧਰ 'ਤੇ ਬਹੁਤ ਸਾਰੇ ਪ੍ਰੋਜੈਕਟ ਲਾਗੂ ਕੀਤੇ ਜਾ ਰਹੇ ਹਨ | ਵਿਰਾਸਤੀ/ਲੈਗੇਸੀ ਕੂੜੇ ਦੀ ਬਾਇਓ-ਰੀਮੀਡੀਏਸ਼ਨ ਦਾ ਪ੍ਰੋਜੈਕਟ ਪਹਿਲਾਂ ਹੀ ਤੇਜ਼ ਰਫ਼ਤਾਰ ਨਾਲ ਚੱਲ ਰਿਹਾ ਹੈ ਅਤੇ ਤਾਜਪੁਰ ਰੋਡ 'ਤੇ ਨਗਰ ਨਿਗਮ ਦੇ ਮੁੱਖ ਡੰਪ ਸਾਈਟ 'ਤੇ ਕੂੜੇ ਦੇ ਢੇਰ ਜਲਦੀ ਹੀ ਬੀਤੇ ਦਿਨਾਂ ਦੀ ਗੱਲ ਹੋ ਜਾਣਗੇ | ਉਨ੍ਹਾਂ ਕਿਹਾ ਕਿ ਨਗਰ ਨਿਗਮ ਦੇ ਮੁੱਖ ਡੰਪ ਸਾਈਟ 'ਤੇ ਲਗਭਗ 9 ਏਕੜ ਜ਼ਮੀਨ ਨੂੰ ਕੂੜੇ ਤੋਂ ਮੁਕਤ ਕਰ ਦਿੱਤਾ ਗਿਆ ਹੈ | ਇਸ ਮੌਕੇ ਵਧੀਕ ਕਮਿਸ਼ਨਰ ਪਰਮਦੀਪ ਸਿੰਘ ਖੈਹਿਰਾ ਵੀ ਮੌਜੂਦ ਸਨ |